ਆਸਟ੍ਰੇਲੀਆ ਦੇ ਵਿੱਚ ਪਿਛਲੇ ਸਾਲ 14 ਦਸੰਬਰ 2025 ਨੂੰ ਬੌਂਡੀ ਬੀਚ ‘ਤੇ ਹੋਏ ਅੱਤਵਾਦੀ ਹਮਲੇ ਵਿੱਚ ਮਾਰੇ ਗਏ 16 ਲੋਕਾਂ ਦੀ ਆਤਮਿਕ ਸ਼ਾਂਤੀ ਅਤੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ 22 ਜਨਵਰੀ 2026 ਨੂੰ ‘ਰਾਸ਼ਟਰੀ ਸੋਗ ਦਿਵਸ’ ਮਨਾਇਆ ਜਾਵੇਗਾ।
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਅੱਜ ਇਸ ਦਾ ਐਲਾਨ ਕਰਦਿਆਂ ਦੱਸਿਆ ਹੈ ਕਿ, ਇਸ ਦਾ ਥੀਮ ‘ਰੌਸ਼ਨੀ ਜਿੱਤੇਗੀ’ ਹੋਵੇਗਾ। ਇਸ ਦਿਨ ਆਸਟ੍ਰੇਲੀਆ ਭਰ ਵਿੱਚ ਅਤੇ ਸਾਰੇ ਕਾਮਨਵੈੱਲਥ ਸਰਕਾਰੀ ਇਮਾਰਤਾਂ ‘ਤੇ ਝੰਡੇ ਅੱਧੇ ਝੁਕਾਏ ਜਾਣਗੇ ਅਤੇ ਇਸ ਸਬੰਧੀ ਹੋਰ ਵੇਰਵੇ ਇਸ ਹਫ਼ਤੇ ਦੇ ਅਖੀਰ ਵਿੱਚ ਜਾਰੀ ਕੀਤੇ ਜਾਣਗੇ। ਇਹ ਏਕਤਾ ਅਤੇ ਯਾਦ ਦਾ ਇਕ ਸਮਾਗਮ ਹੋਵੇਗਾ, ਜੋ ਰੱਬਾਈ ਵੱਲੋਂ ਨਿਰਧਾਰਤ ਕੀਤਾ ਗਿਆ ਹੈ। ਇਸ ਦੇ ਲਈ ਬੌਂਡੀ ਦੀ ਚਾਬਾਡ ਕਮਿਊਨਿਟੀ ਦੇ ਰੂਹਾਨੀ ਨੇਤਾ ਰੱਬੀ ਉਲਮਾਨ ਵੱਲੋਂ ਬੇਨਤੀ ਕੀਤੀ ਗਈ ਸੀ। ਉਨ੍ਹਾਂ ਨੇ ਇਸ ਦੁਖਦਾਈ ਘਟਨਾ ਦੇ ਵਿੱਚ ਆਪਣੇ ਪ੍ਰੀਵਾਰਕ ਮੈਂਬਰਾਂ ਦੇ ਮਾਰੇ ਜਾਣ ਦੇ ਬਾਵਜੂਦ ਸਾਰੇ ਸੰਕਟ ਦੌਰਾਨ ਭਾਈਚਾਰੇ ਦੀ ਬੇਮਿਸਾਲ ਅਗਵਾਈ ਕੀਤੀ ਹੈ।”
ਵਰਨਣਯੋਗ ਹੈ ਕਿ ਪਿਛਲੇ ਸਾਲ ਬੌਂਡੀ ਬੀਚ ‘ਤੇ ਹੋਏ ਅੱਤਵਾਦੀ ਹਮਲੇ ਨੂੰ ਲੈਕੇ ਫੈਡਰਲ ਸਰਕਾਰ ਨੂੰ ਵੱਡੀ ਅਲੋਚਨਾ ਅਤੇ ਕਈ ਦਿੱਕਤਾਂ ਦਾ ਸ੍ਹਾਮਣਾ ਕਰਨਾ ਪਿਆ ਹੈ। ਸਰਕਾਰ ਵਲੋਂ ਇਸ ਦੁਖਦਾਈ ਘਟਨਾ ਤੋਂ ਪ੍ਰਭਾਵਿਤ ਪ੍ਰੀਵਾਰਾਂ ਅਤੇ ਯਹੂਦੀ ਭਾਈਚਾਰੇ ਦੇ ਰਿਸਦੇ ਜ਼ਖਮਾਂ ‘ਤੇ ਮੱਲ੍ਹਮ ਲਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸੇ ਲੜੀ ਦੇ ਵਿੱਚ ਕਈ ਦਿਨਾਂ ਦੀ ਕਸ਼ਮਕੱਸ਼ ਤੋਂ ਬਾਅਦ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਯਹੂਦੀ ਵਿਰੋਧ (ਐਂਟੀਸੈਮਿਟਿਜ਼ਮ) ਅਤੇ ਸਮਾਜਿਕ ਏਕਤਾ ਬਾਰੇ ਰੌਇਲ ਕਮਿਸ਼ਨ ਬਨਾਉਣ ਦਾ ਐਲਾਨ ਕੀਤਾ। ਇਸ ਰੌਇਲ ਕਮਿਸ਼ਨ ਦੀ ਅਗਵਾਈ ਸਾਬਕਾ ਹਾਈ ਕੋਰਟ ਜੱਜ ਵਰਜੀਨੀਆ ਬੈੱਲ ਕਰ ਰਹੀ ਹੈ ਜੋ 14 ਦਸੰਬਰ 2026 ਨੂੰ ਆਪਣੀ ਰਿਪੋਰਟ ਪੇਸ਼ ਕਰੇਗੀ। ਇਸ ਤੋਂ ਇਲਾਵਾ ਅਗਲੇ ਹਫ਼ਤੇ ਸੰਸਦ ਨੂੰ ਦੋ ਦਿਨਾਂ ਦੀ ਵਿਸ਼ੇਸ਼ ਬੈਠਕ ਲਈ ਵੀ ਮੁੜ ਬੁਲਾਇਆ ਤਾਂ ਜੋ ਨਵੇਂ ਨਫ਼ਰਤ ਭਰੇ ਭਾਸ਼ਣ (ਹੇਟ ਸਪੀਚ) ਅਤੇ ਗੰਨ ਕਾਨੂੰਨਾਂ ‘ਤੇ ਚਰਚਾ ਕੀਤੀ ਜਾ ਸਕੇ। ਡਰਾਫ਼ਟ ਓਮਨੀਬਸ ਬਿੱਲ ਹਥਿਆਰਾਂ ਨਾਲ ਸੰਬੰਧਤ ਪਿਛੋਕੜ ਵਾਰੇ ਫੈਡਰਲ ਜਾਂਚ ਨੂੰ ਕਾਫ਼ੀ ਵਧਾਉਂਦਾ ਹੈ, ਜਿਸ ਨਾਲ ਖੁਫੀਆ ਏਜੰਸੀਆਂ ਨੂੰ ਇਹ ਪਤਾ ਲਾਉਣ ਦੇ ਲਈ ਅਧਿਕਾਰ ਮਿਲਦਾ ਹੈ ਕਿ ਗੰਨ ਲਾਇਸੈਂਸ ਦੀ ਅਰਜ਼ੀ ਦੇਣ ਵਾਲਾ ਵਿਅਕਤੀ ਜਨਤਕ ਸੁਰੱਖਿਆ ਲਈ ਖ਼ਤਰਾ ਹੈ ਜਾਂ ਨਹੀਂ।