ਰਾਜਾ ਵੜਿੰਗ ਵੱਲੋਂ ਭਗਵੰਤ ਮਾਨ ‘ਤੇ ਸਿਆਸੀ ਹਮਲਾ, ਕਿਹਾ- ਜਦੋਂ ਲੋਕਾਂ ਨੇ ਬਜਟ ਬਣਾਉਣਾ ਹੈ, ਤਾਂ ਸਰਕਾਰ ਕਿਸ ਲਈ

ਚੰਡੀਗੜ੍ਹ – ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਕੀਤੇ ਗਏ ਦਾਅਵੇ ਕਿ ਪੰਜਾਬ ਦੇ ਲੋਕ ਆਪਣਾ ਬਜਟ ਬਣਾਉਣਗੇ, ਨੂੰ ਲੈ ਕੇ ਬਜਟ ਬਣਾਉਣ ਸਬੰਧੀ ਉਨ੍ਹਾਂ ਦੀ ਅਗਿਆਨਤਾ ਤੇ ਹਾਸਾ ਉਡਾਇਆ ਹੈ।ਇੱਥੇ ਇੱਕ ਬਿਆਨ ਚ, ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਸ ਨਾਲ ਸਰਕਾਰ ਦੀ ਬਜਟ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਜਾਣਕਾਰੀ ਅਤੇ ਵਿਚਾਰਕ ਦਿਵਾਲ਼ੀਏਪਣ ਦਾ ਪਤਾ ਲੱਗਦਾ ਹੈ।

ਵੜਿੰਗ ਨੇ ਮਾਨ ਨੂੰ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਸਰਕਾਰ ਦੀ ਤਾਕਤ ਅਤੇ ਸੱਤਾ ਦਿੱਤੀ ਹੈ ਤੇ ਬਜਟ ਇਸ ਦੀਆਂ ਮਹੱਤਵਪੂਰਨ ਜ਼ਿੰਮੇਵਾਰੀਆਂ ਚੋਂ ਇਕ ਹੈ। ਤੁਸੀਂ ਅਜਿਹੀਆਂ ਗੈਰ ਸੰਵਿਧਾਨਿਕ ਨੋਟੰਕੀਆਂ ਰਾਹੀਂ ਸਿਆਸੀ ਡਰਾਮੇਬਾਜ਼ੀ ਬੰਦ ਕਰੋ, ਜਿਹੜੀਆਂ ਕਿਸੇ ਕੰਮ ਦੀਆਂ ਨਹੀਂ।

ਵੜਿੰਗ ਨੇ ਮੁੱਖ ਮੰਤਰੀ ‘ਤੇ ਵੱਡਾ ਹਮਲਾ ਬੋਲਦਿਆਂ ਕਿਹਾ ਕਿ ਉਹ ਨਹੀਂ ਜਾਣਦੇ ਕਿ ਇਹ ਸਰਕਾਰ ਜਾਂ ਮੁੱਖ ਮੰਤਰੀ ਬਜਟ ਤਿਆਰ ਕਰਨ ਨੂੰ ਲੈ ਕੇ ਕੀ ਸੋਚਦੇ ਹਨ, ਪਰ ਇਨ੍ਹਾਂ ਨੂੰ ਕੋਈ ਦੱਸੇ ਕਿ ਇਸਦਾ ਅਰਥ ਨੇੜੇ ਵਾਲੀ ਦੁਕਾਨ ਤੋਂ ਰਾਸ਼ਨ ਖਰੀਦਣਾ ਨਹੀਂ ਹੈ। ਜਿਹੜੇ ਲੋਕਾਂ ਦੀ ਵਾਹ-ਵਾਹ ਖੱਟਣ ਵਾਸਤੇ ਸਰਕਾਰ ਦੇ ਇਸ ਸਭ ਤੋਂ ਮਹੱਤਵਪੂਰਨ ਕੰਮ ਨੂੰ ਮਹੱਤਵਹੀਣ ਬਣਾ ਰਹੇ ਹਨ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਬਜਟ ਦੀ ਤਿਆਰੀ ਕਰਨਾ ਅਤੇ ਉਸਨੂੰ ਪੇਸ਼ ਕਰਨਾ ਭਾਰਤੀ ਸੰਵਿਧਾਨ ਦੀ ਧਾਰਾ 202 ਦੇ ਤਹਿਤ ਇੱਕ ਸੰਵਿਧਾਨਕ ਜ਼ਿੰਮੇਵਾਰੀ ਹੈ। ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਚ ਬਜਟ ਬਣਾਉਣ ਦੀ ਪ੍ਰਕਿਰਿਆ ਦਾ ਸਪੱਸ਼ਟ ਤੌਰ ‘ਤੇ ਵਰਣਨ ਕੀਤਾ ਗਿਆ ਹੈ। ਜਿਨ੍ਹਾਂ ਬਾਬਾ ਸਾਹਿਬ ਦਾ ਤੁਸੀਂ ਆਪਣੇ ਫ਼ਾਇਦੇ ਲਈ ਜ਼ਿਆਦਾਤਰ ਜ਼ਿਕਰ ਕਰਦੇ ਹੋ ਅਤੇ ਉਨ੍ਹਾਂ ਨੇ ਸਾਨੂੰ ਕਦੇ ਨਹੀਂ ਕਿਹਾ ਸੀ ਕਿ ਤੁਸੀਂ ਬਜਟ ਬਣਾਉਣ ਲਈ ਲੋਕਾਂ ‘ਚ ਜਾਓ। ਇਹ ਸਿਰਫ਼ ਵਿੱਤੀ ਟੋਟਕੇਬਾਜ਼ੀ ਨੂੰ ਦਰਸਾਉਂਦਾ ਹੈ।

ਵੜਿੰਗ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਤੁਸੀਂ ਇਸ ਕੰਮ ਨੂੰ ਮਾਹਿਰਾਂ ਦੇ ਕੋਲ ਹੀ ਰਹਿਣ ਦਿਓ, ਜਿਨ੍ਹਾਂ ਤੋਂ ਇਹ ਉਮੀਦ ਵੀ ਕੀਤੀ ਜਾਂਦੀ ਹੈ। ਸਰਕਾਰ ਦੀ ਚੋਣ ਦੇ ਨਾਲ ਲੋਕਾਂ ਦੀ ਜ਼ਿੰਮੇਵਾਰੀ ਖ਼ਤਮ ਹੋ ਜਾਂਦੀ ਹੈ, ਜਿਹੜੀ ਬਜਟ ਤਿਆਰ ਕਰਨ ਵਾਸਤੇ ਮਾਹਿਰਾਂ ਦੀ ਸਲਾਹ ਲੈਣ ਦਾ ਹੱਕ ਰੱਖਦੀ ਹੈ। ਜੇਕਰ ਲੋਕਾਂ ਨੇ ਹੀ ਬਜਟ ਬਣਾਉਣਾ ਹੈ, ਤਾਂ ਸਰਕਾਰ ਇੱਥੇ ਕਿਸ ਲਈ ਹੈ।

ਵੜਿੰਗ ਨੇ ਕਿਹਾ ਕਿ ਇਹ ਆਪ ਸਰਕਾਰ ਵੱਲੋਂ ਸਿਰਫ ਇੱਕ ਹੋਰ ਸਟੰਟ ਹੈ, ਜਿਹੜਾ ਅਸਲੀਅਤ ਵਿੱਚ ਕੁਝ ਵੀ ਫ਼ਾਇਦਾ ਨਹੀਂ ਦਿੰਦਾ। ਇੱਥੋਂ ਤਕ ਕਿ ਸਾਲ 2015 ‘ਚ ਦਿੱਲੀ ‘ਚ ਕੇਜਰੀਵਾਲ ਨੇ ਵੀ ਇਹੋ ਸਟੰਟ ਕੀਤਾ ਸੀ ਅਤੇ ਉਥੇ ਉਸਨੂੰ ਲੋਕਾਂ ਵੱਲੋਂ ਰੱਦ ਕਰ ਦਿੱਤਾ ਗਿਆ ਸੀ। ਹੁਣ ਪੰਜਾਬ ‘ਚ ਵੀ ਇਹੋ ਕੰਮ ਕੀਤਾ ਜਾ ਰਿਹਾ ਹੈ ਅਤੇ ਇਸਨੂੰ ਮਹਾਨ ਕਦਮ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।

Related posts

US ਇਮੀਗ੍ਰੇਸ਼ਨ ਕੋਰਟ ‘ਚ 3.38 ਮਿਲੀਅਨ ਕੇਸ ਫੈਸਲੇ ਦੀ ਉਡੀਕ ‘ਚ : ਪ੍ਰਵਾਸੀ ਕਾਨੂੰਨ ਦੀ ਪਾਲਣਾ ਕਰਦੇ, ਨਾ ਕਿ ਕ੍ਰਿਮੀਨਲ !

ਪੰਜਾਬ ਵਿੱਚ ਨਸ਼ੇ ਦੀ ‘ਹੋਮ ਡਿਲੀਵਰੀ’ ਹੋ ਰਹੀ ਹੈ – ਅਸ਼ਵਨੀ ਸ਼ਰਮਾ

‘ਮੈਂਟਰਿੰਗ, ਐਡਵਾਈਜ਼ਿੰਗ ਤੇ ਪੀਅਰ ਲਰਨਿੰਗ ’ਚ AI ਦੀ ਭੂਮਿਕਾ’ ਵਿਸ਼ੇ ’ਤੇ ਵਰਕਸ਼ਾਪ