ਤਹਿਰਾਨ – ਈਰਾਨ ਨੇ ਮਰਹੂਮ ਰਾਸ਼ਟਰਪਤੀ ਇਬਰਾਹਿਮ ਰਇਸੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਲੈ ਕੇ ਜਾ ਰਹੇ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਪਿੱਛੇ ਕਿਸੇ ਸਾਜ਼ਿਸ਼ ਜਾਂ ਗੜਬੜੀ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ, ਜਿਸ ਵਿੱਚ ਰਾਸ਼ਟਰਪਤੀ ਸਮੇਤ ਹੈਲੀਕਾਪਟਰ ਵਿੱਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ ਸੀ। ਈਰਾਨ ਦੀ ਸਰਕਾਰੀ ਨਿਊਜ਼ ਏਜੰਸੀ ਨੇ ਦੱਸਿਆ ਕਿ ਹਥਿਆਰਬੰਦ ਬਲਾਂ ਦੇ ਮੁਖੀ (ਜਨਰਲ ਸਟਾਫ) ਨੇ ਹੈਲੀਕਾਪਟਰ ਹਾਦਸੇ ਦੇ ਕਾਰਨਾਂ ਬਾਰੇ ਦੂਜੀ ਰਿਪੋਰਟ ਜਾਰੀ ਕੀਤੀ। ਰਿਪੋਰਟ ਵਿਚ ਕਿਹਾ ਗਿਆ ਕਿ ਹੈਲੀਕਾਪਟਰ ਦੇ ਮਲਬੇ ਅਤੇ ਅਵਸ਼ੇਸ਼ਾਂ ‘’ਤੇ ਕੀਤੇ ਗਏ ਟੈਸਟਾਂ ਦੇ ਨਤੀਜਿਆਂ ਅਤੇ ਜਿਸ ਤਰੀਕੇ ਨਾਲ ਲਾਸ਼ਾਂ ਘਟਨਾ ਸਥਾਨ ‘ਤੇ ਖਿੱਲਰੀਆਂ ਸਨ, ਉਸ ਨੂੰ ਦੇਖਦੇ ਹੋਏ ਦੁਰਘਟਨਾ ਤੋਂ ਪਹਿਲਾਂ ਕਿਸੇ ਤਰ੍ਹਾਂ ਦੀ ਗੜਬੜੀ ਦੀ ਗੁੰਜਾਇਸ਼ ਨਹੀਂ ਜਾਪਦੀ ਹੈ। ਰਿਪੋਰਟ ਅਨੁਸਾਰ ਹੈਲੀਕਾਪਟਰ ਦੇ ਢਾਂਚੇ (ਫਿਊਜ਼ਲੇਜ) ਤੋਂ ਅਵਸ਼ੇਸ਼ਾਂ ਦੀ ਦੂਰੀ ਨੂੰ ਦੇਖਦੇ ਹੋਏ, ਉਡਾਣ ਦੌਰਾਨ ਜਾਂ ਹੈਲੀਕਾਪਟਰ ਦੇ ਪਹਾੜ ਨਾਲ ਟਕਰਾਉਣ ਤੋਂ ਕੁਝ ਪਲ ਪਹਿਲਾਂ ਸਾਈਬਰ ਹਮਲੇ ਕਾਰਨ ਧਮਾਕਾ ਹੋਣ ਦੀ ਸੰਭਾਵਨਾ ਨੂੰ ਖਾਰਜ ਕਰ ਦਿੱਤਾ ਗਿਆ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਰੈਸ਼ ਹੋਏ ਹੈਲੀਕਾਪਟਰ ‘’ਤੇ ਸਾਈਬਰ ਹਮਲੇ ਦਾ ਕੋਈ ਸੰਕੇਤ ਨਹੀਂ ਹੈ, ਹਾਲਾਂਕਿ ਪੂਰਬੀ ਅਜ਼ਰਬਾਈਜਾਨ ਸੂਬੇ ਦੀ ਰਾਜਧਾਨੀ ਤਬਰੀਜ਼ ਨੂੰ ਵਾਪਸ ਜਾਣ ਵਾਲੇ ਮੌਸਮ ਦੇ ਹਾਲਾਤ ਨੂੰ ਦੇਖਦੇ ਹੋਏ ਹੋਰ ਜਾਂਚ ਦੀ ਲੋੜ ਹੋਵੇਗੀ।