ਰਾਹੁਲ ਵੀ ਚੰਨੀ, ਸਿੱਧੂ ਤੇ ਜਾਖੜ ਨੂੰ ਇਕ ਮਾਲਾ ’ਚ ਨਾ ਪਰੋ ਸਕੇ

ਚੰਡੀਗਡ਼੍ਹ – ਪੰਜਾਬ ਕਾਂਗਰਸ ਵਿਚ ਚੱਲ ਰਹੀ ਖਿੱਚੋਤਾਣ ਨੂੰ ਲੈ ਕੇ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਤੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖਡ਼ ਨਾਲ ਮੀਟਿੰਗ ਕੀਤੀ। ਰਾਹੁਲ ਨੇ ਪਹਿਲਾਂ ਜਾਖਡ਼ ਨਾਲ ਮੀਟਿੰਗ ਕੀਤੀ ਤੇ ਮਨਾਉਣ ਦੇ ਯਤਨ ਕੀਤੇ। ਹਾਲਾਂਕਿ ਉਨ੍ਹਾਂ ਦਾ ਯਤਨ ਮੁੜ ਅਜਾਈਂ ਗਿਆ। ਦਰਅਸਲ, ਜਾਖਡ਼ ਨੇ ਪੰਜਾਬ ਕਾਂਗਰਸ ਦੀ ਮੌਜੂਦਾ ਟੀਮ ਦੇ ਨਾਲ ਕੰਮ ਕਰਨ ਤੋਂ ਨਾਂਹ ਕਰ ਦਿੱਤੀ। ਇਸ ਮਗਰੋਂ ਰਾਹੁਲ ਗਾਂਧੀ ਵੱਲੋਂ ਚੰਨੀ, ਸਿੱਧੂ ਤੇ ਜਾਖਡ਼ ਨੂੰ ਇਕ ਮਾਲਾ ਵਿਚ ਪਰੋਣ ਦਾ ਯਤਨ ਕਾਮਯਾਬ ਨਹੀਂ ਹੋ ਸਕਿਆ।ਉਥੇ ਰਾਹੁਲ ਨੇ ਜ਼ਿਲ੍ਹਾ ਕਮੇਟੀਆਂ ਨੂੰ ਲੈ ਕੇ ਸਿੱਧੂ ਦੇ ਮਾਡਲ (ਇਕ ਪ੍ਰਧਾਨ ਤੇ ਦੋ ਕਾਰਜਕਾਰੀ ਪ੍ਰਧਾਨ) ਨੂੰ ਮਨਜ਼ੂਰੀ ਦੇ ਦਿੱਤੀ। ਜਾਣਕਾਰੀ ਮੁਤਾਬਕ ਚੰਨੀ ਤੇ ਸਿੱਧੂ ਦੇ ਨਾਲ ਮੀਟਿੰਗ ਤੋਂ ਪਹਿਲਾਂ ਰਾਹੁਲ ਨੇ ਜਾਖਡ਼ ਨਾਲ ਮੀਟਿੰਗ ਕੀਤੀ। ਕਰੀਬ ਇਕ ਘੰਟੇ ਤਕ ਚੱਲੀ ਮੀਟਿੰਗ ਦੌਰਾਨ ਕਾਂਗਰਸ ਦੇ ਸੂਬਾ ਇੰਚਾਰਜ ਹਰੀਸ਼ ਚੌਧਰੀ ਤੇ ਕ੍ਰਿਸ਼ਨਾ ਅੱਲਾਵਾਰੂ ਦੀ ਹਾਜ਼ਰੀ ਵਿਚ ਰਾਹੁਲ ਨੂੰ ਜਾਖਡ਼ ਨੂੰ ਮਨਾਉਣ ਦੀਆਂ ਤਮਾਮ ਕੋਸ਼ਿਸ਼ਾਂ ਕੀਤੀਆਂ। ਸੂਤਰਾਂ ਦੀ ਮੰਨੀਏ ਤਾਂ ਰਾਹੁਲ ਨੇ ਜਾਖਡ਼ ਨੂੰ ਪਾਰਟੀ ਵਿਚ ਮਹੱਤਵਪੂਰਨ ਅਹੁਦਾ ਦੇਣ ਦੀ ਪੇਸ਼ਕਸ਼ ਕੀਤੀ ਪਰ ਜਾਖਡ਼ ਨੇ ਇਹ ਆਖਦਿਆਂ ਹੋਇਆਂ ਨਾਂਹ ਕਰ ਦਿੱਤੀ ਕਿ ਮੌਜੂਦਾ ਟੀਮ ਨਾਲ ਕੰਮ ਨਹੀਂ ਕਰ ਸਕਦੇ ਹਨ।ਸੂਤਰਾਂ ਮੁਤਾਬਕ ਰਾਹੁਲ ਨੇ ਜਾਖਡ਼ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਮੌਜੂਦਾ ਟੀਮ ਵੀ ਇਹੀ ਚਾਹੁੰਦੀ ਹੈ ਕਿ ਉਹ ਦ੍ਰਿਸ਼ ਤੋਂ ਲਾਂਭੇ ਹੋ ਜਾਣ। ਇਸ ਦੇ ਬਾਵਜੂਦ ਜਾਖਡ਼ ਨਹੀਂ ਮੰਨੇ ਹਨ। ਮੰਨਿਆ ਜਾ ਰਿਹਾ ਹੈ ਕਿ ਰਾਹੁਲ, ਚੰਨੀ, ਸਿੱਧੂ ਤੇ ਜਾਖਡ਼ ਨੂੰ ਨਾਲ ਬਿਠਾਉਣਾ ਚਾਹੁੰਦੇ ਸਨ ਪਰ ਜਾਖਡ਼ ਨੇ ਸਾਫ਼ ਨਾਂਹ ਕਰ ਦਿੱਤੀ ਤਾਂ ਇਹ ਸੰਭਵ ਨਾ ਹੋ ਸਕਿਆ।

ਇਸ ਤੋਂ ਬਾਅਦ ਰਾਹੁਲ ਨੇ ਸਿੱਧੂ ਦੇ ਨਾਲ ਕਰੀਬ ਅੱਧਾ ਘੰਟਾ ਤਕ ਮੀਟਿੰਗ ਕੀਤੀ। ਸਿੱਧੂ ਨੇ ਇਸ ਦੌਰਾਨ ਮੁੱਖ ਮੰਤਰੀ ਚੰਨੀ ਵੱਲੋਂ ਬਲਾਕ ਪ੍ਰਧਾਨ ਪ੍ਰਧਾਨਾਂ ਨਾਲ ਕੀਤੀ ਮੀਟਿੰਗ ਦਾ ਮੁੱਦਾ ਚੁੱਕਿਆ। ਨਾਲ ਹੀ ਉਨ੍ਹਾਂ ਨੇ ਸਿਆਸੀ ਮੁੱਦੇ ਨੂੰ ਲੈ ਕੇ ਚਰਚਾ ਕੀਤੀ। ਇਸ ਤੋਂ ਬਾਅਦ ਰਾਹੁਲ ਨੇ ਮੁੱਖ ਮੰਤਰੀ ਤੇ ਸਿੱਧੂ ਨਾਲ ਸਾਂਝੇ ਤੌਰ ’ਤੇ ਮੀਟਿੰਗ ਕੀਤੀ। ਜਾਣਕਾਰੀ ਮੁਤਾਬਕ ਮੀਟਿੰਗ ਦੌਰਾਨ ਚੰਨੀ ਨੇ ਬਤੌਰ ਮੁੱਖ ਮੰਤਰੀ ਆਪਣੇ ਵੱਲੋਂ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਰਾਹੁਲ ਨੂੰ ਦਿੱਤੀ। ਰਾਹੁਲ ਨੇ ਜ਼ਿਲ੍ਹਾ ਕਮੇਟੀਆਂ ਨੂੰ ਲੈ ਕੇ ਸਿੱਧੂ ਦੇ ਮਾਡਲ ਨੂੰ ਪ੍ਰਵਾਨਗੀ ਦੇ ਦਿੱਤੀ ਹਾਲਾਂਕਿ ਸਿੱਧੂ ਮਾਡਲ ਨਾਲ ਸੂਬਾ ਇੰਚਾਰਜ ਹਰੀਸ਼ ਚੌਧਰੀ ਸੰਤੁਸ਼ਟ ਨਹੀਂ ਸਨ। ਇਸ ਲਈ ਜ਼ਿਲ੍ਹਾ ਕਮੇਟੀਆਂ ਨਹੀਂ ਬਣ ਸਕੀਆਂ ਸਨ। ਸਿੱਧੂ ਨੇ ਕਈ ਸੀਨੀਅਰ ਆਗੂਆਂ ਦੀਆਂ ਸਿਫ਼ਾਰਸ਼ਾਂ ਦਰਕਿਨਾਰ ਕਰ ਕੇ ਜ਼ਿਲ੍ਹਾ ਕਮੇਟੀਆਂ ਬਾਰੇ ਸਿਫ਼ਾਰਸ਼ ਕੀਤੀ ਸੀ। ਕਰੀਬ ਢਾਈ ਘੰਟੇ ਤਕ ਚੱਲੀ ਮੀਟਿੰਗ ਦੌਰਾਨ ਚੰਨੀ ਤੇ ਸਿੱਧੂ ਵਿਚਾਲੇ ਖਿੱਚੋਤਾਣ ਚੱਲਦੀ ਰਹੀ। ਮੀਟਿੰਗ ਦੇ ਅਖ਼ੀਰ ਵਿਚ ਰਾਹੁਲ ਨੇ ਚੰਨੀ ਤੇ ਸਿੱਧੂ ਨੂੰ ਨਾਲ ਨਾਲ ਚੱਲਣ ਲਈ ਵੀ ਕਿਹਾ।

Related posts

ਦਿਲਜੀਤ ਦੋਸਾਂਝ ਦੀ ਨਵੀਂ ਫਿਲਮ ਵਿਸਾਖੀ ‘ਤੇ ਰਿਲੀਜ਼ ਹੋਣ ਜਾ ਰਹੀ ਹੈ !

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਦੂਸ਼ਣਬਾਜ਼ੀ ਅਤੇ ਮੀਡੀਆ ਫੈਸਲੇ ਨਾ ਦੇਣ ਦੇ ਆਦੇਸ਼ !

ਸਰਕਾਰ ਤਾਂ ਚਾਹੁੰਦੀ ਸੀ ਕਿ ਮੈਂ ਬਾਹਰ ਨਾ ਆਵਾਂ – ਬਿਕਰਮ ਮਜੀਠੀਆ