ਵਿਅੰਗ: ਕੀਮਤੀ ਚਮਚੇ !

ਦੱਖਣੀ ਲਹਿਜੇ ‘ਚ ਫੁਰਮਾਨਵਾਨ ਹੋਇਆ,” ਸਪੂਨੱ, ਨੋ ਸਪੂਨੱ” (ਚਮਚੇ, ਹੈ ਨਹੀਂ ਚਮਚੇ)।

ਲੇਖਕ: ਪ੍ਰੋ. ਜਸਵੰਤ ਸਿੰਘ ਗੰਡਮ, ਫਗਵਾੜਾ

ਮੱਖਣਬਾਜ਼ਾਂ ਅਤੇ ਵਿਕਾਊ ਮਾਲ ਨੂੰ ਚਮਚੇ ਕਹਿੰਦੇ ਹਨ। ਕੀਮਤ ਤਾਂ ਕੋਈ ਇਹਨਾ ਦੀ ਵੈਸੇ ਖਾਸ ਨਹੀਂ ਹੁੰਦੀ ਪਰ ਇਹ ਆਪਣੀ ਚਮਚਾਗੀਰੀ ਦੀ ਕਲਾ ਕਾਰਨ ਆਪਣੇ ਆਪ ਨੂੰ ਕੀਮਤੀ ਬਣਾ ਲੈਂਦੇ ਹਨ। ਕੋਈ ਸਸਤੀ ਸ਼ੈਅ ਕਿਸੇ ਭਾਅ ਵੀ ਵਿਕ ਜਾਏ, ਕੀਮਤੀ ਹੀ ਹੁੰਦੀ ਹੈ।

ਦਰਅਸਲ ਚਮਚਾਗੀਰੀ ਗੋਭੀ ਦੇ ਫੁੱਲ ਨੂੰ ਗੁੁਲਾਬ ਦਾ ਫੁੱਲ਼ ਕਹਿਣ ਅਤੇ ਮਨਵਾਉਣ ਦੀ ਕਲਾ ਦਾ ਨਾਮ ਹੈ।

ਪਰ ਇਥੇ ਅਸੀਂ ਚਮਚਿਆਂ ਦਾ ਅਲੰਕਾਰਿਕ ਪੱਖ ਨਹੀਂ ਲੈਣ ਲੱਗੇ, ਜਾਣੀ ਉਹਨਾ ਚਮਚਿਆਂ ਬਾਰੇ ਨਹੀਂ ਲਿਖਣ ਲੱਗੇ ਜੋ ਲੀਡਰਾਂ, ਰੁਤਬੇਦਾਰ ਲੋਕਾਂ ਜਾਂ ਸਰਦੇ-ਪੁਜਦੇ ਲੋਟਣਬਾਜ਼ਾਂ ਮਗਰ ਇਉਂ ਘੁੰਮਦੇ ਹਨ ਜਿਵੇਂ ਗਿੱਲੇ ਗੁੜ ਗਿਰਦ ਘਰੇਲੂ ਮੱਖੀਆਂ!

ਅਸੀਂ ਚਮਚਿਆਂ ਦੇ ਸ਼ਾਬਦਿਕ ਪੱਖ ਦੀ ਗੱਲ ਈ ਕਰਨ ਲੱਗੇ ਹਾਂ (ਕਿਧਰੇ ਅਲੰਕਾਰਿਕ ‘ਐਂਗਲ’ ਘੁਸਪੈਂਠ ਕਰ ਜਾਏ ਤਾਂ ਖਿਮਾ ਕਰ ਦੇਣਾ)।

ਉਂਝ ਤਾਂ ਆਮ ਚਮਚੇ ਵੀ ਬਹੁਤੇ ਮਹਿੰਗੇ ਨਹੀਂ ਹੁੰਦੇ ਪਰ ਜਿਹਨਾ ਚਮਚਿਆਂ ਸਬੰਧੀ ਅਸੀਂ ਘੁਮਾਉਦਾਰ ਲਹਿਜੇ ‘ਚ ਲਿਖਣ ਲਗੇ ਹਾਂ ਉਹ ਤਾਂ ਵਾਕਿਆ ਈ ਸੋਨੇ ਦੇ ਰੇਟਾਂ ਵਾਂਗ ਹਾਰੀ-ਸਾਰੀ ਦੀ ਪਹੁੰਚ ਤੋਂ ਪਰ੍ਹੇ ਸਨ।

ਕੁਝ ਸਾਲ ਪਹਿਲਾਂ ਅਸੀਂ ਦੱਖਣੀ ਭਾਰਤ ਦੀ ਇੱਕ ਯੁੂਨੀਵਰਸਿਟੀ ਵਿਚ ਕਾਲਜਾਂ ਅਤੇ ਵਿਸ਼ਵ-ਵਿਦਿਆਲਿਆਂ ਦੇ ਪ੍ਰੋਫੈਸਰਾਂ ਦੀ ਰਾਸ਼ਟਰੀ ਕਾਨਫਰੰਸ ਵਿਚ ਹਿਸਾ ਲੈਣ ਗਏ। 6-700 ਪ੍ਰੋਫੈਸਰਾਂ ਦੀ ਇਸ ਕਾਨਫਰੰਸ ‘ਚ ਅਸੀਂ ਸਿਰਫ 6 ਜਣੇ ਪੰਜਾਬ ‘ਚੋਂ ਸਾਂ। ਇਸ ਵਿਚ ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂੁਨੀਅਨ ਦੇ ਦਿੱਗਜ ਆਗੂ ਪ੍ਰੋ. ਦਿਲਬਾਗ ਸਿੰਘ ਗਿੱਲ ਅਤੇ ਪ੍ਰੋ. ਸੁਖਬੀਰ ਸਿੰਘ ਚੱਠਾ ਤੋਂ ਇਲਾਵਾ ਆਲ ਇੰਡੀਆ ਫੈਡਰੇਸ਼ਨ ਆਫ ਯੁੂਨੀਵਰਸਿਟੀ ਐਂਡ ਕਾਲਜ ਟੀਚਰਜ਼ ਆਰਗੇਨਾਈਜ਼ੇਸ਼ਨਜ਼ ਦੇ ਵੱਡੇ ਆਗੂ ਡਾ.ਵੀ.ਕੇ.ਤਿਵਾੜੀ ਸ਼ਾਮਲ ਸਨ। ਹੋਰ ਮੈਂਬਰਾਂ ਵਿਚ ਡਾ. (ਮਿਸਿਜ਼) ਸਰਿਤਾ ਤਿਵਾੜੀ, ਡਾ.ਗ.ਸ. ਬਰਾੜ ਅਤੇ ਇਹਨਾ ਸਤਰਾਂ ਦਾ ਲੇਖਕ ਸ਼ਾਮਲ ਸਨ। (ਪ੍ਰੋ. ਗਿੱਲ, ਡਾ. ਤਿਵਾੜੀ ਅਤੇ ਡਾ.ਬਰਾੜ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ)।

ਪਹਿਲੀ ਰਾਤ ਖਾਣਾ ਖਾਣ ਲੱਗੇ ਤਾਂ 3 ਗੱਲਾਂ ਨੇ ਹੈਰਾਨ ਜਿਹਾ ਕਰ ਦਿਤਾ। ਪਹਿਲੀ, ਅਸੀਂ ਦੇਖਿਆ ਕਿ ਖਾਣਾ ਪੱਤਲਾਂ ਵਿਚ ਪ੍ਰੋਸਿਆ ਗਿਆ ਸੀ। ਸਾਡੇ ਲਈ ਇਹ ਬਿਲਕੁਲ ਨਵੀਂ ਗੱਲ ਸੀ ਜਿਸ ਬਾਰੇ ਸੁਣਿਆਂ ਤਾਂ ਸੀ ਪਰ ਕਦੀ ਵਾਹ ਨਹੀਂ ਸੀ ਪਿਆ। ਦੂਸਰੀ, ਬਹੁਤੇ ਲੋਕ ਹੱਥਾਂ ਨਾਲ ਹੀ ਖਾ ਰਹੇ ਸਨ। ਇਥੇ ਪੁੱਛਿਆ ਜਾ ਸਕਦੇੈ ਕਿ ਤੁਸੀਂ ਕਿਹੜਾ ਪੈਰਾਂ ਨਾਲ ਖਾ ਰਹੇ ਸੀ? ਹਾਂ, ਖਾ ਤਾਂ ਅਸੀਂ ਵੀ ਹੱਥਾਂ ਨਾਲ ਹੀ ਰਹੇ ਸੀ ਪਰ ਅਸੀਂ ਤੀਸਰੀ ਗੱਲ ਤੋਂ ਹੈਰਾਨੀ ਦੇ ਨਾਲ ਖਾਸੀ ਪ੍ਰੇਸ਼ਾਨੀ ਵੀ ਝੱਲ ਰਹੇ ਸਾਂ। ਉਹ ਸੀ ਪੱਤਲਾਂ ਤੋਂ ਚਮਚਿਆਂ ਦੀ ਗੈਰ-ਹਾਜ਼ਰੀ।

ਬਾਕੀ ਖਾਣ ਵਾਲੇ ਦਾਲ-ਚੌਲ ਜਾਂ ਹੋਰ ਸਾਗ-ਸਬਜ਼ੀਆਂ ਨੂੰ ਹੱਥਾਂ ਨਾਲ ਮਿਕਸ ਕਰਕੇ ਇਕ ਗੋਲਾ ਜਿਹਾ ਬਣਾ ਕੇ ਖਾ ਰਹੇ ਸਨ ਤੇ ਖਾਂਦਿਆਂ ਖਾਂਦਿਆਂ ਦੂਸਰਾ ਗੋਲਾ ਬਣਾਈ ਜਾ ਰਹੇ ਸਨ। ਉਹ ਸਾਰੇ ਪਦਾਰਥਾਂ ਵਿਚ ਆਪਣੀਆਂ ਉਂਗਲਾਂ ਇੰਝ ਫੇਰਦੇ ਸਨ ਜਿਵੇਂ ਸਾਡੀਆਂ ਬੀਬੀਆਂ-ਭੈੇਣਾਂ ਆਟਾ ਗੁੰਨ੍ਹਣ ਵੇਲੇ ਫੇਰਦੀਆਂ ਹਨ। ਉਹ ਬੜੇ ਹੀ ਮਜ਼ੇ ਨਾਲ ਹੱਥਾਂ-ਬਾਹਵਾਂ ਉਪਰ ਲੱਗੇ/ਕਿਰੇ ਤਰਲ ਪਦਾਰਥਾਂ ਨੂੰ ਚਟਖਾਰੇ ਲੈ ਲੈ ਚੱਟੀ ਵੀ ਜਾ ਰਹੇ ਸਨ।

ਸਾਡੇ ਲਈ ਇਹ ਅਸਲੋਂ ਹੀ ਵਿਲੱਖਣ ਵਰਤਾਰਾ ਸੀ। ਪਤਲੀ ਜਿਹੀ ਦਾਲ ਨਾਲ ਚੌਲ ਅਤੇ ਰੋਟੀ ਦੀ ਅਣਹੋਂਦ ਸਾਡੀ ਮੁਸ਼ਕਿਲ ਨੂੰ ਮੁਸੀਬਤ ਬਣਾ ਰਹੀ ਸੀ। ਇਹ ਨਹੀਂ ਕਿ ਅਸੀਂ ਕੋਈ ਚਾਂਦੀ ਜਾਂ ਸੋਨੇ ਦੇ ਚਮਚੇ ਮੂੰਹ ਵਿਚ ਲੈ ਕੇ ਪੈਦਾ ਹੋਏ ਸਾਂ ਤੇ ਜਾਂ ਅਸੀਂ ਕਦੀ ਹੱਥੋ-ਹੱਥੀ ਲਪਕ ਲਪਕ ਖਾਧਾ ਨਹੀਂ ਸੀ। ਅਸੀਂ ਸਾਰੇ ਸਧਾਰਨ ਘਰਾਂ ਵਿਚ ਪੇਂਡੂ ਪਿਛੋਕੜ ਵਾਲੇ ਨਿਮਨ ਮੱਧ ਵਰਗੀ ਪਰਿਵਾਰਾਂ ‘ਚ ਪੈਦਾ ਹੋਏ ਸਾਂ। ਮੈਂ ਤਾਂ ਹੱਥੀਂ ਖੇਤੀ ਕਰਦਾ ਰਿਹਾ ਹਾਂ ਅਤੇ ਸ਼ਾਹਵੇਲਾ ਖੇਤਾਂ ਵਿਚ ਬੈਠ ਕੇ ਖਾਣ ਤੋਂ ਪਹਿਲਾਂ ਕਈ ਵਾਰ ਹੱਥ ਵੀ ਖੇਤਾਂ ਦੀ ਮਿੱਟੀ ਨਾਲ ਧੋਂਦਾ/ਸਾਫ ਕਰਦਾ ਰਿਹਾਂ।

ਜਦ ਗੱਲ ਸਾਡੇ ਵਸੋਂ ਬਾਹਰ ਜਿਹੇ ਹੋ ਗਈ ਤਾਂ ਅਸੀਂ ਮਜਬੂਰਨ ਮੈੱਸ ਦੇ ਮੁਖੀ ਨੂੰ ਮਿਹਰਬਾਨ ਹੋ ਚਮਚੇ ਪ੍ਰਦਾਨ ਕਰਨ ਦੀ ਪ੍ਰਾਰਥਨਾ ਕੀਤੀ। ਸਾਡੀ ‘ਪ੍ਰਾਰਥਨਾ’ ਸੁਣ ਕੇ ਪਹਿਲਾਂ ਤਾਂ ਉਹ ਹੈਰਾਨ ਹੋਇਆ, ਫਿਰ ਪ੍ਰੇਸ਼ਾਨ ਹੋਇਆ ਅਤੇ ਆਖਿਰ ‘ਚ ਦੱਖਣੀ ਲਹਿਜੇ ‘ਚ ਫੁਰਮਾਨਵਾਨ ਹੋਇਆ,” ਸਪੂਨੱ, ਨੋ ਸਪੂਨੱ” (ਚਮਚੇ, ਹੈ ਨਹੀਂ ਚਮਚੇ)।

ਮੈੱਸ ਦਾ ਮੁਖੀ ਬੜਾ ਹਲੀਮ, ਸਲੀਕੇਦਾਰ ਅਤੇ ਸਨਿਮਰ ਸੀ। ਉਸ ਨੇ ਦੱਸਿਆ ਕਿ ਪੂਰੀ ਮੈੱਸ ਵਿਚ ਇਕ ਵੀ ਚਮਚਾ ਨਹੀਂ ਸੀ। ਅਸੀਂ ਉਹਨੂੰ ਅੱਗੋਂ ਦਸਿਆ ਕਿ ਸਾਡੇ ਵੱਲ ਤਾਂ ਚਮਚੇ ‘ਤੇ ਚਮਚਾ ਠਾਹ ਚਮਚਾ ਵਾਲੀ ਅਵਸਥਾ ਹੈ, ਇੱਟ ਚੁੱਕੋ ਤਾਂ 5 ਇੱਟ ਉੱਪਰ ਤੇ 10 ਇੱਟ ਹੇਠਾਂ ਪਏ ਮਿਲਣਗੇ! ਛਨ ਛਨਾ ਨਨ ਛਨ ਹੁੰਦੀ ਰਹਿੰਦੀ ਹੈ ਚਮਚਿਆਂ ਦੀ! ਉਹ ਬੋਲਿਆ ਤਾਂ ਕੁਝ ਨਾ ਪਰ ਉਸ ਦੇ ਅੱਡੇ ਹੋਏ ਆਨੇ ਉਸ ਦਾ ਅਚੰਭਾ ਅੇੈਲਾਨ ਰਹੇ ਸਨ।

ਉਸ ਨੇ ਸਾਨੂੰ ਉਸ ਰਾਤ ਤਾਂ ਬੇਚਮਚੀ ਦੇ ਆਲਮ ‘ਚ ਗੁਜ਼ਾਰਾ ਕਰਨ ਲਈ ਬੇਨਤੀ ਕੀਤੀ ਤੇ ਨਾਲ ਹੀ ਭਰੋਸਾ ਦਿਤਾ ਕਿ ਉਹ ਅਗਲੀ ਸਵੇਰ ਆਪ ਸ਼ਹਿਰ ਜਾ ਕੇ ਚਮਚੇ ਲੱਭੇਗਾ।

ਤੇ ਅਗਲੇ ਦਿਨ ਸਾਨੂੰ ਚਮਚੇ ਮਿਲ ਗਏ! ਸਾਰੇ 6 ਜਣਿਆਂ ਨੂੰ!

ਫਿਰ ਜਿੰਨੇ ਦਿਨ ਅਸੀਂ ਉਥੇ ਰਹੇ ਤਾਂ ਹਰ ਖਾਣਾ ਖਤਮ ਹੋਣ ਸਾਰ ਹੀ ਮੈੱਸ ਦਾ ਮੁਖੀ ਆਪ ਦੁੜਕੀ ਲਗਾ ਕੇ ਸਾਡੇ ਵੱਲ ਆਉਂਦਾ ਤੇ ਚਮਚੇ ਸਾਂਭਦਾ। ਉਹ ਆਪਣੇ ਕਿਸੇ ਮੁਲਾਜ਼ਮ ਜਾਂ ਹੋਰ ਸਹਿਯੋਗੀ ਨੂੰ ਇਹ ‘ਮਹਾਂ-ਮਹੱਤਵਪੂਰਨ’ ਕੰਮ ਨਾ ਸੌਂਪਦਾ। “ਸਾਰਾ ਸ਼ਹਿਰ ਘੁੰੰਮਣ ਮਗਰੋਂ ਮਸੀਂ 6 ਚਮਚੇ ਮਿਲੇ। ਇਹਨਾ ਵਿਚੋਂ ਜੇ ਇਕ ਵੀ ਗੁਆਚ ਗਿਆ ਤਾਂ ਹੋਰ ਨਹੀਂ ਮਿਲਣਾ,” ਉਸ ਨੇ ਆਪਣੀ ਚਮਚਿਆਂ ਨੂੰ ਸਾਂਭਣ ਲਈ ਸਾਡੇ ਵੱਲ ਅਹੁਲ ਕੇ ਆਉਣ ਦੀ ਬੇਬਸੀ ਬਾਰੇ ਬਿਆਨ ਕੀਤਾ।

ਵਾਹ, ਕਮਾਲ ਹੈ! ਚਮਚੇ ਐੇਨੇ ਵੀ ਕੀਮਤੀ ਹੋ ਸਕਦੇ ਹਨ!
ਸਾਡੇ ਲਈ ਤਾਂ ਇਹ ‘ਬਰੇਕਿੰਗ ਨਿਯੂਜ਼’ ਵਰਗੀ ਗੱਲ ਸੀ!

Related posts

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

Sussan Ley Extends Thai Pongal 2026 Greetings to Tamil Community

ਵਿਕਟੋਰੀਅਨ ਅੱਗ ਪੀੜਤਾਂ ਲਈ ਹੋਰ ਫੰਡ, ‘ਲੁੱਕ ਓਵਰ ਦ ਫਾਰਮ ਗੇਟ’ ਦੀ ਵੀ ਸ਼ੁਰੂਆਤ !