ਆਸਟ੍ਰੇਲੀਆ ਦੇ ਯਹੂਦੀ ਭਾਈਚਾਰੇ ਦੇ ਸਾਲਾਨਾ 8 ਦਿਨਾਂ ਦੇ ਧਾਰਮਿਕ ਤਿਉਹਾਰ ਹਾਨੂਕਾਹ ਦੇ ਪਹਿਲੇ ਦਿਨ ਸਿਡਨੀ ਦੇ ਬੌਂਡੀ ਬੀਚ ‘ਤੇ ਮਨਾਏ ਜਾਂਦੇ ਚਾਨੂਕਾਹ ਸਮਾਗਮ ਦੇ ਦੌਰਾਨ ਗੋਲੀਬਾਰੀ ਕਰਕੇ 16 ਲੋਕਾਂ ਨੂੰ ਜਾਨੋ ਮਾਰਨ ਤੇ 42 ਲੋਕਾਂ ਨੂੰ ਜਖਮੀਂ ਕਰਨ ਵਾਲਾ ਦੋਸੀ ਹਮਲਾਵਰ ਬੰਦੂਕਧਾਰੀ, 50 ਸਾਲਾ ਸਾਜਿਦ ਅਕਰਮ ਪਾਕਿਸਤਾਨੀ ਮੂਲ ਦਾ ਨਹੀਂ ਬਲਕਿ ਭਾਰਤੀ ਪਾਸਪੋਰਟ ਹੋਲਡਰ ਸੀ। 50 ਸਾਲਾ ਸਾਜਿਦ ਅਕਰਮ 1998 ਦੇ ਵਿੱਚ ਬੀ-ਕਾਮਰਸ ਦੀ ਡਿਗਰੀ ਕਰਨ ਤੋਂ ਬਾਅਦ ਸਟੂਡੈਂਟ ਵੀਜ਼ਾ ‘ਤੇ ਹੈਦਰਾਬਾਦ ਤੋਂ ਆਸਟ੍ਰੇਲੀਆ ਆ ਗਿਆ ਸੀ। ਉਸਦੀ ਪਤਨੀ ਵੇਨੇਰਾ ਗਰੋਸੌ ਯੁਰਪੀਅਨ ਮੂਲ ਦੀ ਹੈ ਅਤੇ ਉਸਦਾ ਪੁੱਤ ਨਵੀਦ ਅਕਰਮ ਅਤੇ ਧੀ ਆਸਟ੍ਰੇਲੀਆ ਦੇ ਹੀ ਜੰਮਪਲ ਹਨ। ਸਾਜਿਦ ਅਕਰਮ ਨੇ ਇਸ ਸਮੇਂ ਦੇ ਦੌਰਾਨ ਭਾਰਤ ਦੀ ਛੇ ਵਾਰ ਯਾਤਰਾ ਕੀਤੀ ਅਤੇ ਪਿਛਲੀ ਵਾਰ 2022 ਦੇ ਵਿੱਚ ਭਾਰਤ ਵਾਪਸ ਗਿਆ ਸੀ। ਪਰ ਉਸਦੇ ਇਸਲਾਮਿਕ ਸਟੇਟ ਨਾਲ ਸਬੰਧਾਂ ਵਾਰੇ ਰਿਸ਼ਤੇਦਾਰਾਂ ਨੂੰ ਕੋਈ ਜਾਣਕਾਰੀ ਨਹੀਂ ਹੈ।
ਤੇਲੰਗਾਨਾ ਦੇ ਡੀਜੀਪੀ ਦੇ ਇੱਕ ਪ੍ਰੈਸ ਨੋਟ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਬੋਂਦੀ ਬੀਚ ਹਮਲਾਵਰਾਂ ਵਿੱਚੋਂ ਇੱਕ, ਸਾਜਿਦ ਅਕਰਮ, ਹੈਦਰਾਬਾਦ ਦਾ ਇੱਕ ਭਾਰਤੀ ਮੂਲ ਦਾ ਨਿਵਾਸੀ ਹੈ ਜੋ 1998 ਵਿੱਚ ਆਸਟ੍ਰੇਲੀਆ ਚਲਾ ਗਿਆ ਸੀ ਅਤੇ ਇਸ ਸਮੇਂ ਉਸ ਕੋਲ ਭਾਰਤੀ ਪਾਸਪੋਰਟ ਹੈ (ਪਾਕਿਸਤਾਨੀ ਨਹੀਂ, ਜਿਵੇਂ ਕਿ ਪਹਿਲਾਂ ਕਿਹਾ ਜਾ ਰਿਹਾ ਸੀ)। ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਸਿਡਨੀ ਦੇ ਭਿਆਨਕ ਹਮਲੇ ਦਾ ਮੂਲ ਦੇਸ਼ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਇਹ ਸਿਰਫ਼ ਇਸਲਾਮਿਕ ਸਟੇਟ ਅੱਤਵਾਦ ਦੇ ਗਲੋਬਲ ਨੈੱਟਵਰਕ ਨੂੰ ਉਜਾਗਰ ਕਰਦਾ ਹੈ। ਪ੍ਰੈਸ ਨੋਟ ਦੇ ਵਿੱਚ ਕਿਹਾ ਗਿਆ ਹੈ: “ਸਾਜਿਦ ਅਕਰਮ ਅਤੇ ਉਸਦੇ ਪੁੱਤਰ, ਨਵੀਦ ਦੇ ਕੱਟੜਪੰਥੀ ਬਣਨ ਵੱਲ ਲੈ ਜਾਣ ਵਾਲੇ ਕਾਰਕਾਂ ਦਾ ਭਾਰਤ ਜਾਂ ਤੇਲੰਗਾਨਾ ਵਿੱਚ ਕਿਸੇ ਵੀ ਸਥਾਨਕ ਪ੍ਰਭਾਵ ਨਾਲ ਕੋਈ ਸਬੰਧ ਨਹੀਂ ਜਾਪਦਾ।”
ਫਿਲੀਪੀਨਜ਼ ਬਿਊਰੋ ਆਫ਼ ਇਮੀਗ੍ਰੇਸ਼ਨ ਨੇ ਪੁਸ਼ਟੀ ਕੀਤੀ ਹੈ ਕਿ ਸਾਜਿਦ ਅਕਰਮ ਅਤੇ ਸਾਲਾ ਨਵੀਦ ਅਕਰਮ ਦੋਵੇਂ 1 ਨਵੰਬਰ ਨੂੰ ਆਸਟ੍ਰੇਲੀਆ ਤੋਂ ਫਿਲੀਪੀਨਜ਼ ਪਹੁੰਚੇ ਸਨ ਅਤੇ ਉਹਨਾਂ ਦੀ ਮੰਜ਼ਿਲ ਦੱਖਣੀ ਸ਼ਹਿਰ ਡਾਵਾਓ ਸੀ। ਫਿਲੀਪੀਨ ਦੀ ਬਿਊਰੋ ਆਫ਼ ਇਮੀਗ੍ਰੇਸ਼ਨ ਦੀ ਸਪੋਕਸਵੋਮੈਨ ਡਾਨਾ ਸੈਂਡੋਵਾਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ, ਸਾਜਿਦ ਇੱਕ ਆਸਟ੍ਰੇਲੀਅਨ ਨਿਵਾਸੀ ਪਰ ਇੱਕ ਭਾਰਤੀ ਨਾਗਰਿਕ ਹੈ ਅਤੇ ਉਸਨੇ ਇੱਕ ਭਾਰਤੀ ਪਾਸਪੋਰਟ ‘ਤੇ ਫਿਲੀਪੀਨਜ਼ ਦੀ ਯਾਤਰਾ ਕੀਤੀ ਸੀ। ਸਾਜਿਦ ਅਕਰਮ ਪਿਛਲੇ ਮਹੀਨੇ 1 ਨਵੰਬਰ 2025 ਨੂੰ ਆਪਣੇ ਪੁੱਤਰ ਨਵੀਦ ਅਕਰਮ ਦੇ ਨਾਲ ਫਿਲੀਪੀਨਜ਼ ਆਇਆ ਸੀ। ਸਾਜਿਦ ਅਕਰਮ ਭਾਰਤੀ ਨਾਗਰਿਕ ਹੈ ਤੇ ਉਸਨੇ ਯਾਤਰਾ ਵੇਲੇ ਭਾਰਤੀ ਪਾਸਪੋਰਟ ਦੀ ਵਰਤੋਂ ਕੀਤੀ ਜਦੋਂ ਕਿ ਉਸਦੇ ਪੁੱਤਰ ਨਵੀਦ ਅਕਰਮ ਨੇ ਆਸਟ੍ਰੇਲੀਅਨ ਪਾਸਪੋਰਟ ਦੀ ਵਰਤੋਂ ਕੀਤੀ ਸੀ। ਉਹ ਦੋਵੇਂ 28 ਨਵੰਬਰ 2025 ਨੂੰ ਡਾਵਾਓ ਤੋਂ ਮਨੀਲਾ ਲਈ ਇੱਕ ਕਨੈਕਟਿੰਗ ਫਲਾਈਟ ਰਾਹੀਂ ਦੇਸ਼ ਛੱਡ ਗਏ ਸਨ ਉਹਨਾਂ ਦੀ ਆਖਰੀ ਮੰਜ਼ਿਲ ਆਸਟ੍ਰਲੀਆ ਦਾ ਸ਼ਹਿਰ ਸਿਡਨੀ ਸੀ।”
ਵਰਨਣਯੋਗ ਹੈ ਕਿ ਡਾਵਾਓ ਦੱਖਣੀ ਫਿਲੀਪੀਨਜ਼ ਟਾਪੂ ਮਿੰਡਾਨਾਓ ਦੀ ਰਾਜਧਾਨੀ ਹੈ। ਫਿਲੀਪੀਨਜ਼ ਦੇ ਮਿੰਡਾਨਾਓ ਵਿੱਚ ਸਭ ਤੋਂ ਵੱਧ ਮੁਸਲਿਮ ਆਬਾਦੀ ਹੈ ਅਤੇ 1990 ਦੇ ਦਹਾਕੇ ਤੋਂ ਇਸਨੂੰ ਇਸਲਾਮੀ ਅੱਤਵਾਦੀਆਂ ਦੇ ਗੜ੍ਹ ਵਜੋਂ ਜਾਣਿਆ ਜਾਂਦਾ ਹੈ। ਬੇਸ਼ੱਕ ਦੱਖਣੀ ਫਿਲੀਪੀਨਜ਼ ਵਿੱਚ ਸਾਜਿਦ ਅਕਰਮ ਤੇ ਨਵੀਦ ਅਕਰਮ ਪਿਓ-ਪੁੱਤ ਦੀ ਜੋੜੀ ਦੇ ਸਹੀ ਸਥਾਨਾਂ ਅਤੇ ਗਤੀਵਿਧੀਆਂ ਦੀ ਪੁਸ਼ਟੀ ਨਹੀਂ ਕੀਤੀ ਹੈ। ਪਰ ਸ਼ੱਕ ਹੈ ਕਿ ਇਸ ਅਟੈਕ ਦੀ ਤਿਆਰੀ ਕਾਫ਼ੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ ਅਤੇ ਹਮਲਾਵਰ ਪਿਓ-ਪੁੱਤ ਦੀ ਜੋੜੀ ਨੇ ਬੌਂਡੀ ਬੀਚ ‘ਤੇ ਹਾਨੂਕਾ ਸਮਾਰੋਹ ਵਿੱਚ 16 ਲੋਕਾਂ ਨੂੰ ਮਾਰਨ ਤੋਂ ਇੱਕ ਮਹੀਨਾ ਪਹਿਲਾਂ ਮਿਲਟਰੀ ਸਟਾਈਲ ਟ੍ਰੇਨਿੰਗ ਦੇ ਲਈ ਹੀ ਫਿਲੀਪੀਨਜ਼ ਦੀ ਯਾਤਰਾ ਕੀਤੀ ਸੀ। 24 ਸਾਲਾ ਨਵੀਦ ਅਕਰਮ ਦੇ ਆਸਟ੍ਰੇਲੀਆ ਦੇ ਇਸਲਾਮਿਕ ਸਟੇਟ (ਆਈਐਸ) ਹਮਾਇਤੀ ਗਰੁੱਪ ਦੇ ਨਾਲ ਲੰਬੇ ਸਮੇਂ ਤੋਂ ਸਬੰਧ ਸਨ, ਜਿਸ ਵਿੱਚ ਜੇਹਾਦੀ ਧਾਰਮਿਕ ਆਗੂ ਵਿਸਮ ਹਾਦਾਦ ਅਤੇ ਦੋਸ਼ੀ ਰਿਕਰੂਟਰ ਯੌਸਫ ਓਵੇਨਤ ਸ਼ਾਮਿਲ ਹਨ। ਬੇਸ਼ੱਕ ਵਿਸਮ ਹਾਦਾਦ ਨੇ ਬੌਂਡੀ ਬੀਚ ‘ਤੇ ਹੋਈ ਸ਼ੂਟਿੰਗ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਼ਜਾਂ ਸ਼ਾਮਿਲ ਹੋਣ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ ਹੈ।
ਆਸਟ੍ਰੇਲੀਆ ਦੀ ਖੁਫੀਆ ਏਜੰਸੀ ਏਐਸਆਈਓ ਨੇ 2019 ਵਿੱਚ ਸਿਡਨੀ ਵਿੱਚ ਇੱਕ ਆਈਐਸ ਅੱਤਵਾਦੀ ਗਰੁੱਪ ਦੇ ਮੈਂਬਰਾਂ ਨਾਲ ਉਸਦੇ ਸਬੰਧਾਂ ਬਾਰੇ ਨਵੀਦ ਅਕਰਮ ਦੀ ਜਾਂਚ ਵੀ ਕੀਤੀ ਸੀ। ਨਵੀਦ ਅਕਰਮ ਜੋ ਉਸ ਸਮੇਂ 18 ਸਾਲ ਦਾ ਸੀ, ਦੇ ਕੋਲੋਂ ਉਸ ਸਮੇਂ ਹੋਰ ਵਧੇਰੇ ਜਾਂਚ ਕਰਨ ਦੀ ਲੋੜ ਜਰੂਰੀ ਨਹੀਂ ਸਮਝੀ ਗਈ। ਛੇ ਮਹੀਨਿਆਂ ਦੀ ਜਾਂਚ ਦੌਰਾਨ ਉਹਨਾਂ ਕੋਲੋਂ ਕੋਈ ਸਬੂਤ ਨਹੀਂ ਮਿਲਿਆ ਕਿ ਪਿਤਾ ਜਾਂ ਪੁੱਤਰ ਕੱਟੜਪੰਥੀ ਸਨ। ਇਸ ਹਮਲੇ ਤੋਂ ਪਹਿਲਾਂ ਨਵੀਦ ਅਕਰਮ ਅੱਤਵਾਦ ਨਿਗਰਾਨੀ ਸੂਚੀ ਵਿੱਚ ਵੀ ਨਹੀਂ ਸੀ ਅਤੇ ਨਾ ਹੀ ਸਾਜਿਦ ਅਕਰਮ ਜੋ ਕਿ ਇੱਕ ਲਾਇਸੈਂਸੀ ਬੰਦੂਕ ਦਾ ਮਾਲਕ ਹੈ, ਨੂੰ ਹਥਿਆਰ ਰੱਖਣ ਤੋਂ ਕਾਨੂੰਨੀ ਤੌਰ ‘ਤੇ ਕਦੇ ਵੀ ਨਹੀਂ ਰੋਕਿਆ ਗਿਆ ਸੀ।
ਨਿਊ ਸਾਊਥ ਵੇਲਜ਼ ਦੇ ਪੁਲਿਸ ਕਮਿਸ਼ਨਰ ਮਾਲ ਲੈਨਿਯਨ ਨੇ ਦੱਸਿਆ ਹੈ ਕਿ, “50 ਸਾਲਾ ਹਮਲਾਵਰ ਸਾਜਿਦ ਅਕਰਮ ਕੋਲ ਕਾਨੂੰਨੀ ਤੌਰ ‘ਤੇ ਛੇ ਬੰਦੂਕਾਂ ਸਨ। ਸਾਜਿਦ ਅਕਰਮ ਇੱਕ ਗੰਨ ਕਲੱਬ ਦਾ ਮੈਂਬਰ ਸੀ ਅਤੇ ਸੂਬੇ ਦੇ ਕਾਨੂੰਨ ਅਧੀਨ ਉਸ ਕੋਲ ਲਾਇਸੈਂਸ ਸੀ।
ਨਿਊ ਸਾਊਥ ਵੇਲਜ਼ ਪੁਲਿਸ ਨੂੰ ਬੌਂਡੀ ਬੀਚ ‘ਤੇ ਅਕਰਮ ਦੀ ਕਾਰ ਵਿੱਚੋਂ ਇਸਲਾਮਿਕ ਸਟੇਟ ਦੇ ਦੋ ਝੰਡੇ ਮਿਲੇ ਹਨ ਜੋ ਕਿ ਆਈਐਸਆਈਐਸ ਨਾਲ ਉਨ੍ਹਾਂ ਦੇ ਡੂੰਘੇ ਸਬੰਧਾਂ ਦਾ ਸੰਕੇਤ ਹਨ ਅਤੇ ਦੋਵਾਂ ਨੇ ਇਸਲਾਮਿਕ ਜੇਹਾਦ ਪ੍ਰਤੀ ਵਫ਼ਾਦਾਰੀ ਦਾ ਵਾਅਦਾ ਕੀਤਾ ਹੋਇਆ ਸੀ। ਆਸਟ੍ਰੇਲੀਅਨ ਫੈਡਰਲ ਪੁਲਿਸ ਹੁਣ ਇਹ ਜਾਣਨ ਤੋਂ ਬਾਅਦ ਕਿ ਦੋਵੇਂ ਹਮਲਾਵਰ ਪਿਓ-ਪੁੱਤ ਨਵੰਬਰ ਦੇ ਸ਼ੁਰੂ ਵਿੱਚ ਮਨੀਲਾ ਗਏ ਸਨ, ਉਹਨਾਂ ਦੇ ਅੰਤਰਰਾਸ਼ਟਰੀ ਜੇਹਾਦੀ ਨੈੱਟਵਰਕ ਨਾਲ ਸਬੰਧਾਂ ਦੀ ਜਾਂਚ ਕਰ ਰਹੀ ਹੈ।
ਇਸ ਘਟਨਾ ਬਾਰੇ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਕ੍ਰਾਈਮ ਸਟੌਪਰਜ਼ ਨਾਲ 1800 333 000 ਫੋਨ ਨੰਬਰ ਜਾਂ https://nsw.crimestoppers.com.au/ ‘ਤੇ ਸੰਪਰਕ ਕਰਨ ਦੀ ਅਪੀਲ ਕੀਤੀ ਜਾਂਦੀ ਹੈ, ਜਾਣਕਾਰੀ ਗੁਪਤ ਰੱਖੀ ਜਾਂਦੀ ਹੈ। ਲੋਕਾਂ ਨੂੰ ਯਾਦ ਦਿਵਾਇਆ ਜਾਂਦਾ ਹੈ ਕਿ ਉਹ ਨਿਊ ਸਾਊਥ ਵੇਲਜ਼ ਪੁਲਿਸ ਦੇ ਸੋਸ਼ਲ ਮੀਡੀਆ ਪੇਜ਼ ਦੇ ਰਾਹੀਂ ਜਾਣਕਾਰੀ ਨਾ ਦੇਣ।