ਤਲਵੰਡੀ ਸਾਬੋ – ਪਿਛਲੇ ਦਿਨੀਂ ਕਾਂਗਰਸ ਚ ਸ਼ਮੂਲੀਅਤ ਕਰ ਚੁੱਕੇ ਹਲਕਾ ਤਲਵੰਡੀ ਸਾਬੋ ਤੋਂ ਚਾਰ ਵਾਰ ਵਿਧਾਇਕ ਰਹੇ ਜੀਤਮਹਿੰਦਰ ਸਿੰਘ ਸਿੱਧੁ ਆਪਣੇ ਅਗਲੇਰੇ ਸਿਆਸੀ ਸਫਰ ਲਈ ਅਕਾਲ ਪੁਰਖ ਵਾਹਿਗੁਰੂ ਦਾ ਓਟ ਆਸਰਾ ਲੈਣ ਵਾਸਤੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ,ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਸੀਨੀਅਰ ਕਾਂਗਰਸੀ ਲੀਡਰਸ਼ਿਪ ਨੂੰ ਨਾਲ ਲੈ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ।
ਦਮਦਮਾ ਸਾਹਿਬ ਪੁੱਜਣ ਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਨੇਤਾ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਦਾ ਇਲਾਕੇ ਚੋਂ ਇਕੱਤਰ ਹੋਏ ਸੈਂਕੜਿਆਂ ਦੀ ਗਿਣਤੀ ਚ ਕਾਂਗਰਸੀ ਵਰਕਰਾਂ ਨੇ ਸ਼ਾਨਦਾਰ ਸਵਾਗਤ ਕੀਤਾ।ਉਕਤ ਆਗੂਆਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਮੱਥਾ ਟੇਕ ਪਾਰਟੀ ਅਤੇ ਪੰਜਾਬ ਦੀ ਚੜ੍ਹਦੀਕਲਾ ਦੀ ਅਰਦਾਸ ਕੀਤੀ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨੇਤਾ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅੱਜ ਵੱਡੀ ਗਿਣਤੀ ਚ ਜੀਤਮਹਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਇਕੱਤਰ ਹੋਇਆ ਇਹ ਲੋਕ ਹੜ ਦੱਸ ਰਿਹੈ ਕਿ ਕਾਂਗਰਸ ਪਾਰਟੀ ਵਿੱਚ ਜੋ ਆਗੂ ਸ਼ਾਮਿਲ ਹੋਏ ਹਨ ਉਹ ਸਿਆਸਤ ਚ ਕੀ ਰੁਤਬਾ ਰੱਖਦੇ ਹਨ।ਉਨਾਂ ਕਿਹਾ ਕਿ ਪਿਛਲੇ ਦਿਨੀਂ ਜੋ ਵੱਡੇ ਸਿਆਸੀ ਚਿਹਰੇ ਕਾਂਗਰਸ ਚ ਸ਼ਾਮਿਲ ਹੋਏ ਉਨਾਂ ਨਾਲ ਕਾਂਗਰਸ ਨੂੰ ਵੱਡੇ ਪੱਧਰ ਤੇ ਮਜ਼ਬੂਤੀ ਮਿਲੀ ਹੈ ਅਤੇ ਕਿਉਂਕਿ ਹੁਣ ਪੰਜਾਬ ਦੇ ਲੋਕ ਜਾਂ ਲੋਕ ਪੱਖੀ ਆਗੂ ਸਮਝ ਚੁੱਕੇ ਹਨ ਕਿ ਕਾਂਗਰਸ ਹੀ ਪੰਜਾਬ ਨੂੰ ਫਿਰ ਮਜ਼ਬੂਤੀ ਨਾਲ ਖੜਾ ਕਰਨ ਦੇ ਸਮਰੱਥ ਹੈ ਇਸਲਈ ਉਹ ਕਾਂਗਰਸ ਪਾਰਟੀ ਨਾਲ ਜੁੜਨ ਦੇ ਚਾਹਵਾਨ ਹਨ।ਇਸ ਮੌਕੇ ਸਾਬਕਾ ਵਿਧਾਇਕ ਸਿੱਧੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਅੱਜ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਸਮੁੱਚੇ ਖਿੱਤੇ ਅੰਦਰ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਜੁਟ ਗਏ ਹਨ ਅਤੇ ਆਗਾਮੀ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਵੱਡੀ ਜਿੱਤ ਦੁਆਉਣ ਚ ਅਹਿਮ ਭੂਮਿਕਾ ਨਿਭਾਉਣ ਦੀ ਕੋਸ਼ਿਸ ਕਰਨਗੇ।ਉਨਾਂ ਨੇ ਪ੍ਰਧਾਨ ਰਾਜਾ ਵੜਿੰਗ,ਪ੍ਰਤਾਪ ਸਿੰਘ ਬਾਜਵਾ ਸਮੇਤ ਸਮੁੱਚੀ ਲਡਿਰਸ਼ਿਪ ਅਤੇ ਖਾਸ ਕਰਕੇ ਸਮੱਰਥਕਾਂ/ਕਾਂਗਰਸੀ ਵਰਕਰਾਂ ਦਾ ਦਮਦਮਾ ਸਾਹਿਬ ਪੁੱਜਣ ਤੇ ਵਿਸ਼ੇਸ਼ ਧੰਨਵਾਦ ਕੀਤਾ।
ਇਸ ਮੌਕੇ ਬਲਵੀਰ ਸਿੰਘ ਸਿੱਧੂ ਅਤੇ ਹੰਸ ਰਾਜ ਜੋਸਨ ਦੋਵੇਂ ਸਾਬਕਾ ਮੰਤਰੀ,ਜਿਲ੍ਹਾ ਕਾਂਗਰਸ ਪ੍ਰਧਾਨ ਖੁਸ਼ਬਾਜ ਸਿੰਘ ਜਟਾਣਾ,ਬਿਕਰਮ ਸਿੰਘ ਮੋਫਰ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਮਾਨਸਾ,ਮਹਿੰਦਰ ਕੁਮਾਰ ਰਿਣਵਾ ਅਤੇ ਗੁਰਾ ਸਿੰਘ ਤੁੰਗਵਾਲੀ ਦੋਵੇਂ ਸਾਬਕਾ ਵਿਧਾਇਕ,ਰਾਜਨ ਗਰਗ ਪ੍ਰਧਾਨ ਬਠਿੰਡਾ ਸ਼ਹਿਰੀ,ਨੌਜਵਾਨ ਆਗੂ ਗੁਰਬਾਜ਼ ਸਿੰਘ ਸਿੱਧੂ,ਜਥੇਦਾਰ ਗੁਰਤੇਜ ਸਿੰਘ ਜੋਧਪੁਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ,ਅਵਤਾਰ ਸਿੰਘ ਗੋਨਿਆਣਾ ਅਤੇ ਬਲਵੀਰ ਸਿੰਘ ਸਿੱਧੂ ਤਲਵੰਡੀ ਸਾਬੋ ਦੀ ਸਮੁੱਚੀ ਟੀਮ ਮੌਜੂਦ ਸੀ।