ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 1 ਫਰਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰ ਕੇ ਸ਼ੁਰੂ ਕੀਤੀ ਪੰਜਾਬ ਬਚਾਓ ਯਾਤਰਾ ਬੀਤੇ ਦਿਨੀਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਅਰਦਾਸ ਉਪਰੰਤ ਸਮਾਪਤ ਕੀਤੀ ਗਈ ਸੀ । ਇਸ ਯਾਤਰਾ ਦੌਰਾਨ ਸੁਖਬੀਰ ਸਿੰਘ ਬਾਦਲ ਨੇ 80 ਹਲਕਿਆਂ ’ਚ ਤਕਰੀਬਨ 3200 ਕਿਲੋਮੀਟਰ ਦਾ ਸਫਰ ਤੈਅ ਕਰਕੇ ਪੰਜਾਬੀਆਂ ਨਾਲ ਵਿਚਾਰਾਂ ਦੀ ਸਾਂਝ ਪਾਈ। ਪੰਜਾਬ ਬਚਾਉ ਯਾਤਰਾ ਦੌਰਾਨ ਲੋਕਾਂ ਨੇ ਪੂਰਾ ਸਾਥ ਦਿੱਤਾ ਤੇ ਆਪਣੀਆਂ ਤਕਲੀਫਾਂ ਤੇ ਸਰਕਾਰ ਪ੍ਰਤੀ ਸ਼ਿਕਾਇਤਾਂ ਦੱਸੀਆਂ। ਉਨ੍ਹਾਂ ਪੰਜਾਬੀਆਂ ਨੂੰ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਉਹ ਪਾਰਟੀ ਨੂੰ ਤਾਕਤ ਦੇਣ ਤਾਂ ਜੋ ਅਸੀਂ ਗੁਰੂ ਸਾਹਿਬ ਦੇ ਦੱਸੇ ‘‘ਸਰਬੱਤ ਦੇ ਭਲੇ” ਦੇ ਸਿਧਾਂਤ ਅਨੁਸਾਰ ਪੰਜਾਬ ਨੂੰ ਮੁੜ ਲੀਹ ’ਤੇ ਲਿਆਉਣ ਤੇ ਪੰਜਾਬੀਆਂ ਦੇ ਹਾਲਾਤ ਸੁਧਾਰਣ ਵਾਸਤੇ ਹੋਰ ਮਿਹਨਤ ਕਰ ਸਕੀਏ।
ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਸੂਬੇ ’ਚ ਤਬਦੀਲੀ ਦੀ ਹਵਾ ਵਗ ਰਹੀ ਹੈ ਤੇ ਲੋਕ ਦਿੱਲੀ ਵਾਲੀਆਂ ਤਿੰਨੇ ਪਾਰਟੀਆਂ ਨੂੰ ਇਸ ਵਾਰ ਮੂੰਹ ਨਹੀਂ ਲਾਉਣਗੇ। ਕਰਨੈਲ ਸਿੰਘ ਪੀਰਮੁਹੰਮਦ ਨੇ ਪੰਥ ਤੇ ਪੰਜਾਬ ਦੀ ਆਵਾਜ਼ ਬੁਲੰਦ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਵਰਗੀ ਇਕੋ-ਇਕ ਖੇਤਰੀ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਹਾਸਿਲ ਕਰਨੀ ਬੇਹੱਦ ਜ਼ਰੂਰੀ ਹੈ।