‘ਵੀਰ ਬਾਲ ਦਿਵਸ’ ‘ਤੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿੱਚ 20 ਬੱਚਿਆਂ ਨੂੰ ‘ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਵਲੋਂ ਵੰਡੇ ਗਏ। ਇਨ੍ਹਾਂ ਬੱਚਿਆਂ ਨੂੰ 18 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਵੱਖ-ਵੱਖ ਖੇਤਰਾਂ ਵਿੱਚ ਉਨ੍ਹਾਂ ਦੇ ਸ਼ਾਨਦਾਰ ਅਤੇ ਦਲੇਰਾਨਾ ਕੰਮਾਂ ਦੇ ਲਈ ਚੁਣਿਆ ਗਿਆ ਸੀ। ਇਹਨਾਂ ਵਿੱਚ 10 ਸਾਲਾ ਸ਼ਰਵਣ ਸਿੰਘ ਵੀ ਹੈ ਜੋ ਸਰਹੱਦ ‘ਤੇ ਭਾਰਤੀ ਸੈਨਿਕਾਂ ਨੂੰ ਦੁੱਧ ਅਤੇ ਲੱਸੀ ਪਹੁੰਚਾਉਂਦਾ ਰਿਹਾ। ‘ਆਪ੍ਰੇਸ਼ਨ ਸਿੰਦੂਰ’ ਵੇਲੇ ਸ਼ਰਵਣ ਸਿੰਘ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਫੌਜੀ ਜਵਾਨਾਂ ਦੀ ਸੇਵਾ ਕੀਤੀ ਸੀ। ਉਹ ਰੋਜ਼ਾਨਾ ਆਪਣੇ ਘਰੋਂ ਫੌਜੀ ਜਵਾਨਾਂ ਲਈ ਚਾਹ-ਪਾਣੀ, ਲੈ ਕੇ ਜਾਂਦਾ ਸੀ। ਛੋਟੀ ਉਮਰ ਵਿੱਚ ਦੇਸ਼ ਪ੍ਰਤੀ ਅਜਿਹਾ ਹੌਸਲਾ ਦੇਖ ਕੇ ਭਾਰਤੀ ਫੌਜ ਨੇ ਵੀ ਉਸ ਨੂੰ ਸਨਮਾਨਿਤ ਕੀਤਾ ਸੀ ਅਤੇ ਹੁਣ ਭਾਰਤ ਸਰਕਾਰ ਵੱਲੋਂ ਉਸ ਨੂੰ ਬੱਚਿਆਂ ਲਈ ਦਿੱਤੇ ਜਾਣ ਵਾਲੇ ‘ਰਾਸ਼ਟਰੀ ਬਾਲ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ ਹੈ। 20 ਬੱਚਿਆਂ ਵਿੱਚੋਂ ਦੋ ਨੂੰ ਮਰਨ ਉਪਰੰਤ ਸਨਮਾਨਿਤ ਕੀਤਾ ਗਿਆ। 14 ਸਾਲਾ ਕ੍ਰਿਕਟਰ ਵੈਭਵ ਸੂਰਿਆਵੰਸ਼ੀ ਉਨ੍ਹਾਂ ਵਿੱਚੋਂ ਇੱਕ ਹੈ। ਤਾਮਿਲਨਾਡੂ ਤੋਂ ਬਯੋਮਾ ਅਤੇ ਬਿਹਾਰ ਤੋਂ ਕਮਲੇਸ਼ ਕੁਮਾਰ ਨੇ ਆਪਣੇ ਮਾਪਿਆਂ ਤੋਂ ਆਪਣੇ ਪੁਰਸਕਾਰ ਪ੍ਰਾਪਤ ਕੀਤੇ।
ਇਸ ਮੌਕੇ ਬੋਲਦਿਆਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ, “ਇਨ੍ਹਾਂ ਬੱਚਿਆਂ ਨੇ ਆਪਣੇ ਪਰਿਵਾਰਾਂ, ਭਾਈਚਾਰਿਆਂ ਅਤੇ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਇਸ ਲਈ ਮੈਂ ਇਨ੍ਹਾਂ ਬੱਚਿਆਂ ਦੇ ਪਰਿਵਾਰਾਂ ਨੂੰ ਦਿਲੋਂ ਵਧਾਈ ਦਿੰਦੀ ਹਾਂ। ਮੈਂ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅੰਨਪੂਰਨਾ ਦੇਵੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਵੀ ਅਜਿਹੇ ਪ੍ਰਤਿਭਾਸ਼ਾਲੀ ਅਤੇ ਹੋਣਹਾਰ ਬੱਚਿਆਂ ਲਈ ਪੁਰਸਕਾਰ ਸਮਾਰੋਹ ਦਾ ਆਯੋਜਨ ਕਰਨ ਲਈ ਵਧਾਈ ਦਿੰਦੀ ਹਾਂ।”
‘ਵੀਰ ਬਾਲ ਦਿਵਸ’ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦਿਆਂ ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਜੀ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਹੈ। 9 ਜਨਵਰੀ 2022 ਨੂੰ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਐਲਾਨ ਕੀਤਾ ਸੀ ਕਿ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੀ ਸ਼ਹਾਦਤ ਦੀ ਯਾਦ ਵਿੱਚ ਹਰ ਸਾਲ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਇਆ ਜਾਵੇਗਾ, ਜਿਨ੍ਹਾਂ ਦੀ ਬੇਮਿਸਾਲ ਕੁਰਬਾਨੀ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੇਤੂ ਬੱਚਿਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਇਸ ਤੋਂ ਬਾਅਦ ਉਨ੍ਹਾਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ, “ਜਨਰਲ ਜ਼ੈੱਡ ਅਤੇ ਜਨਰਲ ਅਲਫ਼ਾ ਸਾਨੂੰ ਵਿਕਸਤ ਭਾਰਤ ਦੇ ਟੀਚੇ ਵੱਲ ਲੈ ਜਾਣਗੇ। ਮੈਂ ਉਮੀਦ ਕਰਦਾ ਹਾਂ ਕਿ ਭਾਰਤ ਦੇ ਨੌਜਵਾਨ ਵੱਡੇ ਸੁਪਨੇ ਦੇਖਣਗੇ, ਸਖ਼ਤ ਮਿਹਨਤ ਕਰਨਗੇ ਅਤੇ ਆਪਣੇ ਆਤਮਵਿਸ਼ਵਾਸ ਨੂੰ ਡਿੱਗਣ ਨਹੀਂ ਦੇਣਗੇ। ਭਾਰਤ ਦਾ ਭਵਿੱਖ ਸਿਰਫ ਇਸਦੇ ਬੱਚਿਆਂ ਅਤੇ ਨੌਜਵਾਨਾਂ ਦੇ ਭਵਿੱਖ ਕਾਰਨ ਹੀ ਉੱਜਵਲ ਹੋਵੇਗਾ। ਉਨ੍ਹਾਂ ਦੀ ਹਿੰਮਤ, ਉਨ੍ਹਾਂ ਦੀ ਪ੍ਰਤਿਭਾ ਅਤੇ ਉਨ੍ਹਾਂ ਦਾ ਸਮਰਪਣ ਦੇਸ਼ ਦੀ ਤਰੱਕੀ ਦੀ ਅਗਵਾਈ ਕਰੇਗਾ। ਇਸ ਵਿਸ਼ਵਾਸ, ਇਸ ਜ਼ਿੰਮੇਵਾਰੀ ਅਤੇ ਇਸ ਨਿਰੰਤਰ ਗਤੀ ਨਾਲ, ਭਾਰਤ ਆਪਣੇ ਭਵਿੱਖ ਵੱਲ ਅੱਗੇ ਵਧਦਾ ਰਹੇਗਾ। ਅੱਜ ਧਿਆਨ ਵਿਵਹਾਰਕ ਸਿੱਖਣ ‘ਤੇ ਹੈ। ਰੱਟੇ ਮਾਰਨ ਦੀ ਬਜਾਏ, ਬੱਚਿਆਂ ਨੂੰ ਸੋਚਣ ਦੀ ਆਦਤ ਵਿਕਸਤ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਸਵਾਲ ਪੁੱਛਣ ਦੀ ਹਿੰਮਤ ਅਤੇ ਹੱਲ ਲੱਭਣ ਦੀ ਯੋਗਤਾ ਵਿਕਸਤ ਕਰਨੀ ਚਾਹੀਦੀ ਹੈ। ਪਹਿਲੀ ਵਾਰ ਇਸ ਦਿਸ਼ਾ ਵਿੱਚ ਯਤਨ ਕੀਤੇ ਜਾ ਰਹੇ ਹਨ। ਹਰ ਖੇਤਰ ਵਿੱਚ ਨੌਜਵਾਨਾਂ ਲਈ ਨਵੇਂ ਮੌਕੇ ਖੁੱਲ੍ਹ ਰਹੇ ਹਨ।” ਅੱਜ ਭਾਰਤ ਦੇ ਸਾਹਮਣੇ ਹਾਲਾਤ ਬੇਮਿਸਾਲ ਹਨ। ਭਾਰਤ ਦੁਨੀਆ ਦੇ ਸਭ ਤੋਂ ਨੌਜਵਾਨ ਦੇਸ਼ਾਂ ਵਿੱਚੋਂ ਇੱਕ ਹੈ। ਅਗਲੇ 25 ਸਾਲ ਭਾਰਤ ਦੇ ਭਵਿੱਖ ਨੂੰ ਨਿਰਧਾਰਤ ਕਰਨਗੇ।”
‘ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ’ ਨਾਲ ਸਨਮਾਨਿਤ ਕੀਤੇ ਗਏ 20 ਬੱਚਿਆਂ ਦੇ ਨਾਮ ਹੇਠ ਲਿਖੇ ਹਨ:
- ਵਾਕਾ ਲਕਸ਼ਮੀ ਪ੍ਰਜਨਿਕਾ (7 ਸਾਲ) – ਗੁਜਰਾਤ
- ਯੋਗਿਤਾ ਮਾਂਡਵੀ (14 ਸਾਲ) – ਛੱਤੀਸਗੜ੍ਹ
- ਆਇਸ਼ੀ ਪ੍ਰੀਸ਼ਾ ਬੋਰਾਹ (14 ਸਾਲ) – ਅਸਾਮ
- ਵੰਸ਼ (17 ਸਾਲ) – ਚੰਡੀਗੜ੍ਹ
- ਪੂਜਾ (17 ਸਾਲ) – ਉੱਤਰ ਪ੍ਰਦੇਸ਼
- ਸੁਮਨ ਸਰਕਾਰ (16 ਸਾਲ) – ਪੱਛਮੀ ਬੰਗਾਲ
- ਈਸਤਰ ਲਾਲਦੁਹਾਉਮੀ ਹਨਾਮਤੇ (9 ਸਾਲ) – ਮਿਜ਼ੋਰਮ
- ਸ਼ਿਵਾਨੀ ਹੋਸਰੂ ਉਪਪਾਰਾ (17 ਸਾਲ) – ਆਂਧਰਾ ਪ੍ਰਦੇਸ਼
- ਮੁਹੰਮਦ ਸਿਦਾਨ (11 ਸਾਲ) – ਕੇਰਲ
- ਅਜੈ ਰਾਜ (9 ਸਾਲ) – ਉੱਤਰ ਪ੍ਰਦੇਸ਼
- ਵੈਭਵ ਸੂਰਜਵੰਸ਼ੀ (14 ਸਾਲ) – ਬਿਹਾਰ
- ਬਯੋਮਾ (9 ਸਾਲ) – ਤਾਮਿਲਨਾਡੂ
- ਕਮਲੇਸ਼ ਕੁਮਾਰ (11 ਸਾਲ) – ਬਿਹਾਰ
- ਸ਼ਰਵਣ ਸਿੰਘ (10 ਸਾਲ) – ਪੰਜਾਬ
- ਅਰਨਵ ਮਹਾਰਿਸ਼ੀ (17 ਸਾਲ) – ਮਹਾਰਾਸ਼ਟਰ
- ਜੋਤੀ (16 ਸਾਲ) – ਹਰਿਆਣਾ
- ਅਨੁਸ਼ਕਾ ਕੁਮਾਰੀ (14 ਸਾਲ) – ਝਾਰਖੰਡ
- ਧਨਿਧੀ ਦੇਸਿੰਘੂ (15 ਸਾਲ) – ਕਰਨਾਟਕ
- ਜਯੋਸ਼ਨਾ ਸਾਬਰ (16 ਸਾਲ) – ਓਡੀਸ਼ਾ
- ਵਿਸ਼ਵਨਾਥ ਕਾਰਤੀਕੇਯ (16 ਸਾਲ) – ਤੇਲੰਗਾਨਾ