ਯੂਕਰੇਨ ’ਚ ਪਿੱਛੇ ਹਟ ਰਹੀ ਰੂਸੀ ਫ਼ੌਜ

ਕੀਵ – ਯੂਕਰੇਨ ’ਚ ਕਬਜ਼ੇ ’ਚ ਲਏ ਗਏ ਟਿਕਾਣਿਆਂ ਨੂੰ ਛੱਡ ਕੇ ਰੂਸੀ ਫ਼ੌਜ ਪਿੱਛੇ ਹਟਣੀ ਸ਼ੁਰੂ ਹੋ ਗਈ ਹੈ। ਇਸ ਦਾ ਸਿੱਧਾ ਲਾਹਾ ਯੂਕਰੇਨ ਦੀ ਫੌਜ ਨੂੰ ਮਿਲ ਰਿਹਾ ਹੈ, ਜੋ ਤੇਜ਼ੀ ਨਾਲ ਅੱਗੇ ਵਧਦੀ ਹੋਈ ਆਪਣੇ ਖੇਤਰਾਂ ’ਤੇ ਦੁਬਾਰਾ ਕਬਜ਼ਾ ਕਰ ਰਹੀ ਹੈ। ਬੀਤੇ 24 ਘੰਟਿਆਂ ’ਚ ਯੂਕਰੇਨੀ ਫੌਜ ਨੇ ਅਜਿਹੇ 20 ਤੋਂ ਵੱਧ ਟਿਕਾਣਿਆਂ ’ਤੇ ਮੁੜ ਕਬਜ਼ਾ ਕੀਤਾ ਹੈ, ਜਦਕਿ ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਫੌਜ ਨੇ ਬੀਤੇ ਦੋ ਦਿਨਾਂ ਖਾਰਕੀਵ ਦੇ ਆਸਪਾਸ ਦੇ 30 ਕਸਬਿਆਂ ਤੇ ਪਿੰਡਾਂ ਨੂੰ ਕਬਜ਼ੇ ’ਚ ਲੈ ਲਿਆ ਹੈ। ਕਈ ਥਾਵਾਂ ’ਤੇ ਰੂਸੀ ਫੌਜੀ ਆਪਣੇ ਭਾਰੇ ਹਥਿਆਰ ਛੱਡ ਕੇ ਚਲੇ ਗਏ ਹਨ, ਜੋ ਹੁਣ ਯੂਕਰੇਨੀ ਫੌਜ ਨੇ ਆਪਣੇ ਕਬਜ਼ੇ ’ਚ ਲੈ ਲਏ ਹਨ। ਇਸ ਨਾਲ ਉਤਸ਼ਾਹਿਤ ਹੋ ਕੇ ਯੂਕਰੇਨੀ ਨਾਗਰਿਕ ਹੁਣ ਆਪਣੇ ਪਿੰਡਾਂ ਤੇ ਕਸਬਿਆਂ ’ਚ ਪਰਤ ਰਹੇ ਹਨ।

ਯੂਕਰੇਨੀ ਫੌਜ ਦੇ ਕਬਜ਼ੇ ’ਚ ਆਇਆ ਇਜ਼ੀਊਮ ਉੱਤਰ-ਪੂਰਬੀ ਯੂਕਰੇਨ ’ਚ ਰੂਸੀ ਫੌਜ ਦਾ ਸਭ ਤੋਂ ਵੱਡਾ ਗੜ੍ਹ ਸੀ। ਯੂਕਰੇਨੀ ਸ਼ਹਿਰ ਇਜ਼ਿਊਮ ’ਤੇ ਕਬਜ਼ਾ ਕਰਨ ਤੋਂ ਬਾਅਦ ਰੂਸੀ ਫੌਜ ਨੇ ਉਥੇ ਖੇਤਰ ਲਈ ਆਪਣਾ ਰਸਦ ਭੰਡਾਰ ਬਣਾ ਲਿਆ ਸੀ। ਘਰਾਂ ਨੂੰ ਪਰਤ ਰਹੇ ਲੋਕਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਨ੍ਹਾਂ ਦੇ ਚੰਗੇ ਦਿਨ ਮੁੜ ਪਰਤ ਰਹੇ ਹਨ। 76 ਸਾਲਾਂ ਦੀ ਅੰਗਰੇਜ਼ੀ ਅਧਿਆਪਕਾ ਜ਼ੋਇਆ ਖਾਰਕੀਵ ਦੇ ਨੇੜੇ ਆਪਣੇ ਪਿੰਡ ਜ਼ੋਲੋਚਿਵ ’ਚ ਪਰਤ ਆਈ ਹੈ। ਉਨ੍ਹਾਂ ਦਾ ਪਿੰਡ ਰੂਸ ਸਰਹੱਦ ਤੋਂ ਸਿਰਫ 18 ਕਿਲੋਮੀਟਰ ਦੂਰ ਹੈ। ਉਨ੍ਹਾਂ ਦੇ ਖੁਸ਼ੀ ਦੇ ਹੰਝੂ ਰੁਕ ਨਹੀਂ ਰਹੇ ਸਨ। ਕਈ ਮਹੀਨੇ ਸ਼ਰਨਾਰਥੀ ਕੈਂਪ ’ਚ ਬਿਤਾ ਕੇ ਪਰਤੀ ਜ਼ੋਇਆ ਨੂੰ ਉਮੀਦ ਨਹੀਂ ਸੀ ਕਿ ਉਹ ਕਦੀ ਵਾਪਸ ਆਪਣੇ ਘਰ ਪਰਤ ਸਕੇਗੀ। ਉਹ ਯੂਕਰੇਨ ਦੀ ਫੌਜ ਦੀ ਧੰਨਵਾਦੀ ਹੈ ਤੇ ਹੁਣ ਸ਼ਾਂਤੀ ਚਾਹੁੰਦੀ ਹੈ।
ਖਾਰਕੀਵ, ਪੋਲਟਾਵਾ ਤੇ ਸੁਮੀ ਤੋਂ ਹਜ਼ਾਰਾਂ ਰੂਸੀ ਫੌਜੀ ਟਿਕਾਣੇ ਛੱਡ ਕੇ ਚਲੇ ਗਏ ਹਨ। ਇਹ ਵੱਡੀ ਮਾਤਰਾ ’ਚ ਆਪਣੇ ਹਥਿਆਰ ਛੱਡ ਗਏ ਹਨ, ਜੋ ਹੁਣ ਯੂਕਰੇਨੀ ਫੌਜ ਦੇ ਕਬਜ਼ੇ ’ਚ ਹਨ। ਜਾਂਦੀ ਹੋਈ ਰੂਸੀ ਫੌਜ ਨੇ ਐਤਵਾਰ ਨੂੰ ਖਾਰਕੀਵ ਖੇਤਰ ਦੇ ਕਈ ਬਿਜਲੀ ਘਰਾਂ ’ਤੇ ਮਿਜ਼ਾਈਲਾਂ ਦਾਗੀਆਂ। ਇਸ ਕਾਰਨ ਖਾਰਕੀਵ ਦੀ ਬਿਜਲੀ ਵਿਵਸਥਾ ਗੜਬੜਾ ਗਈ, ਹਾਲਾਂਕਿ ਸੋਮਵਾਰ ਨੂੰ ਬਿਜਲੀ ਬਹਾਲ ਕਰ ਦਿੱਤੀ ਗਈ। ਖੇਰਸਾਨ ’ਚ ਵੀ ਰੂਸੀ ਫੌਜ ਦਾ ਦਬਾਅ ਵੱਧ ਰਿਹਾ ਹੈ। ਅਮਰੀਕਾ ਦੇ ਭਾਰੀ ਹਥਿਆਰਾਂ ਨਾਲ ਹਮਲੇ ਕਰਦੀ ਯੂਕਰੇਨੀ ਫੌਜ ਇਸ ਸ਼ਹਿਰ ਨੂੰ ਰੂਸ ਤੋਂ ਖੋਹਣਾ ਚਾਹੁੰਦੀ ਹੈ। ਬਿ੍ਰ੍ਰਟੇਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਪੂਰਬੀ ਯੂਕਰੇਨ ’ਚ ਹਾਲਾਤ ਨੂੰ ਮਜ਼ਬੂਤ ਕਰਨ ਲਈ ਰੂਸੀ ਫੌਜ ਨੇ ਖਾਰਕੀਵ ਨੂੰ ਛੱਡ ਦਿੱਤਾ ਹੈ। ਰੂਸ ’ਚ ਤਾਜ਼ਾ ਸਥਿਤੀ ’ਤੇ ਵਿਚਾਰ ਸ਼ੁਰੂ ਹੋ ਗਿਆ ਹੈ। ਹਾਲਾਂਕਿ ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਯੂਕਰੇਨ ’ਚ ਸਾਡਾ ਫੌਜੀ ਅਭਿਆਸ ਸਫਲਤਾਪੂਰਵਕ ਚੱਲ ਰਿਹਾ ਹੈ।

Related posts

ਈਰਾਨ ਨੇ ਅਮਰੀਕਾ ਉਪਰ ਯੁੱਧ ਨੂੰ ਭੜਕਾਉਣ ਦਾ ਦੋਸ਼ ਲਗਾਇਆ

ਭਾਰਤ-ਆਸਟ੍ਰੀਆ ਵਲੋਂ ਵਪਾਰ, ਨਿਵੇਸ਼ ਅਤੇ ਹਰੀ ਤਕਨਾਲੋਜੀ ‘ਚ ਸਹਿਯੋਗ ਵਧਾਉਣ ‘ਤੇ ਜ਼ੋਰ

ਵਿਸ਼ਵ ਸਿਹਤ ਸੰਗਠਨ ਵਲੋਂ ਲੇਬਨਾਨ ਵਿੱਚ ਹਮਲਿਆਂ ‘ਤੇ ਗੰਭੀਰ ਚਿੰਤਾ ਪ੍ਰਗਟ