ਗੁਰਦਾਸਪੁਰ – ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਬੀਤੇ ਦਿਨ ਦਾਅਵਾ ਕੀਤਾ ਗਿਆ ਸੀ ਕਿ ਪੁਲਿਸ ਟੀਮ ਨੇ ਪਟਿਆਲਾ ਸ਼ੰਭੂ ਰੇਲਵੇ ਟਰੈਕ ਧਮਾਕੇ ਦੇ ਮਾਮਲੇ ਵਿੱਚ ਮੁੱਖ ਸਾਜ਼ਿਸ਼ਕਰਤਾ ਜਗਰੂਪ ਸਿੰਘ ਦੇ ਸਾਥੀ ਗੁਰਜਿੰਦਰ ਸਿੰਘ ਉਰਫ ਬਾਬਾ ਬੇਅੰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਬਾਅਦ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਬਾਕੀ ਮੁਲਜ਼ਮਾਂ ਦੀ ਤਰ੍ਹਾਂ ਗੁਰਜਿੰਦਰ ਸਿੰਘ ਦੇ ਮਾਪਿਆਂ ਨੇ ਵੀ ਆਪਣੇ ਪੁੱਤਰ ਨੂੰ ਬੇਕਸੂਰ ਆਖਿਆ ਹੈ।
ਪੰਜਾਬ ਪੁਲਿਸ ਦੁਆਰਾ ਗ੍ਰਿਫ਼ਤਾਰ ਮੁਲਜ਼ਮ ਗੁਰਜਿੰਦਰ ਸਿੰਘ ਦਾ ਪਰਿਵਾਰ ਜੋ ਕਿ ਗੁਰਦਾਸਪੁਰ ਵਿੱਚ ਰਹਿੰਦਾ ਹੈ ਨੇ ਆਪਣੇ ਪੁੱਤ ਨੂੰ ਬੇਕਸੂਰ ਦੱਸਿਆ ਹੈ। ਗੁਰਦਾਸਪੁਰ ਦੇ ਪਿੰਡ ਬਿਧੀਪੁਰ ਦੇ ਰਹਿਣ ਵਾਲੇ ਗੁਰਜਿੰਦਰ ਸਿੰਘ ਦੇ ਪਿਤਾ ਮੁਖਤਿਆਰ ਸਿੰਘ ਦਾ ਕਹਿਣਾ ਹੈ ਕਿ, ‘ਉਨ੍ਹਾਂ ਦੇ ਪੁੱਤ ਨੂੰ ਪੁਲਿਸ ਨੇ ਧਾਰੀਵਾਲ ਕਸਬੇ ਤੋ ਬੀਤੇ ਵੀਰਵਾਰ ਹਿਰਾਸਤ ਵਿੱਚ ਲਿਆ ਸੀ ਉਦੋਂ ਤਾਂ ਉਨ੍ਹਾਂ ਨੂੰ ਪਤਾ ਨਹੀਂ ਲੱਗਾ ਉਲਟਾ ਉਸਦੀ ਲਾਪਤਾ ਹੋਣ ਦੀ ਸ਼ਿਕਾਇਤ ਲੈਕੇ ਪੁਲਿਸ ਕੋਲ ਗਏ ਸਨ। ਬਾਅਦ ਵਿੱਚ ਪ੍ਰੀਵਾਰ ਨੂੰ ਦੱਸਿਆ ਗਿਆ ਕਿ ਜਦੋਂ ਗੁਰਜਿੰਦਰ ਸਿੰਘ ਪਿੰਡ ਵਿੱਚ ਲੋਕਾਂ ਦੇ ਘਰ ਦੁੱਧ ਪਾਉਣ ਗਿਆ ਸੀ ਤਾਂ ਪੁਲਿਸ ਨੇ ਰਾਹ ਵਿੱਚੋਂ ਹੀ ਉਸ ਨੂੰ ਡੱਕ ਲਿਆ ਅਤੇ ਚੁੱਕ ਕੇ ਅੰਮ੍ਰਿਤਸਰ ਵਿਖੇ ਲੈ ਗਏ। ਗੁਰਜਿੰਦਰ ਦੇ ਪਿਤਾ ਨੇ ਦੱਸਿਆ ਕਿ ਕੁੱਝ ਦਿਨਾਂ ਪਹਿਲਾਂ ਪੁਲਿਸ ਮੁਲਾਜ਼ਮ ਘਰ ਆਏ ਅਤੇ ਉਨ੍ਹਾਂ ਦੇ ਪੁੱਤਰ ਦੇ ਸਮਾਨ ਤੋਂ ਇਲਾਵਾ ਉਸ ਦੇ ਵੱਲੋਂ ਘਰ ਦੇ ਵਿੱਚ ਰੱਖੇ ਗਏ ਪੰਛੀ ਬਾਜ਼ ਨੂੰ ਵੀ ਨਾਲ ਲੈ ਗਏ। ਪੁਲਿਸ ਮੁਲਾਜ਼ਮਾਂ ਨੇ ਗੁਰਜਿੰਦਰ ਸਿੰਘ ਨਾਲ ਸਾਡੀ ਫੋਨ ਉੱਤੇ ਵੀ ਗੱਲ ਕਰਵਾਈ ਅਤੇ ਉਸਦੇ ਕੁੱਝ ਕੱਪੜਿਆਂ ਤੋਂ ਇਲਾਵਾ ਮੋਬਾਈਲ ਫ਼ੋਨ ਲੈਕੇ ਚਲੇ ਗਏ। ਪੁਲਿਸ ਮੁਲਾਜ਼ਮਾਂ ਨੇ ਆਖਿਆ ਕਿ ਦੋ ਦਿਨ ਤੱਕ ਗੁਰਜਿੰਦਰ ਵਾਪਸ ਆ ਜਾਵੇਗਾ ਪਰ ਬਾਅਦ ਵਿੱਚ ਪਤਾ ਲੱਗਾ ਕਿ ਬੰਬ ਧਮਾਕੇ ਵਰਗੇ ਗੰਭੀਰ ਇਲਜ਼ਾਮ ਉਸ ਉੱਤੇ ਲੱਗੇ ਹਨ। ਗੁਰਜਿੰਦਰ ਸਿੰਘ ਨੂੰ ਸਾਜ਼ਿਸ਼ ਤਹਿਤ ਫਸਾਇਆ ਗਿਆ ਹੈ।”
ਇਸ ਕੇਸ ਦੇ ਵਿੱਚ ਹੁਣ ਤੱਕ ਪੁਲਿਸ ਨੇ ਪਰਦੀਪ ਸਿੰਘ ਖ਼ਾਲਸਾ ਪੁੱਤਰ ਨਿਰਮਲ ਸਿੰਘ ਵਾਸੀ ਵਾਰਡ ਨੰਬਰ 1 ਡਾਕਟਰ ਨਿਸਾਨ ਸਿੰਘ ਵਾਲੀ ਗਲੀ ਮਾਨਸਾ, ਕੁਲਵਿੰਦਰ ਸਿੰਘ ਬੱਗਾ ਪੁੱਤਰ ਸੀਰਾ ਸਿੰਘ ਵਾਸੀ ਬੱਪੀਆਨਾ ਜ਼ਿਲ੍ਹਾ ਮਾਨਸਾ, ਸਤਨਾਮ ਸਿੰਘ ਸੱਤਾ ਪੁੱਤਰ ਲਖਵਿੰਦਰ ਸਿੰਘ ਵਾਸੀ ਪੰਜਵੜ੍ਹ ਜ਼ਿਲ੍ਹਾ ਤਰਨ ਤਾਰਨ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਬਾਬਾ ਬਿਧੀਚੰਦ ਨਗਰ ਮੁਰਾਦਪੁਰ ਖੁਰਦ ਗੋਇੰਦਵਾਲ, ਬਾਈਪਾਸ ਥਾਣਾ ਸਿਟੀ ਤਰਨਤਾਰਨ ਨੂੰ ਗ੍ਰਿਫ਼ਤਾਰ ਕੀਤਾ ਹੈ ਇਸ ਤੋਂ ਇਲਾਵਾ ਮਾਮਲੇ ਵਿੱਚ ਗੁਰਦਾਸਪੁਰ ਦੇ ਰਹਿਣ ਵਾਲੇ ਗੁਰਜਿੰਦਰ ਸਿੰਘ ਦੀ ਗ੍ਰਿਫ਼ਤਾਰੀ ਹੋਈ ਹੈ। ਜਦਕਿ ਇੱਕ ਮੁਲਜ਼ਮ ਜਗਰੂਪ ਸਿੰਘ ਦੀ ਧਮਾਕੇ ਵਾਲੀ ਥਾਂ ‘ਤੇ ਮੌਤ ਹੋ ਗਈ ਸੀ।