ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਦੌਰਾਨ ਲੋਕ ਸਭਾ ’ਚ ਚੋਣ ਸੁਧਾਰਾਂ ਉਤੇ ਚਰਚਾ ਦੀ ਵਿਰੋਧੀ ਧਿਰ ਦੀ ਮੰਗ ਨੂੰ ਮਨਜ਼ੂਰ ਕਰ ਲਿਆ ਹੈ। ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਦੀ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਹੋਈ ਬੈਠਕ ’ਚ ਇਸ ਗੱਲ ਉਤੇ ਸਹਿਮਤੀ ਬਣੀ ਹੈ ਕਿ ਕੌਮੀ ਗੀਤ ‘ਵੰਦੇ ਮਾਤਰਮ’ ਦੀ ਰਚਨਾ ਦੇ 150 ਸਾਲ ਪੂਰੇ ਹੋਣ ਦੇ ਮੁੱਦੇ ਉਤੇ ਸਦਨ ’ਚ ਚਰਚਾ ਹੋਵੇਗੀ ਅਤੇ ਅਗਲੇ ਦਿਨ ਸਦਨ ’ਚ ਚੋਣ ਸੁਧਾਰਾਂ ਦੇ ਮੁੱਦੇ ਉਤੇ ਚਰਚਾ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਵੰਦੇ ਮਾਤਰਮ’ ਉਤੇ ਚਰਚਾ ਦੀ ਸ਼ੁਰੂਆਤ ਕਰਨਗੇ।
ਲੋਕ ਸਭਾ ਸਪੀਕਰ ਦੀ ਪ੍ਰਧਾਨਗੀ ’ਚ ਸਰਬ ਪਾਰਟੀ ਬੈਠਕ ’ਚ ਸੋਮਵਾਰ 8 ਦਸੰਬਰ ਨੂੰ ਦੁਪਹਿਰ 12 ਵਜੇ ਤੋਂ ਲੋਕ ਸਭਾ ’ਚ ਕੌਮੀ ਗੀਤ ‘ਵੰਦੇ ਮਾਤਰਮ’ ਦੀ 150ਵੀਂ ਵਰ੍ਹੇਗੰਢ ਉਤੇ ਅਤੇ ਮੰਗਲਵਾਰ 9 ਦਸੰਬਰ ਨੂੰ ਦੁਪਹਿਰ 12 ਵਜੇ ਤੋਂ ਚੋਣ ਸੁਧਾਰਾਂ ਉਤੇ ਚਰਚਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਚੋਣ ਸੁਧਾਰਾਂ ਦੇ ਮੁੱਦੇ ਉਤੇ ਚਰਚਾ ਦਾ ਸਮਾਂ 10 ਘੰਟੇ ਤੈਅ ਕੀਤਾ ਗਿਆ ਹੈ ਪਰ ਲੋੜ ਪੈਣ ਉਤੇ ਸਮਾਂ ਵਧਾਇਆ ਜਾ ਸਕਦਾ ਹੈ। ਲੋਕ ਸਭਾ ਸਪੀਕਰ ਨਾਲ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਦੀ ਮੁਲਾਕਾਤ ਤੋਂ ਬਾਅਦ ਬਿਜ਼ਨਸ ਐਡਵਾਈਜ਼ਰੀ ਕਮੇਟੀ (ਬੀ.ਏ.ਸੀ.) ਦੀ ਬੈਠਕ ਵੀ ਹੋਈ ਜਿਸ ’ਚ ਇਨ੍ਹਾਂ ਮੁੱਦਿਆਂ ਉਤੇ ਚਰਚਾ ਕਰਨ ਉਤੇ ਸਹਿਮਤੀ ਬਣੀ।
ਇਸ ਦੌਰਾਨ ਵਿਰੋਧੀ ਗਠਜੋੜ ‘ਇੰਡੀਆ’ (ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ) ਦੇ ਦੋਹਾਂ ਸਦਨਾਂ ਦੇ ਨੇਤਾ ਅੱਜ ਸੰਸਦ ਭਵਨ ’ਚ ਮੁਲਾਕਾਤ ਕਰਨਗੇ ਅਤੇ ਭਵਿੱਖ ਦੀ ਕਾਰਵਾਈ ਦਾ ਫੈਸਲਾ ਕਰਨਗੇ। ਕਾਂਗਰਸ ਦੇ ਸੰਸਦ ਮੈਂਬਰ ਮਨਿਕਮ ਟੈਗੋਰ ਨੇ ਦਾਅਵਾ ਕੀਤਾ ਹੈ ਕਿ ਆਖਰਕਾਰ ‘ਇੰਡੀਆ’ ਗਠਜੋੜ ਜਿੱਤ ਗਿਆ ਹੈ ਅਤੇ ਸਰਕਾਰ ਵਲੋਂ ਚੋਣ ਸੁਧਾਰਾਂ ਉਤੇ ਚਰਚਾ ਦੀ ਮੰਗ ਨੂੰ ਮਨਜ਼ੂਰ ਕਰਨ ਤੋਂ ਬਾਅਦ ‘ਹੰਕਾਰ’ ਨੂੰ ਝੁਕਣਾ ਪਿਆ।
ਵਰਨਣਯੋਗ ਹੈ ਕਿ ਵੋਟਰ ਸੂਚੀਆਂ ’ਚ ਵਿਸ਼ੇਸ਼ ਸੋਧ (ਐਸ.ਆਈ.ਆਰ.) ਸਮੇਤ ਕੁੱਝ ਮੁੱਦਿਆਂ ਉਤੇ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਵਲੋਂ ਭਾਰੀ ਹੰਗਾਮੇ ਕਾਰਨ ਵਿਘਨ ਦਾ ਸ਼ਿਕਾਰ ਲੋਕ ਸਭਾ ਵਿਚ ਮੰਗਲਵਾਰ ਨੂੰ ਵੀ ਕੋਈ ਕੰਮ ਨਾ ਹੋ ਸਕਿਆ। ਹੰਗਾਮੇ ਕਾਰਨ ਬੈਠਕ ਦਿਨ ਭਰ ਲਈ ਮੁਲਤਵੀ ਕਰ ਦਿਤੀ ਗਈ। ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਦੂਜੇ ਦਿਨ ਵੀ ਲੋਕ ਸਭਾ ਵਿਚ ਰੇੜਕਾ ਜਾਰੀ ਰਿਹਾ ਅਤੇ ਸਦਨ ਦੀ ਕਾਰਵਾਈ ਦੋ ਵਾਰੀ ਮੁਲਤਵੀ ਹੋਣ ਤੋਂ ਬਾਅਦ ਦੁਪਹਿਰ ਦੋ ਵਜ ਕੇ ਪੰਜ ਮਿੰਟ ਉਤੇ ਦਿਨ ਭਰ ਲਈ ਮੁਲਤਵੀ ਕਰ ਦਿਤੀ ਗਈ। ਵਿਰੋਧੀ ਧਿਰ ਦੇ ਮੈਂਬਰ ‘ਐਸ.ਆਈ.ਆਰ. ਉਤੇ ਚਰਚਾ ਹੋਵੇ’ ਦੇ ਨਾਅਰੇ ਲਗਾ ਰਹੇ ਸਨ। ਪ੍ਰੀਜ਼ਾਈਡਿੰਗ ਚੇਅਰਮੈਨ ਦਿਲੀਪ ਸੈਕੀਆ ਨੇ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੂੰ ਅਪਣੀਆਂ ਸੀਟਾਂ ਉਤੇ ਬੈਠਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੇ ਜੋ ਵੀ ਮੁੱਦੇ ਹਨ ਉਨ੍ਹਾਂ ਉਤੇ ਸਦਨ ’ਚ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ, ‘‘ਦੇਸ਼ ਦੇ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਦੇ ਮੁੱਦਿਆਂ ਉਤੇ ਇੱਥੇ ਚਰਚਾ ਕੀਤੀ ਜਾਵੇ। ਤੁਸੀਂ ਸਾਰੇ ਜ਼ਿੰਮੇਵਾਰ ਵਿਰੋਧੀ ਧਿਰ ਹੋ। ਕਿਰਪਾ ਕਰ ਕੇ ਬੈਠੋ।’’