ਵਾਸ਼ਿੰਗਟਨ – ਕੋਰੋਨਾ ਮਹਾਮਾਰੀ ਦੀ ਰੋਕਥਾਮ ’ਚ ਭਾਰਤੀ ਸੰਸਥਾਨ ਆਈਸੀਐੱਮਆਰ ਦੇ ਬਿਹਤਰੀਨ ਪ੍ਰਦਰਸ਼ਨ ਤੋਂ ਪ੍ਰਭਾਵਿਤ ਹੋ ਕੇ ਅਮਰੀਕਾ 12.2 ਕਰੋੜ ਡਾਲਰ ਦੀ ਆਰਥਿਕ ਮਦਦ ਦੇਵੇਗਾ। ਅਮਰੀਕਾ ਨੇ ਆਗਾਮੀ ਮਹਾਮਾਰੀਆਂ ਨੂੰ ਰੋਕਣ, ਬਿਮਾਰੀ ਦੇ ਖ਼ਤਰਿਆਂ ਦਾ ਜਲਦੀ ਪਤਾ ਲਗਾਉਣ ਤੇ ਤੁਰੰਤ ਤੇ ਅਸਰਦਾਰ ਪ੍ਰਕਿਰਿਆ ਲਈ ਭਾਰਤ ਦੇ ਸਿਖਰਲੇ ਤਿੰਨ ਮੈਡੀਕਲ ਖੋਜ ਸੰਸਥਾਨਾਂ ਨੂੰ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਹੈ। 122,475,000 ਡਾਲਰ (9,52,46,01,000 ਰੁਪਏ) ਦੀ ਕੁਲ ਧਨ ਰਾਸ਼ੀ ਆਗਾਮੀ ਪੰਜ ਸਾਲਾਂ ’ਚ ਤਿੰਨ ਸਿਖਰਲੇ ਭਾਰਤੀ ਸਿਹਤ ਖੋਜ ਸੰਸਥਾਨਾਂ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈਸੀਐੱਮਆਰ), ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲਾਜੀ (ਐੱਨਆਈਵੀ) ਤੇ ਨੈਸ਼ਨਲ ਇੰਸਟੀਚਿਊਟ ਆਫ ਐਪੀਡੈਮਿਓਲਾਜੀ (ਐੱਨਆਈਈ) ਨੂੰ ਅਲਾਟ ਕੀਤੀ ਜਾਵੇਗੀ। ਰੋਗ ਕੰਟਰੋਲਰ ਤੇ ਰੋਕਥਾਮ ਕੇਂਦਰ (ਸੀਡੀਸੀ) ਵੱਲੋਂ ਬੁੱਧਵਾਰ ਨੂੰ ਐਲਾਨ ਕੀਤਾ ਗਿਆ। ਇਸ ਵਿੱਤੀ ਮਦਦ ਨਾਲ ਭਾਰਤ ’ਚ ਭਵਿੱਖ ’ਚ ਹੋਣ ਵਾਲੀਆਂ ਮਹਾਮਾਰੀਆਂ ਦੀ ਰੋਕਥਾਮ ’ਚ ਬਹੁਤ ਮਦਦ ਮਿਲੇਗੀ। ਇਸ ਨਾਲ ਆਈਸੀਐੱਮਆਰ ਸੰਸਥਾਨਾਂ ਦੇ ਉੱਭਰਦੇ ਤੇ ਆਗਾਮੀ ਰੋਗ ਜਨਕਾਂ ’ਤੇ ਧਿਆਨ ਕੇਂਦਰਿਤ ਕਰ ਕੇ ਲਾਗ ਰੋਗਾਂ ਦੇ ਖ਼ਤਰਿਆਂ ਤੋਂ ਸੁਰੱਖਿਅਤ ਕਰਨ ’ਚ ਸਮਰੱਥ ਹੋਵੇਗਾ। ਇਨ੍ਹਾਂ ’ਚੋਂ ਪ੍ਰਮੁੱਖ ਰੂਪ ਨਾਲ ਇਕ ਡਾਕਟਰੀ ਨਜ਼ਰੀਏ ਰਾਹੀਂ ਜੈਨੇਟਿਕ ਰੋਗ ਦੇ ਕਹਿਰ ਦਾ ਪਤਾ ਲਾਉਣਾ ਤੇ ਕੰਟਰੋਲ ਕਰਨਾ ਸ਼ਾਮਲ ਹੈ। ਟੀਕਾ ਸੁਰੱਖਿਆ ਨਿਗਰਾਨੀ ਪ੍ਰਣਾਲੀ ਦਾ ਮੁੱਲਾਂਕਣ, ਖੇਤਰ ਮਹਾਮਾਰੀ ਵਿਗਿਆਨ ਤੇ ਪ੍ਰਕੋਪ ਪ੍ਰਤੀਕਿਰਿਆ ’ਚ ਜਨਤਕ ਸਿਹਤ ਕਾਰਜ ਬਲ ਨੂੰ ਸਮਰੱਥ ਬਣਾਉਣਾ ਤੇ ਇਮੀਊਨਿਟੀ ਰੇੜਕੇ ਦਾ ਮੁਕਾਬਲਾ ਕਰਨਾ ਆਦਿ ਸ਼ਾਮਲ ਹੈ। ਸੀਡੀਸੀ ਨੇ ਕਿਹਾ ਕਿ ਆਈਸੀਐੱਮਆਰ ਇਸ ਕੰਮ ਨੂੰ ਕਰਨ ’ਚ ਸਮਰੱਥ ਹੈ ਕਿਉਂਕਿ ਇਹ ਮੂਲ ਰੂਪ ’ਚ ਭਾਰਤ ’ਚ ਬਾਇਓ ਮੈਡੀਕਲ ਖੋਜ ਦੇ ਨਿਰਮਾਣ, ਤਾਲਮੇਲ ਤੇ ਪ੍ਰਚਾਰ ਲਈ ਇਕ ਸਿਖਰ ਬਾਡੀ ਦੇ ਰੂਪ ’ਚ ਸਥਾਪਤ ਹੈ। ਹਾਲ ਦੇ ਸਾਲਾਂ ’ਚ ਇਸ ਨੇ ਲਾਗ ਰੋਗਾਂ ਦੀਆਂ ਜ਼ਿਆਦਾਤਰ ਲੈਬ ਅਧਾਰਤ ਨਿਗਰਾਨੀ ਕੀਤੀ ਹੈ। 30 ਸਤੰਬਰ, 2022 ਤੋਂ ਸ਼ੁਰੂ ਹੋਣ ਵਾਲੀ ਫੰਡਿੰਗ ਲਈ ਯੋਗਤਾ ਆਈਸੀਐੱਮਆਰ ਤੇ ਆਈਈਐੱਮਆਰ ਸੰਸਥਾਨਾਂ ਤਕ ਸੀਮਿਤ ਹੈ ਜਿਸ ’ਚ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲਾਜੀ (ਐੱਨਆਈਵੀ), ਪੁਣੇ ਤੇ ਨੈਸ਼ਨਲ ਇੰਸਟੀਚਿਊਟ ਆਫ ਐਪੀਡੈਮਿਓਲਾਜੀ (ਐੱਨਆਈਈ) ਚੇਨਈ ਸ਼ਾਮਲ ਹਨ।