ਨਵੀਂ ਦਿੱਲੀ – ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਸੰਸਾਰ ਬੈਂਕ ਵੱਲੋਂ ਦਰਮਿਆਨੀ ਆਮਦਨ ਵਾਲੇ ਮੁਲਕਾਂ ਨੂੰ ਕਿਫ਼ਾਇਤੀ ਅਤੇ ਸਸਤੀਆਂ ਵਿਆਜ ਦਰਾਂ ਵਾਲੇ ਕਰਜ਼ੇ ਦਿੱਤੇ ਜਾਣ ਦੀ ਲੋੜ ਉਤੇ ਜ਼ੋਰ ਦਿੱਤਾ ਹੈ। ਉਨ੍ਹਾਂ ਇਹ ਗੱਲ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿਚ ਸੰਸਾਰ ਬੈਂਕ ਦੀ 2024 ਦੀਆਂ ਸਾਲਾਨਾ ਮੀਟਿੰਗਾਂ ਦੌਰਾਨ ਵਿਕਾਸ ਕਮੇਟੀ ਦੇ ਪਲੈਨਰੀ ਸੈਸ਼ਨ ਭਵਿੱਖ ਲਈ ਤਿਆਰ ਸੰਸਾਰ ਬੈਂਕ ਗਰੁੱਪ’ ਨੂੰ ਸੰਬੋਧਨ ਕਰਦਿਆਂ ਕਹੀ।ਇਸ ਸਬੰਧੀ ਵਿੱਤ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਵਿਚ ਕਿਹਾ ਗਿਆ ਹੈ, ‘‘ਕੇਂਦਰੀ ਵਿੱਤ ਮੰਤਰੀ ਨੇ ਦਰਮਿਆਨੀ ਆਮਦਨ ਵਾਲੇ ਮੁਲਕਾਂ ਵਾਸਤੇ ਸੰਸਾਰ ਬੈਂਕ ਤੋਂ ਵਧੇਰੇ ਕਿਫ਼ਾਇਤੀ ਅਤੇ ਸਸਤੀਆਂ ਵਿਆਜ ਦਰਾਂ ਵਾਲੇ ਕਰਜ਼ਿਆਂ ਦੀ ਲੋੜ ਉਤੇ ਜ਼ੋਰ ਦਿੱਤਾ ਹੈ, ਤਾਂ ਕਿ ਉਨ੍ਹਾਂ ਦੀ ਵਿਆਪਕ ਭਾਗੀਦਾਰੀ ਨੂੰ ਹੁਲਾਰਾ ਦਿੱਤਾ ਜਾ ਸਕੇ ਅਤੇ ਉਹ ਜ਼ਿਆਦਾ ਕਰਜ਼ੇ ਲੈ ਕੇ ਆਪਣੇ ਵਿਕਾਸ ਨੂੰ ਤੇਜ਼ ਕਰ ਸਕਣ।’’ ਮੰਤਰਾਲੇ ਨੇ ਇਹ ਜਾਣਕਾਰੀ ਇਕ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ ਹੈ।ਉਨ੍ਹਾਂ ਨੇ ਆਲਮੀ ਸੂਚਕਅੰਕਾਂ ਨੂੰ ਤਿਆਰ ਕਰਦਿਆਂ ਅਤੇ ਮੁਲਕਾਂ ਦੀ ਆਪਸੀ ਤੁਲਨਾ ਵਾਸਤੇ ਡੇਟਾ ਅਤੇ ਸਬੂਤ ਆਧਾਰਤ ਪਹੁੰਚ ਅਪਣਾਏ ਜਾਣ ਦੀ ਲੋੜ ਨੂੰ ਵੀ ਉਭਾਰਿਆ। ਉਨ੍ਹਾਂ ਭਾਰਤ ਦੇ ਇਸ ਰੁਖ਼ ਨੂੰ ਵੀ ਮੁੜ ਦੁਹਰਾਇਆ ਕਿ ਵਿਸ਼ਵ-ਵਿਆਪੀ ਗਵਰਨੈਂਸ ਸੂਚਕ ਅਤੇ ਨਵੇਂ ਤਜਵੀਜ਼ਤ ਬੀ-ਰੇਡੀ ਸੂਚਕਅੰਕ ਆਦਿ ਨਿਰਪੱਖ ਅੰਕੜਿਆਂ ਉਤੇ ਆਧਾਰਤ ਹੋਣੇ ਚਾਹੀਦੇ ਹਨ।ਉਨ੍ਹਾਂ ਨੇ ਨਾਲ ਹੀ ਬਹੁਧਿਰੀ ਵਿਕਾਸ ਬੈਂਕਾਂ ਦੇ ਇਤਿਹਾਸ ਉਤੇ ਚਾਨਣ ਪਾਉਂਦਿਆਂ 1944 ਦੀ ਬਰੈਟਨ ਵੂਡਜ਼ ਕਾਨਫਰੰਸ ਵਿਚ ਇਨ੍ਹਾਂ ਅਦਾਰਿਆਂ ਦੀ ਨੀਂਹ ਨੂੰ ਆਕਾਰ ਦਿੱਤੇ ਜਾਣ ਦੇ ਮਾਮਲੇ ਵਿਚ ਆਲਮੀ ਦੱਖਣ ਵੱਲੋਂ ਨਿਭਾਏ ਗਏ ਅਹਿਮ ਰੋਲ ਨੂੰ ਵੀ ਉਭਾਰਿਆ।