ਕੀਵ – ਯੂਕਰੇਨ ਦਾ ਵਿਨਿਤਸਿਆ ਸ਼ਹਿਰ ਵੀਰਵਾਰ ਨੂੰ ਰੂਸ ਦੇ ਮਿਜ਼ਾਈਲ ਹਮਲੇ ਨਾਲ ਕੰਬ ਉੱਠਿਆ। ਇਸ ਹਮਲੇ ਵਿਚ ਦੋ ਬੱਚਿਆਂ ਸਣੇ 20 ਲੋਕ ਮਾਰੇ ਗਏ ਅਤੇ 90 ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਵਿਚ ਕਰੀਬ 50 ਲੋਕਾਂ ਦੀ ਹਾਲਤ ਗੰਭੀਰ ਹੈ। ਮਿਜ਼ਾਈਲ ਹਮਲੇ ਦੀ ਲਪੇਟ ਵਿਚ ਰਿਹਾਇਸ਼ੀ ਇਮਾਰਤਾਂ, ਪ੍ਰਸ਼ਾਸਨਿਕ ਦਫ਼ਤਰ ਅਤੇ ਇਕ ਮੈਡੀਕਲ ਸੈਂਟਰ ਆਏ ਹਨ।
ਯੂਕਰੇਨੀ ਫ਼ੌਜ ਦੇ ਮੁਤਾਬਕ, ਕਾਲਾ ਸਾਗਰ ਵਿਚ ਮੌਜੂਦ ਰੂਸੀ ਪਨਡੁੱਬੀ ਤੋਂ ਦਾਗੀਆਂ ਗਈਆਂ ਤਿੰਨ ਕੈਲੀਬਰ ਮਿਜ਼ਾਈਲਾਂ ਨਾਲ ਇਹ ਤਬਾਹੀ ਹੋਈ। ਹਮਲੇ ਦੇ ਸਮੇਂ ਸਾਹਮਣੇ ਆਏ ਵੀਡੀਓ ਵਿਚ ਸ਼ਿਕਾਰ ਹੋਈਆਂ ਇਮਾਰਤਾਂ ਵਿਚੋਂ ਸੰਘਣਾ ਕਾਲਾ ਧੂੰਆਂ ਨਿਕਲਦਾ ਦਿਖਾਈ ਦੇ ਰਿਹਾ ਹੈ। ਚੀਕ-ਪੁਕਾਰ ਵਿਚਾਲੇ ਰਾਹਤ ਮੁਲਾਜ਼ਮ ਲੋਕਾਂ ਨੂੰ ਇਮਾਰਤਾਂ ਵਿਚੋਂ ਬਾਹਰ ਕੱਢਦੇ ਦਿਖਾਈ ਦੇ ਰਹੇ ਹਨ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਇਸ ਨੂੰ ਰੂਸ ਦਾ ਅੱਤਵਾਦੀ ਕਾਰਾ ਕਰਾਰ ਦਿੱਤਾ ਹੈ ਜਦਕਿ ਵਿਦੇਸ਼ ਮੰਤਰੀ ਦਿਮਿਤਰੋ ਕੁਲੇਬਾ ਨੇ ਇਸ ਨੂੰ ਰੂਸ ਦਾ ਇਕ ਹੋਰ ਜੰਗੀ ਅਪਰਾਧ ਦੱਸਿਆ ਹੈ। ਪੂਰਬੀ ਯੂਕਰੇਨ ਦੇ ਡੋਨੈਸਕ ਸੂਬੇ ਵਿਚ ਰੂਸੀ ਫ਼ੌਜ ਦੇ ਹਮਲੇ ਜਾਰੀ ਹਨ। ਉੱਥੇ ਯੂਕਰੇਨੀ ਫ਼ੌਜ ਦੇ ਤਿੱਖੇ ਪ੍ਰਤੀਰੋਧ ਦੇ ਬਾਵਜੂਦ ਰੂਸੀ ਫ਼ੌਜ ਦਾ ਅੱਗੇ ਵੱਧਣਾ ਜਾਰੀ ਹੈ।
ਰੂਸ ਨੇ ਕਿਹਾ ਹੈ ਕਿ ਯੂਕਰੇਨ ਜੇਕਰ ਚੀਜ਼ਾਂ ਨੂੰ ਹਾਂਪੱਖੀ ਰੂਪ ਵਿਚ ਲਵੇ ਤਾਂ ਉਹ ਸ਼ਾਂਤੀ ਵਾਰਤਾ ਲਈ ਤਿਆਰ ਹੈ। ਰੂਸ ਦੇ ਉਪ ਵਿਦੇਸ਼ ਮੰਤਰੀ ਆਂਦਰੇਈ ਰੂਡੇਨਕੋ ਨੇ ਕਿਹਾ ਕਿ ਯੂਕਰੇਨ ਜੇਕਰ ਗੁੱਟ ਨਿਰਪੱਖ ਨੀਤੀ ਅਪਣਾਵੇ ਅਤੇ ਪਰਮਾਣੂ ਹਥਿਆਰ ਮੁਕਤ ਰਾਸ਼ਟਰ ਦੀ ਆਪਣੀ ਸਥਿਤੀ ਕਾਇਮ ਰੱਖੇ ਤਾਂ ਉਸ ਦੇ ਨਾਲ ਸ਼ਾਂਤੀ ਸਮਝੌਤਾ ਸੰਭਵ ਹੈ। ਉਸ ਨੂੰ ਕ੍ਰੀਮੀਆ ਅਤੇ ਡੋਨਾਬਾਸ ਦੀ 2014 ਦੀ ਸਥਿਤੀ ਨੂੰ ਮੰਨਣਾ ਚਾਹੀਦਾ ਹੈ।