ਵਿਕਟੋਰੀਆ ਅਤੇ ਫੈਡਰਲ ਸਰਕਾਰ ਨੇ ਅੱਗ ਨਾਲ ਪ੍ਰਭਾਵਿਤ ਵਿਕਟੋਰੀਆ ਦੇ ਵਾਸੀਆਂ ਲਈ ਹੋਰ ਸਹਾਇਤਾ ਦਾ ਐਲਾਨ ਕੀਤਾ ਹੈ ਤਾਂ ਜੋ ਲੋਕ ਆਪਣੀ ਜ਼ਿੰਦਗੀ ਮੁੜ ਸਹੀ ਲੀਹਾਂ ‘ਤੇ ਲਿਆ ਸਕਣ। ਪ੍ਰੀਮੀਅਰ ਜਸਿੰਟਾ ਐਲਨ ਨੇ ਅੱਜ ਨਾਟੀਮੁਕ ਦਾ ਦੌਰਾ ਕਰਕੇ ਅੱਗ ਨਾਲ ਪ੍ਰਭਾਵਿਤ ਇਲਾਕਿਆਂ ਲਈ ਨਵਾਂ ਸਹਾਇਤਾ ਪੈਕੇਜ ਦਾ ਐਲਾਨ ਕੀਤਾ। ਇਸ ਪੈਕੇਜ ਵਿੱਚ ਕਿਸਾਨਾਂ ਲਈ ਹੋਰ ਵਿੱਤੀ ਮਦਦ ਅਤੇ ਮਾਨਸਿਕ ਸਿਹਤ ਸਹਾਇਤਾ ਸ਼ਾਮਲ ਹੈ।
ਨਵੇਂ ਸਹਾਇਤਾ ਪੈਕੇਜ ਦੇ ਵਿੱਚ ਫੈਡਰਲ ਅਤੇ ਵਿਕਟੋਰੀਆ ਸਰਕਾਰ ਦੇ ਸਾਂਝੇ ਆਫ਼ਤ ਪੁਨਰਵਾਸ ਫੰਡ ਅਤੇ ਸ਼ੁਰੂਆਤੀ ਨਿੱਜੀ ਮਦਦ ਸਕੀਮ ਤੋਂ ਇਲਾਵਾ, ਉਹ ਲੋਕ ਜਿਨ੍ਹਾਂ ਦੇ ਘਰ ਅੱਗ ਵਿੱਚ ਸੜ ਗਏ ਹਨ, ਉਨ੍ਹਾਂ ਨੂੰ ਹੋਰ ਵਿੱਤੀ ਮਦਦ ਦਿੱਤੀ ਜਾਵੇਗੀ। ਬਿਨਾਂ ਬੀਮੇ ਵਾਲੇ ਯੋਗ ਪਰਿਵਾਰਾਂ ਨੂੰ ਆਪਣੇ ਰਿਹਾਇਸ਼ੀ ਘਰ ਨੂੰ ਦੁਬਾਰਾ ਬਣਾਉਣ ਲਈ 52,250 ਡਾਲਰ ਤੱਕ ਦੀ ਮਦਦ ਦਿੱਤੀ ਜਾਵੇਗੀ। ਜਿਨ੍ਹਾਂ ਕਿਸਾਨਾਂ ਨੂੰ ਫ਼ਸਲਾਂ ਅਤੇ ਪਸ਼ੂਆਂ ਦੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ, ਉਨ੍ਹਾਂ ਲਈ ਸਰਕਾਰ ਵੱਲੋਂ ਮਾਨਸਿਕ ਸਿਹਤ ਅਤੇ ਹੋਰ ਸਹਾਇਤਾ ਦਿੱਤੀ ਜਾਵੇਗੀ ਤਾਂ ਜੋ ਉਹ ਇਸ ਸਦਮੇ ਤੋਂ ਬਾਹਰ ਆ ਸਕਣ। ਇਸ ਸਹਾਇਤਾ ਵਿੱਚ ਮੁਫ਼ਤ ਅਤੇ ਗੁਪਤ ਕਾਊਂਸਲਿੰਗ, ਨਾਲ ਹੀ ਵਿੱਤੀ ਅਤੇ ਕਾਰੋਬਾਰੀ ਸਲਾਹ ਵੀ ਸ਼ਾਮਲ ਹੈ ਜੋ ਰੂਰਲ ਫਾਇਨੈਂਸ਼ਲ ਕਾਊਂਸਲਿੰਗ ਸਰਵਿਸ ਰਾਹੀਂ ਦਿੱਤੀ ਜਾਵੇਗੀ। ਕਾਊਂਸਲਰ ਅੱਗ ਨਾਲ ਪ੍ਰਭਾਵਿਤ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਘਰ ‘ਤੇ ਜਾਂ ਫ਼ੋਨ ਰਾਹੀਂ ਸਹਾਇਤਾ ਦੇਣਗੇ। ਸਰਕਾਰ ਨੇ ‘ਲੁੱਕ ਓਵਰ ਦ ਫਾਰਮ ਗੇਟ’ ਪ੍ਰੋਗਰਾਮ ਦੀ ਸ਼ੁਰੂਆਤ ਵੀ ਪਹਿਲਾਂ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਪ੍ਰੋਗਰਾਮ ਹੁਣ ਸ਼ੁੱਕਰਵਾਰ, 16 ਜਨਵਰੀ 2026 ਤੋਂ ਲਾਗੂ ਹੋਵੇਗਾ। ਇਸ ਤਹਿਤ ਭਾਈਚਾਰਿਆਂ ਨੂੰ 5,000 ਤੱਕ ਦੀਆਂ ਗ੍ਰਾਂਟਾਂ ਦਿੱਤੀਆਂ ਜਾਣਗੀਆਂ ਤਾਂ ਜੋ ਸਮਾਗਮ ਅਤੇ ਗਤੀਵਿਧੀਆਂ ਰਾਹੀਂ ਮਾਨਸਿਕ ਸਿਹਤ ਅਤੇ ਆਪਸੀ ਸਹਿਯੋਗ ਨੂੰ ਮਜ਼ਬੂਤ ਕੀਤਾ ਜਾ ਸਕੇ। ਸਰਕਾਰ ਨੇ ਕਿਸਾਨਾਂ ਲਈ ਆਪਣੇ ਪਸ਼ੂਆਂ ਦੀ ਸੁਰੱਖਿਆ ਦੀ ਜਾਂਚ ਕਰਨਾ ਵੀ ਆਸਾਨ ਬਣਾ ਦਿੱਤਾ ਹੈ। ਪਸ਼ੂਆਂ ਦੀ ਭਲਾਈ ਲਈ ਚਿੰਤਤ ਜ਼ਮੀਨ ਮਾਲਕ ਐਗਰੀਕਲਚਰ ਵਿਕਟੋਰੀਆ (1800 226 226) ‘ਤੇ ਸੰਪਰਕ ਕਰ ਸਕਦੇ ਹਨ। ਅਧਿਕਾਰੀ ਸੁਰੱਖਿਅਤ ਤਰੀਕੇ ਨਾਲ ਜ਼ਮੀਨ ‘ਤੇ ਪਹੁੰਚ ਯਕੀਨੀ ਬਨਾਉਣਗੇ। ਅੱਗ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸਰਕਾਰ ਨੇ 2026 ਵਿਕਟੋਰੀਅਨ ਬੁਸ਼ਫਾਇਰ ਅਪੀਲ ਦੀ ਸ਼ੁਰੂਆਤ ਵੀ ਕੀਤੀ ਹੈ ਤਾਂ ਜੋ ਲੋਕ ਆਸਾਨੀ ਨਾਲ ਦਾਨ ਕਰ ਸਕਣ। ਇਸ ਅਪੀਲ ਹੇਠ ਮਿਲਣ ਵਾਲਾ 100 ਫ਼ੀਸਦੀ ਦਾਨ ਸਿੱਧਾ ਪ੍ਰਭਾਵਿਤ ਭਾਈਚਾਰਿਆਂ ਤੱਕ ਪਹੁੰਚੇਗਾ। ਸਰਕਾਰ ਸਾਰੇ ਪ੍ਰਸ਼ਾਸਕੀ ਖਰਚੇ ਖੁਦ ਭਰੇਗੀ। ਔਨਲਾਈਨ ਦਾਨ ਕੱਲ੍ਹ ਤੋਂ ਸ਼ੁਰੂ ਹੋ ਜਾਣਗੇ।
ਇਸੇ ਦੌਰਾਨ ਫੈਡਰਲ ਐਮਰਜੈਂਸੀ ਮੈਨੇਜਮੈਂਟ ਮਨਿਸਟਰ ਕ੍ਰਿਸਟੀ ਮੈਕਬੇਨ ਨੇ ਕਿਹਾ ਹੈ ਕਿ, “ਅਸੀਂ ਵਿਕਟੋਰੀਅਨ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਤਾਂ ਜੋ ਪ੍ਰਭਾਵਿਤ ਲੋਕ ਜਲਦੀ ਮੁੜ ਆਪਣੇ ਪੈਰਾਂ ‘ਤੇ ਆ ਸਕਣ। ਸਾਨੂੰ ਪਤਾ ਹੈ ਕਿ ਬਹੁਤ ਸਾਰੇ ਵਿਕਟੋਰੀਆ ਵਾਸੀ ਆਪਣੇ ਕਿਸਾਨਾਂ ਅਤੇ ਅੱਗ ਨਾਲ ਪ੍ਰਭਾਵਿਤ ਭਾਈਚਾਰਿਆਂ ਦੀ ਮਦਦ ਲਈ ਦਿਲੋਂ ਸਹਿਯੋਗ ਦੇਣਾ ਚਾਹੁੰਦੇ ਹਨ, ਇਸੇ ਲਈ ਅਸੀਂ ਵਿਟੋਰੀਅਨ ਬੁਸ਼ਫਾਇਰ ਅਪੀਲ ਸ਼ੁਰੂ ਕੀਤੀ ਹੈ।”
ਵਿਕਟੋਰੀਆ ਦੀ ਪ੍ਰੀਮੀਅਰ ਜਸਿੰਟਾ ਐਲਨ ਨੇ ਹੋਰ ਦੱਸਿਆ ਕਿ, “ਅੱਜ ਮੈਂ ਨਾਟੀਮੁਕ ਵਿੱਚ ਸਥਾਨਕ ਲੋਕਾਂ ਨਾਲ ਮੌਕੇ ‘ਤੇ ਮੌਜੂਦ ਸੀ, ਜਿਨ੍ਹਾਂ ਨੂੰ ਸ਼ੁੱਕਰਵਾਰ ਨੂੰ ਲੱਗੀਆਂ ਭਿਆਨਕ ਅੱਗ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਜਦੋਂ ਨਾਟੀਮੁਕ ਵਾਸੀ ਪੁਨਰਵਾਸ ਦੇ ਲੰਬੇ ਸਫ਼ਰ ਦੀ ਸ਼ੁਰੂਆਤ ਕਰ ਰਹੇ ਹਨ, ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਰਹਾਂਗੇ। ਇਸ ਸਮੇਂ ਵੀ ਵਿਟੋਰੀਆ ਦੇ ਕੁੱਝ ਇਲਾਕਿਆਂ ਵਿੱਚ ਅੱਗ ਸਰਗਰਮ ਹੈ ਅਤੇ ਟੈਲੈਂਗਾਟਾ ਵੈਲੀ ਦੇ ਆਲੇ-ਦੁਆਲੇ ਐਮਰਜੈਂਸੀ ਚੇਤਾਵਨੀ ਜਾਰੀ ਹੈ। ਮੈਲੀ, ਵਿਮੇਰਾ, ਨਾਰਥ ਸੈਂਟਰਲ, ਨਾਰਥ ਈਸਟ ਅਤੇ ਸਾਊਥ ਵੈਸਟ ਖੇਤਰਾਂ ਵਿੱਚ ਅੱਗ ਦਾ ਖਤਰਾ ਹਾਲੇ ਵੀ ਉੱਚ ਪੱਧਰ ‘ਤੇ ਹੈ। ਜਦੋਂ ਸਾਡੀਆਂ ਐਮਰਜੈਂਸੀ ਸੇਵਾਵਾਂ ਅੱਗ ‘ਤੇ ਕਾਬੂ ਪਾਉਣ ਲਈ ਕੰਮ ਕਰ ਰਹੀਆਂ ਹਨ, ਉਸੇ ਸਮੇਂ ਅਸੀਂ ਅੱਗ ਨਾਲ ਪ੍ਰਭਾਵਿਤ ਵਿਕਟੋਰੀਆ ਵਾਸੀਆਂ ਲਈ ਹੋਰ ਸਹਾਇਤਾ ਵੀ ਮੁਹੱਈਆ ਕਰ ਰਹੇ ਹਾਂ। ਇਹ ਸਹਾਇਤਾ ਨਾਟੀਮੁਕ ਵਰਗੇ ਭਾਈਚਾਰਿਆਂ ਲਈ ਮਦਦਗਾਰ ਹੋਵੇਗੀ, ਖ਼ਾਸ ਕਰਕੇ ਉਨ੍ਹਾਂ ਲਈ ਜਿਨ੍ਹਾਂ ਦੇ ਘਰ ਅੱਗ ਵਿੱਚ ਸੜ ਗਏ ਹਨ। ਇਸ ਤਹਿਤ ਯੋਗ ਬਿਨਾਂ ਬੀਮੇ ਵਾਲੇ ਪ੍ਰੀਵਾਰਾਂ ਨੂੰ ਆਪਣੇ ਘਰ ਮੁੜ ਬਨਾਉਣ ਲਈ 52,250 ਡਾਲਰ ਤੱਕ ਦੀ ਵਿੱਤੀ ਮਦਦ ਦਿੱਤੀ ਜਾਵੇਗੀ। ਕਿਸਾਨਾਂ ਲਈ ਵੀ ਮਾਨਸਿਕ ਸਿਹਤ ਅਤੇ ਖੁਸ਼ਹਾਲੀ ਸਹਾਇਤਾ ਦਿੱਤੀ ਜਾਵੇਗੀ ਤਾਂ ਜੋ ਉਹ ਫ਼ਸਲਾਂ ਅਤੇ ਪਸ਼ੂਆਂ ਦੇ ਨੁਕਸਾਨ ਨਾਲ ਨਜਿੱਠ ਸਕਣ। ਇਨ੍ਹਾਂ ਅੱਗਾਂ ਨੇ ਵਿਕਟੋਰੀਆ ਭਰ ਵਿੱਚ ਬੇਹੱਦ ਲੋਕਾਂ ਨੂੰ ਬੇਹੱਦ ਨੁਕਸਾਨ ਪਹੁੰਚਾਇਆ ਹੈ। ਅਸੀਂ ਪ੍ਰਭਾਵਿਤ ਲੋਕਾਂ ਨੂੰ ਇਕੱਲਾ ਨਹੀਂ ਛੱਡਾਂਗੇ ਅਤੇ ਉਨ੍ਹਾਂ ਨੂੰ ਲੋੜੀਂਦੀ ਹਰ ਮੱਦਦ ਦਿੰਦੇ ਰਹਾਂਗੇ।”
ਵਿਕਟੋਰੀਆ ਦੇ ਆਫ਼ਤ ਪੁਨਰਵਾਸ ਮੰਤਰੀ ਵਿਕੀ ਵਾਰਡ ਨੇ ਕਿਹਾ ਹੈ ਕਿ, “ਲੋਕ ਜਾਨਣਾ ਚਾਹੁੰਦੇ ਹਨ ਕਿ ਉਹ ਕਿਵੇਂ ਮਦਦ ਕਰ ਸਕਦੇ ਹਨ। 2026 ਵਿਕਟੋਰੀਅਨ ਬੁਸ਼ਫਾਇਰ ਅਪੀਲ ਇਸੇ ਲਈ ਹੀ ਸ਼ੁਰੂ ਕੀਤੀ ਗਈ ਹੈ ਤਾਂ ਜੋ ਇਹ ਫੰਡ ਸਿੱਧਾ ਲੋੜਵੰਦਾਂ ਨੂੰ ਮਿਲ ਸਕੇ।”
ਵਿਕਟੋਰੀਆ ਦੇ ਕਾਰਜਕਾਰੀ ਖੇਤੀਬਾੜੀ ਮੰਤਰੀ ਸਟੀਵ ਡਿਮੋਪੋਲਸ ਨੇ ਕਿਹਾ ਹੈ ਕਿ, “ਅਸੀਂ ਕਿਸਾਨਾਂ ਨੂੰ ਆਪਣੇ ਪਸ਼ੂਆਂ ਦੀ ਸੰਭਾਲ ਕਰਨ ਵਿੱਚ ਪੂਰੀ ਮਦਦ ਕਰ ਰਹੇ ਹਾਂ ਕਿਉਂਕਿ ਇਹ ਸਮਾਂ ਬਹੁਤ ਔਖਾ ਹੈ।”