ਚੰਡੀਗੜ੍ਹ – ਪੰਜਾਬ ਸਰਕਾਰ ਵਿਧਾਇਕ ਮਦਨ ਲਾਲ ਜਲਾਲਪੁਰ ਤੇ ਵਿਧਾਇਕ ਅਮਰੀਕਾ ਸਿੰਘ ਢਿੱਲੋਂ ‘ਤੇ ਮਿਹਰਬਾਨ ਹੋਈ ਨਜ਼ਰ ਆ ਰਹੀ ਹੈ। ਸੂਬਾ ਸਰਕਾਰ ਵੱਲੋਂ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਪੁੱਤਰ ਗਗਨਦੀਪ ਸਿੰਘ ਜਲਾਲਪੁਰ ਅਤੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਪੋਤਰੇ ਕਰਨਵੀਰ ਸਿੰਘ ਢਿੱਲੋਂ ਨੂੰ ਬਿਜਲੀ ਬੋਰਡ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਗਗਨਦੀਪ ਸਿੰਘ ਜਲਾਲਪੁਰ ਤੋਂ ਪਹਿਲਾਂ ਇਸ ਅਹੁਦੇ ‘ਤੇ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਮੰਨੇ ਜਾਂਦੇ ਆਰਪੀ ਪਾਂਡਵ ਸਨ। ਦੱਸਣਾ ਬਣਦਾ ਹੈ ਕਿ ਆਰਪੀ ਪਾਂਡਵ ਨੂੰ ਕੈਪਟਨ ਸਰਕਾਰ ਸਮੇਂ ਪਾਵਰਕਾਮ ਪ੍ਰਬੰਧਕੀ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ ਜਿਸ ਤੋਂ ਬਾਅਦ ਕਰੀਬ ਤਿੰਨ ਸਾਲ ਤੋਂ ਉਹ ਇਸ ਅਹੁਦੇ ‘ਤੇ ਤਾਇਨਾਤ ਰਹੇ ਹਨ। ਕਾਂਗਰਸ ‘ਚੋਂ ਕੈਪਟਨ ਅਮਰਿੰਦਰ ਸਿੰਘ ਦੇ ਜਾਣ ਤੋਂ ਬਾਅਦ ਪੰਜਾਬ ‘ਚ ਉਨ੍ਹਾਂ ਦੇ ਨਜ਼ਦੀਕੀਆਂ ਦੀ ਛਾਂਟੀ ਦੌਰਾਨ ਪਟਿਆਲਾ ‘ਚ PRTC ਚੇਅਰਮੈਨ ਕੇ ਕੇ ਸ਼ਰਮਾ ਤੋਂ ਬਾਅਦ ਮੇਅਰ ਸੰਜੀਵ ਸ਼ਰਮਾ ਨੂੰ ਮੁਅੱਤਲ ਕਰਨ ਤੋਂ ਬਾਅਦ ਚੰਨੀ ਸਰਕਾਰ ਨੇ ਕੈਪਟਨ ਧੜੇ ਨੂੰ ਤੀਸਰਾ ਵੱਡਾ ਝਟਕਾ ਦਿੰਦਿਆਂ ਹਲਕਾ ਘਨੌਰ ਤੋਂ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਲੜਕੇ ਗਗਨਦੀਪ ਜੌਲੀ ਜਲਾਲਪੁਰ ਨੂੰ ਵੱਡੇ ਅਹੁਦੇ ਨਾਲ ਨਿਵਾਜਿਆ ਹੈ।