ਰਾਜਧਾਨੀ ਦੀਆਂ ਸੜਕਾਂ ’ਤੇ ਨਿਹੰਗ ਸਿੰਘਾਂ ਨੇ ਖੇਡਿਆ ਗਤਕਾ

ਨਵੀਂ ਦਿੱਲੀ – ਦਿੱਲੀ ਫ਼ਤਿਹ ਦਿਵਸ ਦੇ ਦੂਜੇ ਦਿਨ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸੜਕਾਂ ’ਤੇ ਖਾਲਸਈ ਜਾਹੋ ਜਲਾਲ ਨਾਲ ਨਿਹੰਗ ਸਿੰਘਾਂ ਨੇ ਗੱਤਕਾ ਖੇਡਿਆ। ਦਿੱਲੀ ਫ਼ਤਿਹ ਦਿਵਸ ਦੇ ਦੂਜੇ ਦਿਨ ਜਮਨਾ ਬਜ਼ਾਰ ਤੋਂ ਲਾਲ ਕਿਲ੍ਹੇ ਤੱਕ ਜਰਨੈਲੀ ਮਾਰਚ ਸਜਾਇਆ ਗਿਆ ਜਿਸ ’ਚ ਬਾਬਾ ਬਲਬੀਰ ਸਿੰਘ 96 ਕਰੋੜੀ ਬੁੱਢਾ ਦਲ ਤੇ ਹੋਰ ਨਿਹੰਗ ਸਿੰਘਾਂ ਦੇ ਜੱਥਿਆਂ ਨੇ ਘੋੜਿਆਂ ਤੇ ਹਾਥੀਆਂ ’ਤੇ ਚੜ੍ਹਕੇ ਸ਼ਮੂਲੀਅਤ ਕੀਤੀ ਤੇ ਗੱਤਕਾ ਟੀਮਾਂ ਨੇ ਸਾਰੇ ਰਸਤੇ ’ਚ ਗੱਤਕੇ ਦੇ ਜੌਹਰ ਵਿਖਾਏ।
ਇਸ ਮਾਰਚ ’ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਦਿੱਲੀ ਗੁਰਦੁਆਰਾ ਕਮੇਟੀ ਦੇ ਸਮੁੱਚੇ ਅਹੁਦੇਦਾਰ ਤੇ ਮੈਂਬਰਾਂ ਨੇ ਵੱਡੀ ਗਿਣਤੀ ’ਚ ਸੰਗਤਾਂ ਸਮੇਤ ਸ਼ਮੂਲੀਅਤ ਕੀਤੀ ਤੇ ਖੁਦ ਯਾਤਰਾ ਦੀ ਅਗਵਾਈ ਕੀਤੀ। ਨਿਹੰਗ ਸਿੰਘਾਂ ਨੇ ਪੂਰੇ ਮਾਰਚ ਦੌਰਾਨ ਖਾਲਸਈ ਜਾਹੋ ਜਲਾਲ ਨਾਲ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੇ ਸ਼ਸ਼ਤਰ ਵੀ ਸਜਾਏ ਹੋਏ ਸਨ ਤੇ ਗੱਤਕਾਂ ਵੀ ਖੇਡਦੇ ਰਹੇ। ਇਹ ਮਾਰਚ ਕਈ ਘੰਟਿਆਂ ’ਚ ਜਮਨਾ ਬਜ਼ਾਰ ਤੋਂ ਲਾਲ ਕਿਲ੍ਹੇ ਤੱਕ ਪਹੁੰਚ ਸਕਿਆ। ਕੌਮੀ ਰਾਜਧਾਨੀ ਦੀਆਂ ਸੜਕਾਂ ’ਤੇ ਖਾਲਸਈ ਚੜ੍ਹਦੀਕਲਾ ਦਾ ਪ੍ਰਤੀਕ ਵੇਖ ਕੇ ਹਰ ਕੋਈ ਅਸ਼-ਅਸ਼ ਕਰ ਉਠਿਆ। ਮਹਾਨ ਜਰਨੈਲਾਂ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਰਾਮਗੜ੍ਹੀਆ ਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਲਾਲ ਕਿਲ੍ਹੇ ’ਤੇ ਹਮਲਾ ਕਰ ਕੇ ਸ਼ਾਹ ਆਲਮ ਦੂਜੇ ਨੂੰ ਹਰਾਉਣ ਦੇ ਇਹ ਜਸ਼ਨ ਦਿੱਲੀ ਫਤਿਹ ਦਿਵਸ ਦੇ ਰੂਪ ਵਿਚ ਮਨਾਏ ਜਾਂਦੇ ਹਨ। ਭਾਰਤ ਦੇ ਇਤਿਹਾਸ ’ਚ ਇਹ ਪਹਿਲਾ ਮੌਕਾ ਹੈ ਜਦੋਂ ਮੁਗਲਾਂ ਨੂੰ ਉਹਨਾਂ ਦੇ ਘਰਾਂ ’ਚ ਮਾਤ ਮਿਲੀ ਹੋਵੇ ਤੇ ਉਹ ਵੀ ਸਿੱਖ ਜਰਨੈਲਾਂ ਦੀ ਅਗਵਾਈ ਹੇਠ 30 ਹਜ਼ਾਰ ਦੀ ਫੌਜ ਨੇ ਮਾਤ ਦਿੱਤੀ ਹੈ। ਇਨ੍ਹਾਂ ਮਹਾਨ ਜਰਨੈਲਾਂ ਨੇ ਇਸ ਫਤਿਹ ਮਗਰੋਂ 10 ਮਹੀਨਿਆਂ ਤੱਕ ਦਿੱਲੀ ’ਚ ਡੇਰੇ ਲਗਾ ਕੇ ਗੁਰੂ ਸਾਹਿਬਾਨ ਨਾਲ ਜੁੜੇ ਅਸਥਾਨਾਂ ਦੀ ਨਿਸ਼ਾਨਦੇਹੀ ਕਰਵਾਈ ਤੇ ਉਥੇ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ ਜਿਥੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ, ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਬਾਲਾ ਸਾਹਿਬ ਤੇ ਹੋਰ ਗੁਰੂ ਘਰ ਸੁਸ਼ੋਭਿਤ ਹਨ। ਇਸ ਮੌਕੇ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਉਹ ਖੁਸ਼ਨਸੀਬ ਹਨ ਕਿ ਕਮੇਟੀ ਦੇ ਮੁੱਖ ਸੇਵਾਦਾਰਾਂ ਦੇ ਰੂਪ ’ਚ ਉਹ ਭਾਰਤ ਸਰਕਾਰ ਨਾਲ ਮਿਲ ਕੇ ਉਸੇ ਲਾਲ ਕਿਲ੍ਹੇ ’ਤੇ ਦਿੱਲੀ ਫ਼ਤਿਹ ਦਿਵਸ ਮਨਾ ਰਹੇ ਹਨ ਜਿਥੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਜੇਕਰ ਅੱਜ ਕੌਮੀ ਰਾਜਧਾਨੀ ’ਚ ਸੰਗਤਾਂ ਗੁਰੂ ਘਰਾਂ ਦੇ ਦਰਸ਼ਨ ਕਰ ਕੇ ਜੀਵਨ ਸਫਲ ਕਰਦੀਆਂ ਹਨ ਤਾਂ ਤਿੰਨ ਮਹਾਨ ਜਰਨੈਲਾਂ ਦੀ ਬਦੌਲਤ ਹੀ ਹੈ। ਉਨ੍ਹਾਂ ਕਿਹਾ ਕਿ ਇਹਨਾਂ ਮਹਾਨ ਜਰਨੈਲਾਂ ਦੀ ਯਾਦਗਾਰ ਮਨਾਉਣਾ, ਸਿੱਖ ਕੌਮ ਲਈ ਵੱਡੇ ਭਾਗਾਂ ਵਾਲੀ ਗੱਲ ਹੈ। ਮਾਰਚ ਦੀ ਸਮਾਪਤੀ ਮਗਰੋਂ ਲਾਲ ਕਿਲ੍ਹੇ ’ਤੇ ਹੀ ਵਿਦਿਆਰਥੀਆਂ ਦੇ ਗੱਤਕਾ ਮੁਕਾਬਲੇ ਵੀ ਕਰਵਾਏ ਗਏ।

Related posts

ਜਨਸੰਖਿਆ ਪਰਿਵਰਤਨ ‘ਤੇ ਇੱਕ ਉੱਚ-ਪੱਧਰੀ ਕਮੇਟੀ ਦਾ ਗਠਨ

ਦੌੜਾਕ ਗੁਰਿੰਦਰਵੀਰ ਸਿੰਘ ਵਲੋਂ ਨਵਾਂ ਰਿਕਾਰਡ ਬਨਾਉਣ ‘ਤੇ ਜਲੰਧਰ ਵਿੱਚ ਜਸ਼ਨ

ਸੈਮੀਕੰਡਕਟਰ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਨਵਾਂ ਪੋਰਟਲ ਲਾਂਚ