ਆਸਟ੍ਰੇਲੀਅਨ ਸਰਕਾਰ ਅੰਤਰਰਾਸ਼ਟਰੀ ਧੋਖਾਧੜੀ ਜਾਗਰੂਕਤਾ ਹਫ਼ਤੇ (16-22 ਨਵੰਬਰ 2025) ਦੇ ਹਿੱਸੇ ਵਜੋਂ ਵੀਜ਼ਾ ਘੁਟਾਲਿਆਂ ਅਤੇ ਧੋਖਾਧੜੀ ਵਾਲੇ ਪ੍ਰਵਾਸ ਮਾਮਲਿਆ ਪ੍ਰਤੀ ਜਾਗਰੂਕਤਾ ਵਧਾਉਣ ਦੇ ਲਈ ਅੰਤਰਰਾਸ਼ਟਰੀ ਭਾਈਵਾਲਾਂ ਨਾਲ ਜੁੜ ਗਿਆ ਹੈ।
ਵੀਜ਼ਾ ਧੋਖਾਧੜੀ ਇੱਕ ਗੰਭੀਰ ਵਿਸ਼ਵਵਿਆਪੀ ਮੁੱਦਾ ਬਣਿਆ ਹੋਇਆ ਹੈ, ਜਿਥੇ ਅਪਰਾਧੀ ਝੂਠੀਆਂ ਨੌਕਰੀਆਂ ਦੀਆਂ ਪੇਸ਼ਕਸ਼ਾਂ, ਜਾਅਲੀ ਦਸਤਾਵੇਜ਼ਾਂ ਅਤੇ ਗੈਰ-ਰਜਿਸਟਰਡ ਮਾਈਗ੍ਰੇਸ਼ਨ ਏਜੰਟਾਂ ਰਾਹੀਂ, ਵੀਜ਼ਾ ਬਿਨੈਕਾਰਾਂ ਦਾ ਸ਼ੋਸ਼ਣ ਕਰਦੇ ਹਨ। ਇਹ ਘੁਟਾਲੇ ਆਸਟ੍ਰੇਲੀਆ ਵਿੱਚ ਰਹਿਣ, ਕੰਮ ਕਰਨ ਜਾਂ ਪੜ੍ਹਾਈ ਕਰਨ ਦੀ ਇੱਛਾ ਰੱਖਣ ਵਾਲਿਆਂ ਲਈ ਵਿੱਤੀ ਨੁਕਸਾਨ, ਭਾਵਨਾਤਮਕ ਪ੍ਰੇਸ਼ਾਨੀਆਂ ਅਤੇ ਲੰਬੇ ਸਮੇਂ ਦੇ ਲਈ ਘਾਤਕ ਨਤੀਜੇ ਪੈਦਾ ਕਰ ਸਕਦੇ ਹਨ।
ਇਸੇ ਸਾਲ ਸਤੰਬਰ ਵਿੱਚ ਹੋਏ 2025 ਦੇ ਪੰਜ ਦੇਸ਼ਾਂ ਦੇ ਮੰਤਰੀ ਪੱਧਰ (FCM) ਵਿੱਚ, ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ, ਯੂਨਾਈਟਿਡ ਕਿੰਗਡਮ ਅਤੇ ਸੰਯੁਕਤ ਰਾਜ ਅਮਰੀਕਾ ਦੇ ਮੰਤਰੀਆਂ ਨੇ ਪ੍ਰਵਾਸ ਅਤੇ ਸਰਹੱਦੀ ਪ੍ਰਣਾਲੀਆਂ ਦੀ ਅਖੰਡਤਾ ਦੀ ਰੱਖਿਆ ਲਈ ਆਪਣੀ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ।
ਇਸ ਵਚਨਬੱਧਤਾ ਦੇ ਹਿੱਸੇ ਵਜੋਂ, ਇਸ ਹਫ਼ਤੇ ਇੱਕ ਤਾਲਮੇਲ ਵਾਲੀ ਅੰਤਰਰਾਸ਼ਟਰੀ ਮੁਹਿੰਮ ‘ਵੀਜ਼ਾ ਧੋਖਾਧੜੀ ਨਾਲ ਲੜਨਾ’ ਸ਼ੁਰੂ ਕੀਤੀ ਗਈ ਹੈ ਜਿਸ ਦਾ ਮਕਸਦ ਪ੍ਰਵਾਸੀਆਂ ਦੀ ਰੱਖਿਆ ਅਤੇ ਵਿਸ਼ਵਵਿਆਪੀ ਸਰਹੱਦੀ ਅਖੰਡਤਾ ਨੂੰ ਮਜ਼ਬੂਤ ਕਰਨਾ ਹੈ। ਵੀਜ਼ਾ ਧੋਖਾਧੜੀ ਵਿਰੁੱਧ ਲੜਾਈ ਦੀ ਮੁਹਿੰਮ, ਵਿਸ਼ਵਵਿਆਪੀ ਸਹਿਯੋਗ ਅਤੇ ਸਿੱਖਿਆ ਦੇ ਰਾਹੀਂ ਵੀਜ਼ਾ ਧੋਖਾਧੜੀ ਨਾਲ ਨਿਪਟਣ ਦੇ ਲਈ FCM ਭਾਈਵਾਲਾਂ ਦੇ ਸਾਂਝੇ ਇਰਾਦੇ ਨੂੰ ਦਰਸਾਉਂਦੀ ਹੈ।
ਅੰਤਰਰਾਸ਼ਟਰੀ ਧੋਖਾਧੜੀ ਜਾਗਰੂਕਤਾ ਹਫ਼ਤਾ ਇੱਕ ਵਿਸ਼ਵਵਿਆਪੀ ਸਮਾਗਮ ਹੈ ਜੋ ਸਰਕਾਰ, ਕਾਰੋਬਾਰੀ ਅਤੇ ਭਾਈਚਾਰਕ ਸੰਗਠਨਾਂ ਨੂੰ ਜਾਗਰੂਕਤਾ ਅਤੇ ਰੋਕਥਾਮ ਦੇ ਰਾਹੀਂ ਧੋਖਾਧੜੀ ਦੇ ਪ੍ਰਭਾਵ ਨੂੰ ਘਟਾਉਣ ਲਈ ਇਕੱਠੇ ਹੋ ਕੇ ਕੰਮ ਕਰਨ ਲਈ ਉਤਸ਼ਾਹਿਤ ਕਰਦਾ ਹੈ।
ਅੰਤਰਰਾਸ਼ਟਰੀ ਧੋਖਾਧੜੀ ਜਾਗਰੂਕਤਾ ਹਫ਼ਤੇ ਦੇ ਦੌਰਾਨ, ਹਰੇਕ ਦੇਸ਼ ਅਤੇ ਦੁਨੀਆਂ ਭਰ ਵਿੱਚ ਸਥਿਤ ਉਨ੍ਹਾਂ ਦੇ ਮਿਸ਼ਨਾਂ ਜਾਂ ਅੰਬੈਸੀਆਂ ਦੁਆਰਾ ਮੁਹਿੰਮ ਹੈਸ਼ਟੈਗ #FightingVisaFraud ਦੀ ਵਰਤੋਂ ਕਰਦੇ ਹੋਏ ਰੋਜ਼ਾਨਾ ਸੋਸ਼ਲ ਮੀਡੀਆ ਸੁਨੇਹੇ ਪੋਸਟ ਕੀਤੇ ਜਾਣਗੇ। ਇਹ ਪੋਸਟਾਂ ਵੀਜ਼ਾ ਬਿਨੈਕਾਰਾਂ ਨੂੰ ਘੁਟਾਲਿਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਤੋਂ ਬਚਣ, ਗੈਰ-ਰਜਿਸਟਰਡ ਮਾਈਗ੍ਰੇਸ਼ਨ ਏਜੰਟਾਂ ਨਾਲ ਨਜਿੱਠਣ ਦੇ ਜੋਖਮਾਂ ਨੂੰ ਸਮਝਣ ਅਤੇ ਵੀਜ਼ਾ ਜਾਣਕਾਰੀ ਲਈ ਅਧਿਕਾਰਤ ਸਰੋਤਾਂ ਦੀ ਵਰਤੋਂ ਕਰਨ ਦੀ ਮਹੱਤਤਾ ਨੂੰ ਸਮਝਣ ਦੇ ਵਿੱਚ ਭਰਪੂਰ ਮਦਦ ਕਰਨਗੀਆਂ।
ਆਸਟ੍ਰੇਲੀਅਨ ਗ੍ਰਹਿ ਮਾਮਲਿਆਂ ਦੇ ਵਿਭਾਗ, ਇਮੀਗ੍ਰੇਸ਼ਨ ਦੇ ਮੁਖੀ, ਕਲੇਅਰ ਸ਼ਾਰਪ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ, “ਇਹ ਮੁਹਿੰਮ ਵੀਜ਼ਾ ਅਖੰਡਤਾ ਦੀ ਰੱਖਿਆ ਅਤੇ ਸੁਰੱਖਿਅਤ ਪ੍ਰਵਾਸ ਮਾਰਗਾਂ ਦਾ ਸਮਰਥਨ ਕਰਨ ਦੇ ਲਈ ਆਸਟ੍ਰੇਲੀਆ ਦੀ ਲਗਾਤਾਰ ਵਚਨਬੱਧਤਾ ਨੂੰ ਦਰਸਾਉਂਦੀ ਹੈ। ਵੀਜ਼ਾ ਘੁਟਾਲੇ ਲੋਕਾਂ ਦੇ ਵਿਸ਼ਵਾਸ ਅਤੇ ਇੱਛਾਵਾਂ ਦਾ ਸ਼ੋਸ਼ਣ ਕਰਦੇ ਹਨ। ਵੀਜ਼ਾ ਧੋਖਾਧੜੀ ਦੇ ਵਿਰੁੱਧ ਲੜਾਈ ਦੀ ਮੁਹਿੰਮ ਇਨ੍ਹਾਂ ਅਪਰਾਧਾਂ ਨੂੰ ਵਾਪਰਨ ਤੋਂ ਪਹਿਲਾਂ ਹੀ ਰੋਕਣ ਦੇ ਲਈ ਜਾਗਰੂਕਤਾ ਅਤੇ ਸਿੱਖਿਆ ਦੇ ਮਹੱਤਵ ਨੂੰ ਉਜਾਗਰ ਕਰਦੀ ਹੈ। ਅੰਤਰਰਾਸ਼ਟਰੀ ਭਾਈਵਾਲਾਂ ਨਾਲ ਕੰਮ ਕਰਨ ਨਾਲ ਮੁਹਿੰਮ ਦੀ ਪਹੁੰਚ ਅਤੇ ਪ੍ਰਭਾਵਸ਼ੀਲਤਾ ਵਧਦੀ ਹੈ। ਵੀਜ਼ਾ ਧੋਖਾਧੜੀ ਇੱਕ ਅੰਤਰਰਾਸ਼ਟਰੀ ਮੁੱਦਾ ਹੈ ਜਿਸ ਲਈ ਇੱਕ ਤਾਲਮੇਲ ਵਾਲੀ ਜਵਾਬੀ ਕਾਰਵਾਈ ਦੀ ਲੋੜ ਹੈ। ਕੈਨੇਡਾ, ਨਿਊਜ਼ੀਲੈਂਡ ਅਤੇ ਯੂਨਾਈਟਿਡ ਕਿੰਗਡਮ ਵਿੱਚ ਆਪਣੇ ਭਾਈਵਾਲਾਂ ਦੇ ਨਾਲ ਮਿਲਕੇ, ਅਸੀਂ ਅਪਰਾਧਿਕ ਗਤੀਵਿਧੀਆਂ ਨੂੰ ਬਿਹਤਰ ਢੰਗ ਨਾਲ ਰੋਕ ਸਕਦੇ ਹਾਂ ਅਤੇ ਵੀਜ਼ਾ ਪ੍ਰਣਾਲੀਆਂ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰ ਸਕਦੇ ਹਾਂ।”
ਇਸ ਲਾਂਚ ਤੋਂ ਬਾਅਦ, ਆਸਟ੍ਰੇਲੀਆ ਅਤੇ FCM ਭਾਈਵਾਲ 2026 ਤੱਕ, ਖਾਸ ਕਰਕੇ ਵੀਜ਼ਾ ਅਰਜ਼ੀਆਂ ਦੇ ਬਹੁਤ ਹੀ ਬਿਜ਼ੀ ਸਮੇਂ ਦੇ ਦੌਰਾਨ, ਵੀਜ਼ਾ ਧੋਖਾਧੜੀ ਦੇ ਵਾਰੇ ਵਿੱਚ ਜਾਗਰੂਕਤਾ ਪੈਦਾ ਕਰਨ ਨੂੰ ਉਤਸ਼ਾਹਿਤ ਕਰਦੇ ਰਹਿਣਗੇ।
ਵੀਜ਼ਾ ਬਿਨੈਕਾਰਾਂ ਨੂੰ ਵੀਜ਼ਾ ਘੁਟਾਲਿਆਂ ਦੀ ਪਛਾਣ ਅਤੇ ਰਿਪੋਰਟ ਕਰਨ ਦੇ ਤਰੀਕੇ ਦੇ ਵਾਰੇ ਵਿੱਚ ਜਾਣਕਾਰੀ ਦੇ ਲਈ homeaffairs.gov.au/visascams ‘ਤੇ ਜਾਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
ਬਿਨੈਕਾਰਾਂ ਨੂੰ ਮਾਈਗ੍ਰੇਸ਼ਨ ਏਜੰਟਸ ਰਜਿਸਟ੍ਰੇਸ਼ਨ ਅਥਾਰਟੀ (OMARA) ਦੇ ਦਫ਼ਤਰ ਵਿੱਚ ਸੂਚੀਬੱਧ ਰਜਿਸਟਰਡ ਮਾਈਗ੍ਰੇਸ਼ਨ ਏਜੰਟਾਂ ਜਾਂ ਲਾਇਸੰਸਸ਼ੁਦਾ ਕਾਨੂੰਨੀ ਪ੍ਰੈਕਟੀਸ਼ਨਰਾਂ ਦੀ ਵਰਤੋਂ ਕਰਨ ਦੇ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਗ੍ਰਹਿ ਵਿਭਾਗ ਕਦੇ ਵੀ ਸੋਸ਼ਲ ਮੀਡੀਆ ਜਾਂ ਅਣਅਧਿਕਾਰਤ ਵੈੱਬਸਾਈਟਾਂ ਦੇ ਰਾਹੀਂ ਭੁਗਤਾਨ ਦੀ ਬੇਨਤੀ ਨਹੀਂ ਕਰਦਾ ਹੈ।
ਗੈਰ-ਕਾਨੂੰਨੀ ਗਤੀਵਿਧੀ ਦੀ ਰਿਪੋਰਟ ਗੁੰਮਨਾਮ ਤੌਰ ‘ਤੇ ਬਾਰਡਰ ਵਾਚ, www.borderwatch.gov.au ਨੂੰ ਕੀਤੀ ਜਾਣੀ ਚਾਹੀਦੀ ਹੈ।