ਆਰਟੀਫੀਸ਼ੀਅਲ ਇੰਟੈਲੀਜੈਂਸ (AI) ਪਿਛਲੇ 5 ਸਾਲਾਂ ਵਿੱਚ ਵਿਸ਼ਵ ਅਰਥਵਿਵਸਥਾ ਦਾ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਖੇਤਰ ਬਣ ਗਿਆ ਹੈ। 2020 ਅਤੇ 2024 ਦੇ ਵਿਚਕਾਰ AI ਵਿੱਚ ਨਿੱਜੀ ਅਤੇ ਸਰਕਾਰੀ ਨਿਵੇਸ਼ ਲਗਭਗ 480 ਫੀਸਦੀ ਵਧਕੇ 335 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ। ਅਮਰੀਕਾ ਅਤੇ ਚੀਨ ਸਭ ਤੋਂ ਵੱਡੇ ਨਿਵੇਸ਼ਕ ਬਣੇ ਹੋਏ ਹਨ ਜਦਕਿ ਭਾਰਤ, ਯੂਕੇ, ਜਰਮਨੀ ਅਤੇ ਫਰਾਂਸ ਤੇਜ਼ੀ ਨਾਲ ਇਸ ਖੇਤਰ ਵਿੱਚ ਆਪਣੀ ਪਕੜ ਬਨਾਉਣ ਦੀ ਕੋਸਿ਼ਸ਼ ਦੇ ਵਿੱਚ ਹਨ। ਅਮਰੀਕਾ ਅਤੇ ਚੀਨ ਭਾਰਤ ਨੂੰ ਭਵਿੱਖ ਦੀ ਉਤਪਾਦਕਤਾ, ਫੌਜੀ ਸਮਰੱਥਾ ਅਤੇ ਵਿਸ਼ਵਵਿਆਪੀ ਪ੍ਰਭਾਵ ਲਈ ਮਹੱਤਵਪੂਰਨ ਮੰਨਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਮੌਜੂਦਾ ਰਫ਼ਤਾਰ ਜਾਰੀ ਰਹੀ ਤਾਂ ਵਿਸ਼ਵ ਦਾ AI ਬਾਜ਼ਾਰ 2030 ਤੱਕ ਲਗਭਗ 1 ਟ੍ਰਿਲੀਅਨ ਡਾਲਰ ਤੱਕ ਪਹੁੰਚ ਸਕਦਾ ਹੈ।
ਸਟੈਨਫੋਰਡ ਏਆਈ ਇੰਡੈਕਸ ਦੇ ਅਨੁਸਾਰ, 2020 ਵਿੱਚ ਵਿਸ਼ਵ AI ਨਿਵੇਸ਼ ਲਗਭਗ 58 ਬਿਲੀਅਨ ਡਾਲਰ ਸੀ, ਜੋ 2024 ਦੇ ਅੰਤ ਤੱਕ ਵੱਧ ਕੇ ਲਗਭਗ 335 ਬਿਲੀਅਨ ਡਾਲਰ ਹੋ ਗਿਆ। 2023 ਅਤੇ 2024 ਵਿੱਚ ਨਿਵੇਸ਼ ਵਿੱਚ ਜਨਰੇਟਿਵ AI ਦੇ ਉਭਾਰ ਤੋਂ ਬਾਅਦ ਓਪਨ AI, ਐਂਥ੍ਰੋਪਿਕ, ਗੂਗਲ ਡੀਪਮਾਈਂਡ ਅਤੇ ਮਾਈਕ੍ਰੋਸਾਫਟ ਵਰਗੀਆਂ ਕੰਪਨੀਆਂ ਵਿੱਚ ਅਰਬਾਂ ਡਾਲਰ ਦੀ ਇਨਵੈਸਟਮੈਂਟ ਕੀਤੀ ਗਈ।
ਸੀਬੀ ਇਨਸਾਈਟਸ ਅਤੇ ਪਿੱਚਬੁੱਕ ਦੇ ਅਨੁਸਾਰ ਜਨਰੇਟਿਵ ਏਆਈ ਸਟਾਰਟਅੱਪਸ ਨੂੰ ਸਿਰਫ 2024 ਵਿੱਚ ਵਿਸ਼ਵ ਪੱਧਰ ‘ਤੇ 70 ਬਿਲੀਅਨ ਡਾਲਰ ਤੋਂ ਵੱਧ ਫੰਡਿੰਗ ਪ੍ਰਾਪਤ ਹੋਈ, ਜੋ ਕਿ 2020 ਵਿੱਚ ਕੁੱਲ ਏਆਈ ਫੰਡਿੰਗ ਤੋਂ ਵੱਧ ਹੈ। ਅਮਰੀਕਾ ਨੇ ਵਿਸ਼ਵ AI ਨਿਵੇਸ਼ ਵਿੱਚ ਲਗਭਗ 55 ਫੀਸਦੀ ਹਿੱਸਾ ਪਾਇਆ ਅਤੇ ਮਾਈਕ੍ਰੋਸਾਫਟ, ਗੂਗਲ, ਐਮਾਜ਼ਾਨ ਅਤੇ ਐਨਵੀਡੀਆ ਵਰਗੀਆਂ ਕੰਪਨੀਆਂ ਨੇ ਅਮਰੀਕਾ ਦੀ ਲੀਡ ਨੂੰ ਹੋਰ ਮਜ਼ਬੂਤ ਕੀਤਾ। ਚੀਨ ਲਗਭਗ 20 ਫੀਸਦੀ ਦੇ ਨਾਲ ਦੂਜੇ ਸਥਾਨ ‘ਤੇ ਰਿਹਾ। ਭਾਰਤ ਨਿਵੇਸ਼ ਲਈ ਤੀਜੇ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਬਾਜ਼ਾਰ ਵਜੋਂ ਉਭਰਿਆ ਅਤੇ 2020 ਅਤੇ 2024 ਦੇ ਵਿਚਕਾਰ ਭਾਰਤ ਵਿੱਚ AI ਨਿਵੇਸ਼ ਵਿੱਚ 600 ਫੀਸਦੀ ਦਾ ਵਾਧਾ ਹੋਇਆ।
ਸਟੈਨਫੋਰਡ AI ਸੂਚਕਾਂਕ 2025 ਦੇ ਅਨੁਸਾਰ ਕੁੱਲ ਨਵੇਂ ਨਿਵੇਸ਼ ਦਾ ਲਗਭਗ 40 ਫੀਸਦੀ ਜਨਰੇਟਿਵ AI ਵਿੱਚ ਸ਼ਾਮਲ ਕੰਪਨੀਆਂ ਨੂੰ ਗਿਆ। ਚੈਟਬੋਟਸ, ਚਿੱਤਰ ਅਤੇ ਵੀਡੀਓ ਜਨਰੇਸ਼ਨ, ਸਿਹਤ ਸੰਭਾਲ AI ਅਤੇ ਆਟੋਮੇਸ਼ਨ ਟੂਲਸ ਨੇ ਸਭ ਤੋਂ ਵੱਧ ਨਿਵੇਸ਼ਕਾਂ ਦਾ ਧਿਆਨ ਖਿੱਚਿਆ। ਮਾਈਕ੍ਰੋਸਾਫਟ ਦਾ ਓਪਨ ਏਆਈ ਅਤੇ ਐਮਾਜ਼ਾਨ ਵਿੱਚ 13 ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਅਤੇ ਗੂਗਲ ਦੀਆਂ ਕਲਾਉਡ-ਅਧਾਰਿਤ AI ਰਣਨੀਤੀਆਂ ਇਸ ਰੁਝਾਨ ਦੀਆਂ ਪ੍ਰਮੁੱਖ ਉਦਾਹਰਣਾਂ ਹਨ।