ਅੰਮ੍ਰਿਤਸਰ – ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਵਿਖੇ ਨੰਨ੍ਹੇ -ਮੁੰਨੇ ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਨ, ਆਤਮ-ਵਿਸ਼ਵਾਸ ਪੈਦਾ ਕਰਨ ਅਤੇ ਕਲਾਤਮਿਕ ਕਲਾਵਾਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨੂੰ ਮੁੱਖ ਰੱਖਦਿਆਂ ‘ਸਲਾਨਾ ਇਨਾਮ ਵੰਡ ਸਮਾਗਮ-ਮੈਜੀਕਲ ਵਾਈਬਸ’ (ਜੂਨੀਅਰ) ਕਰਵਾਇਆ ਗਿਆ। ਜਿਸ ’ਚ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਜੁਆਇੰਟ ਸਕੱਤਰ ਸ: ਸੰਤੋਖ ਸਿੰਘ ਸੇਠੀ ਨੇ ਮੁੱਖ ਮਹਿਮਾਨ, ਕੌਂਸਲ ਦੇ ਮੈਂਬਰ ਡਾ. ਸੁਖਬੀਰ ਕੌਰ ਮਾਹਲ ਨੇ ਗੈਸਟ ਆਫ਼ ਆਨਰ ਅਤੇ ‘ਏਂਜਲ ਪੈਰਾਡਾਈਜ਼’ ਦੇ ਪ੍ਰਿੰਸੀਪਲ ਮੁਸਕਾਨ ਕਪੂਰ, ‘ਮਦਰ ਟੀਚਰ ਪ੍ਰੈਪਰੇਟਰੀ ਸਕੂਲ’ ਦੇ ਮੁਖੀ ਸ੍ਰੀ ਧਰਮਿੰਦਰ ਸ਼ਰਮਾ, ਯੂਰੋ ਕਿਡਜ਼ ਸਕੂਲ’ ਦੇ ਮੁਖੀ ਕੀਰਤੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਸ: ਸੇਠੀ ਨੇ ਕਿਹਾ ਕਿ ਆਧੁਨਿਕਤਾ ਦੇ ਇਸ ਦੌਰ ’ਚ ਉਹੀ ਵਿਅਕਤੀ ਜੀਵਨ ’ਚ ਸਫ਼ਲਤਾ ਦੀ ਪੌੜੀ ਚੜ੍ਹ ਸਕਦਾ ਹੈ, ਜੋ ਆਪਣੇ ਅੰਦਰ ਛੁਪੀਆਂ ਕਲਾਵਾਂ ਦੀ ਪਹਿਚਾਣ ਕਰਕੇ ਭਵਿੱਖ ਦੀਆਂ ਯੋਜਨਾਵਾਂ ਨੂੰ ਨਿਰਧਾਰਿਤ ਕਰੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਕੇ ਦੇਸ਼ ਅਤੇ ਸਕੂਲ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਪ੍ਰਿੰਸੀਪਲ ਸ੍ਰੀਮਤੀ ਨਿਰਮਲਜੀਤ ਕੌਰ ਗਿੱਲ ਦੀ ਅਗਵਾਈ ਹੇਠ ਕਰਵਾਏ ਗਏ ਉਕਤ ਪ੍ਰੋਗਰਾਮ ਮੌਕੇ ਬੱਚਿਆਂ ਨੇ ਪੂਰਨ ਆਤਮ-ਵਿਸ਼ਵਾਸ ਨਾਲ ਵੱਖ-ਵੱਖ ਕਿਰਿਆਵਾਂ ਸਕੂਲ ਸ਼ਬਦ, ਡਾਂਸ, ਕੋਰੀਓਗ੍ਰਾਫੀ, ਸਕਿੱਟ ਆਦਿ ’ਚ ਭਾਗ ਲਿਆ।
ਇਸ ਮੌਕੇ ਪ੍ਰਿੰ: ਸ੍ਰੀਮਤੀ ਗਿੱਲ ਨੇ ਸਲਾਨਾ ਰਿਪੋਰਟ ਪੜ੍ਹੀ ਅਤੇ ਸਕੂਲ ਦੀਆਂ ਵਧੀਆ ਕਾਰਗੁਜ਼ਾਰੀਆਂ ਸਬੰਧੀ ਜਾਣੂ ਕਰਵਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੀਵਨ ’ਚ ਜੋ ਆਤਮ-ਵਿਸ਼ਵਾਸ ਅਸੀਂ ਵਿਦਿਆਰਥੀ ਜੀਵਨ ’ਚ ਗ੍ਰਹਿਣ ਕਰ ਲੈਂਦੇ ਹਾਂ, ਉਹ ਜੀਵਨ ਦੇ ਹਰ ਪੜਾਅ ’ਤੇ ਸਾਡੇ ਨਾਲ ਚੱਲਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਪ੍ਰੋਗਰਾਮ ਨੂੰ ਇਸੇ ਹੀ ਮੰਤਵ ਨੂੰ ਮੁੱਖ ਰੱਖਦਿਆਂ ਉਲੀਕਿਆ ਗਿਆ ਸੀ। ਇਸ ਮੌਕੇ ਪ੍ਰਿੰ: ਗਿੱਲ ਨੇ ਮਾਪਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਸ: ਸੇਠੀ ਨੇ ਡਾ. ਮਾਹਲ ਅਤੇ ਪ੍ਰਿੰ: ਗਿੱਲ ਨਾਲ ਮਿਲ ਕੇ ਅਕਾਦਮਿਕ ਅਤੇ ਕਿਰਿਆਤਮਕ ਕਿਰਿਆਵਾਂ ’ਚ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ। ਇਸ ਮੌਕੇ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਹਾਜ਼ਰ ਸੀ।