ਯੂਕਰੇਨ-ਰੂਸ ਵਿਚਕਾਰ ਹੋਏ ਅਨਾਜ ਸਮਝੌਤੇ ਨੇ ਕੀਤਾ ਮਹੱਤਵਪੂਰਨ ਪੜਾਅ ਪਾਰ, ਜੰਗ ਦੇ ਵਿਚਕਾਰ ਵੀ ਇਸ ਦੇ ਹਨ ਖ਼ਾਸ ਅਰਥ

ਨਿਊਯਾਰਕ – ਭਾਵੇਂ ਰੂਸ ਅਤੇ ਯੂਕਰੇਨ ਵਿਚਾਲੇ ਜੰਗ 7ਵੇਂ ਮਹੀਨੇ ਵੀ ਜਾਰੀ ਹੈ ਪਰ ਇਸ ਦੌਰਾਨ ਅਨਾਜ ਦੀ ਬਰਾਮਦ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਸਮਝੌਤਾ ਅਹਿਮ ਪੜਾਅ ‘ਤੇ ਪਹੁੰਚ ਗਿਆ ਹੈ। ਇਸ ਸੌਦੇ ਤਹਿਤ ਅਗਸਤ ਤੋਂ ਜਾਰੀ ਬਰਾਮਦ 10 ਲੱਖ ਟਨ ਦੀ ਸੀਮਾ ਨੂੰ ਪਾਰ ਕਰ ਚੁੱਕੀ ਹੈ। ਜੁਲਾਈ ‘ਚ ਦੋਹਾਂ ਦੇਸ਼ਾਂ ਵਿਚਾਲੇ ਇਸ ਡੀਲ ਨੂੰ ਕਰਵਾਉਣ ‘ਚ ਤੁਰਕੀ ਅਤੇ ਸੰਯੁਕਤ ਰਾਸ਼ਟਰ ਨੇ ਅਹਿਮ ਭੂਮਿਕਾ ਨਿਭਾਈ ਸੀ। ਇਸ ਸੌਦੇ ਦੇ ਤਹਿਤ ਬਣਾਇਆ ਗਿਆ ਨਿਗਰਾਨੀ ਕੇਂਦਰ ਇਸਤਾਂਬੁਲ ਵਿੱਚ ਹੀ ਕੰਮ ਕਰ ਰਿਹਾ ਹੈ। ਇਸ ਕੇਂਦਰ ਰਾਹੀਂ ਸੌਦੇ ਦੀਆਂ ਸ਼ਰਤਾਂ ਅਤੇ ਹੋਰ ਚੀਜ਼ਾਂ ਦੀ ਨਿਗਰਾਨੀ ਕੀਤੀ ਜਾਂਦੀ ਹੈ। ਸੌਦੇ ‘ਤੇ ਚਾਰੇ ਧਿਰਾਂ ਨੇ ਦਸਤਖਤ ਕੀਤੇ ਸਨ।
ਇਸ ਸੌਦੇ ਤਹਿਤ ਯੂਕਰੇਨ ਤੋਂ ਅਨਾਜ ਕਾਲੇ ਸਾਗਰ ਰਾਹੀਂ ਬਾਹਰੀ ਦੁਨੀਆ ਨੂੰ ਨਿਰਯਾਤ ਕੀਤਾ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਦੇ ਕੋਆਰਡੀਨੇਟਰ ਆਮਿਰ ਅਬਦੁੱਲਾ ਨੇ ਕਿਹਾ ਹੈ ਕਿ ਇਸ ਸੌਦੇ ਦੇ ਤਹਿਤ 10 ਲੱਖ ਟਨ ਤੋਂ ਜ਼ਿਆਦਾ ਯੂਕ੍ਰੇਨ ਦਾ ਅਨਾਜ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਬਾਹਰ ਭੇਜੀਆਂ ਗਈਆਂ ਹਨ। ਸੰਯੁਕਤ ਰਾਸ਼ਟਰ ਵੀ ਇਸ ਸੌਦੇ ਦੀ ਸਫਲਤਾ ਤੋਂ ਖੁਸ਼ ਹੈ। ਕੁਝ ਦਿਨ ਪਹਿਲਾਂ ਸੰਯੁਕਤ ਰਾਸ਼ਟਰ ਮੁਖੀ ਨੇ ਵੀ ਇਸ ਕੇਂਦਰ ਦਾ ਦੌਰਾ ਕੀਤਾ ਸੀ। ਸੰਯੁਕਤ ਰਾਸ਼ਟਰ ਵੀ ਇਸ ਸੌਦੇ ਦੀ ਸਫਲਤਾ ਤੋਂ ਖੁਸ਼ ਹੈ ਕਿਉਂਕਿ ਦੁਨੀਆ ਭਰ ਦੇ ਲੱਖਾਂ ਲੋਕ ਭੋਜਨ ਦੀ ਅਸੁਰੱਖਿਆ ਦੀ ਲਪੇਟ ਵਿਚ ਹਨ। ਅਜਿਹੇ ‘ਚ ਜੇਕਰ ਇਹ ਡੀਲ ਨਾ ਹੁੰਦੀ ਤਾਂ ਇਨ੍ਹਾਂ ਲੋਕਾਂ ‘ਤੇ ਸੰਕਟ ਹੋਰ ਵਧ ਜਾਣਾ ਸੀ। ਇਸ ਸੌਦੇ ਤੋਂ ਬਾਅਦ ਦੋ ਵਕਤ ਦਾ ਭੋਜਨ ਉਨ੍ਹਾਂ ਦੇ ਹਿੱਸੇ ਆ ਸਕਦਾ ਹੈ। ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਦੇ ਫੂਡ ਪ੍ਰੋਗਰਾਮ ਤਹਿਤ ਦੁਨੀਆ ਦੇ ਕਈ ਗਰੀਬ ਦੇਸ਼ਾਂ ਨੂੰ ਅਨਾਜ ਭੇਜਿਆ ਜਾਂਦਾ ਹੈ। ਸਾਰੇ ਦੇਸ਼ ਇਸ ਵਿੱਚ ਯੋਗਦਾਨ ਪਾਉਂਦੇ ਹਨ।
ਇਸ ਸੌਦੇ ਤੋਂ ਪਹਿਲਾਂ ਯੂਕਰੇਨ ਨੂੰ ਅਨਾਜ ਦੀ ਬਰਾਮਦ ਦੌਰਾਨ ਕਾਲੇ ਸਾਗਰ ਵਿੱਚ ਰੂਸ ਦੇ ਹਮਲੇ ਦਾ ਡਰ ਸੀ। ਪਰ, ਓਡੇਸਾ ਬੰਦਰਗਾਹ ਦੇ ਨੇੜੇ ਰੂਸੀ ਪਾਸਿਓਂ ਹਮਲੇ ਤੋਂ ਬਾਅਦ, ਇਹ ਸਪੱਸ਼ਟ ਕੀਤਾ ਗਿਆ ਸੀ ਕਿ ਇਹ ਇਸ ਨਿਰਯਾਤ ਵਿੱਚ ਰੁਕਾਵਟ ਨਹੀਂ ਬਣੇਗਾ। ਸੰਯੁਕਤ ਰਾਸ਼ਟਰ ਦੀ ਤਰਫ਼ੋਂ ਕਿਹਾ ਗਿਆ ਹੈ ਕਿ ਹੁਣ ਜਦੋਂ ਯੂਕਰੇਨ ਦਾ ਅਨਾਜ ਕਾਲੇ ਸਾਗਰ ਤੋਂ ਹੋ ਕੇ ਦੁਨੀਆ ਦੇ ਹੋਰ ਬਾਜ਼ਾਰਾਂ ਵਿਚ ਜਾ ਰਿਹਾ ਹੈ, ਤਾਂ ਇਕ ਵਾਰ ਫਿਰ ਭੋਜਨ ਅਤੇ ਆਵਾਜਾਈ ਦੇ ਖੇਤਰ ਵਿਚ ਭਰੋਸਾ ਵਧ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਸ਼ਵ ਮੰਡੀ ਵਿੱਚ ਇਸ ਅਨਾਜ ਦੀ ਆਮਦ ਕਾਰਨ ਕੀਮਤਾਂ ਵਿੱਚ ਵੀ ਕਮੀ ਆਈ ਹੈ।
ਸੰਯੁਕਤ ਰਾਸ਼ਟਰ ਦੇ ਅਨੁਸਾਰ, ਵਿਸ਼ਵ ਖੁਰਾਕ ਪ੍ਰੋਗਰਾਮ (ਡਬਲਯੂਐਫਪੀ) ਨੇ ਇਥੋਪੀਆ ਅਤੇ ਯਮਨ ਵਰਗੇ ਦੇਸ਼ਾਂ ਵਿੱਚ ਚਲਾਏ ਜਾ ਰਹੇ ਪ੍ਰੋਗਰਾਮਾਂ ਲਈ ਯੂਕਰੇਨ ਤੋਂ ਕਣਕ ਦੀ ਖਰੀਦ ਸ਼ੁਰੂ ਕਰ ਦਿੱਤੀ ਹੈ। ਇਸ ਅਨਾਜ ਸੌਦੇ ਨਾਲ ਯੂਕਰੇਨ ਨੂੰ ਆਪਣੀ ਨਵੀਂ ਫ਼ਸਲ ਨੂੰ ਸਟੋਰ ਕਰਨ ਲਈ ਜਗ੍ਹਾ ਵੀ ਮਿਲੇਗੀ। ਯੂਕਰੇਨ ਨੇ ਪਹਿਲਾਂ ਇਸ ਸਾਲ ਰਿਕਾਰਡ ਪੈਦਾਵਾਰ ਦੀ ਭਵਿੱਖਬਾਣੀ ਕੀਤੀ ਸੀ। ਸੰਯੁਕਤ ਰਾਸ਼ਟਰ ਵੱਲੋਂ ਕਿਹਾ ਗਿਆ ਹੈ ਕਿ ਮੌਜੂਦਾ ਸਮੇਂ ਵਿੱਚ ਵਿਸ਼ਵ ਵਿੱਚ ਖਾਦਾਂ ਦਾ ਨਿਰਯਾਤ ਕਰਨਾ ਵੀ ਬਹੁਤ ਜ਼ਰੂਰੀ ਹੈ ਤਾਂ ਜੋ ਕਿਸਾਨ ਸਸਤੀਆਂ ਦਰਾਂ ’ਤੇ ਫ਼ਸਲਾਂ ਦਾ ਉਤਪਾਦਨ ਜਾਰੀ ਰੱਖ ਸਕਣ।

Related posts

ਈਰਾਨ-ਅਮਰੀਕਾ ਦੀ ਜੇਨੇਵਾ ‘ਚ ਦੂਜੇ ਦੌਰ ਦੀ ਗੱਲਬਾਤ ਬੇ-ਸਿੱਟਾ ਰਹੀ !

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !

ਸਪੇਸ ਐਕਸ ਯੋਜਨਾ : ਚੰਦ ਅਤੇ ਮੰਗਲ ਗ੍ਰਹਿਆਂ ਉਪਰ ਕਿਹੋ ਜਿਹੇ ਹੋਣਗੇ ਸ਼ਹਿਰ ?