ਨਵੀਂ ਦਿੱਲੀ – ਉੱਤਰੀ ਭਾਰਤ ’ਚ ਗੰਗਾ ਦੇ ਮੈਦਾਨਾਂ ’ਚ ਅੱਜ ਸੰਘਣੀ ਧੁੰਦ ਛਾਈ ਰਹੀ ਤੇ ਠੰਢ ਦਾ ਜ਼ੋਰ ਜਾਰੀ ਹੈ। ਸੰਘਣੀ ਧੁੰਦ ਨੇ ਸੜਕ, ਹਵਾਈ ਅਤੇ ਰੇਲ ਆਵਾਜਾਈ ਨੂੰ ਪ੍ਰਭਾਵਿਤ ਕੀਤਾ। ਸੈਟੇਲਾਈਟ ਚਿੱਤਰਾਂ ਮੁਤਾਬਕ ਪੰਜਾਬ ਤੋਂ ਉੱਤਰ-ਪੂਰਬੀ ਭਾਰਤ ਤੱਕ ਦੇ ਖੇਤਰਾਂ ਵਿੱਚ ਸੰਘਣੀ ਧੁੰਦ ਛਾਈ ਹੋਈ ਹੈ। ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ ਸੰਘਣੀ ਧੁੰਦ ਕਾਰਨ ਦਿੱਲੀ ਆਉਣ ਵਾਲੀਆਂ 30 ਟਰੇਨਾਂ ਵੱਧ ਤੋਂ ਵੱਧ ਛੇ ਘੰਟੇ ਦੇਰੀ ਨਾਲ ਚੱਲ ਰਹੀਆਂ ਹਨ।
ਪਿਛਲੇ 15 ਦਿਨਾਂ ਵਿੱਚ ਦੇਸ਼ ਦੇ ਉੱਤਰੀ ਅਤੇ ਉੱਤਰ-ਪੂਰਬੀ ਖੇਤਰ ਵਿੱਚ ਸਵੇਰ ਦੇ ਸਮੇਂ ਦੌਰਾਨ ਧੁੰਦ ਨੇ ਸੜਕ, ਰੇਲ ਅਤੇ ਹਵਾਈ ਆਵਾਜਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਦਿੱਲੀ ਹਵਾਈ ਅੱਡੇ ’ਤੇ 100 ਤੋਂ ਵੱਧ ਉਡਾਣਾਂ ’ਚ ਦੇਰੀ ਹੋਈ ਤੇ 5 ਉਡਾਣਾਂ ਦਾ ਰਾਹ ਬਦਲਿਆ ਗਿਆ।
ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਵਿਚ ਠੰਢ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਮੰਗਲਵਾਰ ਨੂੰ ਦੋਵਾਂ ਸੂਬਿਆਂ ਵਿਚ ਸਵੇਰੇ ਸੰਘਣੀ ਧੁੰਦ ਪੈਣ ਕਾਰਨ ਆਮ ਜਨਜੀਵਨ ਪ੍ਰਭਾਵਤ ਰਿਹਾ। ਕੜਾਕੇ ਦੀ ਠੰਢ ਕਾਰਨ ਪੰਜਾਬ ’ਚ ਘੱਟੋ-ਘੱਟ ਤਾਪਮਾਨ ਮਨਫੀ ਹੋ ਗਿਆ। ਪੰਜਾਬ ਦਾ ਨਵਾਂਸ਼ਹਿਰ ਤੇ ਹਰਿਆਣਾ ਦਾ ਮਹਿੰਦਰਗੜ੍ਹ ਸਭ ਤੋਂ ਠੰਢੇ ਰਹੇ। ਮੌਸਮ ਵਿਭਾਗ ਨੇ 16-17 ਜਨਵਰੀ ਨੂੰ ਵੀ ਪੰਜਾਬ ਵਿਚ ਸੰਘਣੀ ਧੁੰਦ ਅਤੇ ਠੰਢ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਸੀਤ ਲਹਿਰ ਅਤੇ ਸੰਘਣੀ ਧੁੰਦ ਤੋਂ ਲੋਕਾਂ ਨੂੰ ਫਿਲਹਾਲ ਰਾਹਤ ਨਹੀਂ ਮਿਲੇਗੀ।
ਪੰਜਾਬ ਦੇ 16 ਜ਼ਿਲ੍ਹਿਆਂ ਵਿਚ ਮੌਸਮ ਖ਼ਰਾਬ ਹੋਣ ਦੀ ਚੇਤਾਵਨੀ ਦਿੱਤੀ ਗਈ ਹੈ। ਪੰਜਾਬ ਦੇ ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਹਿਗੜ੍ਹ ਸਾਹਿਬ ਅਤੇ ਪਟਿਆਲਾ ਵਿਚ ਸੰਘਣੀ ਧੁੰਦ ਦੀ ਚਿਤਾਵਨੀ ਦਿੱਤੀ ਗਈ ਹੈ। ਸਵੇਰੇ ਇੱਥੇ ਵਿਜ਼ੀਬਿਲਟੀ 25 ਮੀਟਰ ਤੋਂ ਘੱਟ ਸੀ।
ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ ’ਚ 2 ਦਿਨਾਂ ਤੱਕ ਬਰਫਬਾਰੀ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ ਜਦਕਿ ਚੰਡੀਗੜ੍ਹ ਵਿਚ ਸਵੇਰੇ ਧੁੰਦ ਅਤੇ ਦੁਪਹਿਰ ਨੂੰ ਧੁੱਪ ਰਹਿਣ ਦੀ ਸੰਭਾਵਨਾ ਹੈ। ਹਰਿਆਣਾ ਦੇ 8 ਜ਼ਿਲ੍ਹਿਆਂ ਵਿਚ ਬਹੁਤ ਜ਼ਿਆਦਾ ਧੁੰਦ ਪੈਣ ਦੀ ਚੇਤਾਵਨੀ ਦਿੱਤੀ ਗਈ ਹੈ। ਇਨ੍ਹਾਂ ਵਿਚ ਅੰਬਾਲਾ, ਕੁਰੂਕਸ਼ੇਤਰ, ਕੈਥਲ, ਕਰਨਾਲ, ਸੋਨੀਪਤ, ਪਾਣੀਪਤ, ਸਿਰਸਾ, ਫਤਿਹਾਬਾਦ ਅਤੇ ਜੀਂਦ ਸ਼ਾਮਲ ਹਨ।