ਸਿੰਘ ਸਾਹਿਬ ਵਲੋਂ ਧਾਮੀ ਤੇ ਸਾਥੀਆਂ ‘ਤੇ ਗੁਰੂ ਘਰਾਂ ਦੀਆਂ ਜਾਇਦਾਦਾਂ ਖੁਰਦ-ਬੁਰਦ ਕਰਨ ਦੇ ਲਾਏ ਦੋਸ਼

ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਪੰਥਕ ਅਕਾਲੀ ਲਹਿਰ ਦੇ ਬਾਨੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ।

ਅੰਮ੍ਰਿਤਸਰ, (ਜਸਬੀਰ ਸਿੰਘ ਪੱਟੀ) – ਪੰਥਕ ਮਸਲਿਆ ਨੂੰ ਹਮੇਸ਼ਾ ਜਨਤਾ ਦੀ ਕਚਿਹਰੀ ਵਿੱਚ ਉਜਾਗਰ ਕਰਨ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਪੰਥਕ ਅਕਾਲੀ ਲਹਿਰ ਦੇ ਬਾਨੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਹੋਰ ਖੁਰਾਫਾਤੀ ਨੂੰ ਨੰਗਾ ਕਰਦਿਆ ਪੰਚਮ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਸ੍ਰੀ ਤਰਨ ਤਾਰਨ ਵਿਖੇ ਗੁਰੂ ਘਰ ਦੀ ਕਰੋੜਾਂ ਦੀ ਸੰਪਤੀ ਨੂੰ ਖੁਰਦ ਬੁਰਦ ਕਰਨ ਦੇ ਦੋਸ਼ ਲਗਾਉਦਿਆ ਕਿਹਾ ਕਿ ਇਹ ਸੰਪਤੀ ਘਰ ਦੇ ਸ਼ਰਧਾਲੂਆਂ ਨੇ ਗੁਰੂ ਘਰ ਨੂੰ ਦਾਨ ਵਿੱਚ ਦਿੱਤੀ ਸੀ ਜਿਸ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਇੱਕ ਹੋਰ ਮੈਂਬਰ ਅਲਵਿੰਦਰਪਾਲ ਸਿੰਘ ਪੱਖੌਕੇ ਰਾਹੀ ਆਪਣੇ ਚਹੇਤਿਆ ਨੂੰ ਕੌਡੀਆਂ ਦੇ ਭਾਅ ਵੇਚ ਰਿਹਾ ਹੈ ਜਦ ਕਿ ਗੁਰੂ ਘਰ ਦੀ ਸੰਪਤੀ ਨੂੰ ਕਦੇ ਵੀ ਵੇਚਿਆ ਨਹੀਂ ਜਾ ਸਕਦਾ ਸਗੋ ਸ਼੍ਰੋਮਣੀ ਕਮੇਟੀ ਤਾਂ ਸਿਰਫ ਇਸ ਦੀ ਕਸਟੋਡੀਅਨ ਹੈ।

ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ, ‘ਸ਼੍ਰੀ ਤਰਨ ਤਾਰਨ ਸਾਹਿਬ ਦੇ ਗੁਰੂ ਘਰ ਦੇ ਨਾਲ ਲੱਗਦੀ ਸੰਪਤੀ ਜਿਹੜੀ ਕਰੋੜਾਂ ਦੀ ਸੰਪਤੀ ਹੈ ਤੇ ਇਸ ਸੰਪਤੀ ਨੂੰ ਇਸ ਤੋਂ ਪਹਿਲਾਂ 40 ਵਾਰੀ ਵੇਚਣ ਦੀ ਕੋਸ਼ਿਸ਼ ਕੀਤੀ ਗਈ ਤੇ ਹਰ ਵਾਰੀ ਵੱਡੀ ਗਿਣਤੀ ਵਿੱਚ ਬੋਲੀ ਦੇਣ ਲਈ ਲੋਕ ਆ ਜਾਦੇ ਰਹੇ ਤੇ ਇਹ ਬੋਲੀ ਰੱਦ ਕਰ ਦਿੱਤੀ ਜਾਂਦੀ ਰਹੀ ਹੈ ਪਰ ਇਸ ਵਾਰੀ ਬਿਨਾਂ ਕੋਈ ਬੋਲੀ ਐਲਾਨ ਕੀਤੈ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਬਾਦਲ ਜੁੰਡਲੀ, ਇਹ ਜਾਇਦਾਦ ਆਪਣੇ ਚਹੇਤਿਆ ਨੂੰ ਕੋਡੀਆਂ ਦੇ ਭਾਅ ਵੇਚ ਰਹੀ ਹੈ। ਇਸ ਜਾਇਦਾਦ ਦੀ ਮਾਰਕੀਟ ਕੀਮਤ 50 ਲੱਖ ਹੈ ਪਰ ਉਹ 9 ਲੱਖ ਵਿੱਚ ਤੇ ਜਿਸ ਦੀ ਕੀੰਮਤ 60 ਲੱਖ ਹੈ ਉਸ ਨੂੰ 16 ਲੱਖ ਵਿੱਚ ਵੇਚਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਪਹਿਲੀ ਵਾਰੀ ਨਹੀ ਇਸ ਤੋਂ ਪਹਿਲਾਂ ਵੀ ਅਜਿਹੀਆਂ ਖੁਰਾਫਾਤੀਆਂ ਕੀਤੀਆ ਜਾਂਦੀਆਂ ਰਹੀਆਂ ਹਨ। ਹਰਿਆਣਾ ਵਿੱਚ ਵੀ ਇੱਕ ਮੁਸਲਮਾਨ ਸ਼ਰਧਾਲੂ ਨੇ 27 ਏਕੜ ਜ਼ਮੀਨ ਗੁਰੂ ਘਰ ਦੇ ਨਾਮ ਦਾਨ ਕੀਤੀ ਸੀ ਜਿਸ ਵਿੱਚੋ 25 ਏਕੜ ਜ਼ਮੀਨ ਪੰਥ ਨੂੰ ਚੰਬੜੀ ਜੋਕ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਨਾਮ 99 ਸਾਲ ਦਾ ਪਟਾ ਬਣਾ ਕੇ ਕਰ ਦਿੱਤਾ ਗਿਆ। ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਵਾਂਗ ਇਹ ਜ਼ਮੀਨ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਕਰਨ ‘ਤੇ ਸ਼੍ਰੋਮਣੀ ਕਮੇਟੀ ਨੇ ਜ਼ਮੀਨ ਤੇ ਬੈਂਕ ਕੋਲੋ 100 ਕਰੋੜ ਦਾ ਕਰਜ਼ਾ ਵੀ ਲੈ ਕੇ ਟਰੱਸਟ ਨੂੰ ਦਿੱਤਾ ਜਿਸ ਦੀ ਕਿਸ਼ਤ ਸ਼੍ਰੋਮਣੀ ਕਮੇਟੀ ਦਿੰਦੀ ਰਹੀ ਹੈ। ਇੁਸ ਤੋਂ ਇਲਾਵਾ ਹਰ ਸਾਲ ਇਸ ਨਿੱਜੀ ਟਰੱਸਟ ਨੂੰ ਅੱਠ ਕਰੋੜ ਰੁਪਈਆਂ ਸ਼੍ਰੋਮਣੀ ਕਮੇਟੀ ਹਰ ਸਾਲ ਬੱਜਟ ਵਿੱਚ ਦਿੰਦੀ ਹੈ ਤੇ ਇਸ ਵਾਰੀ ਵੀ ਅੱਠ ਕਰੋੜ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਬਾਦਲ ਐਂਡ ਜੂੰਡਲੀ ਗੁਰੂ ਘਰ ਦੀਆਂ ਜਾਇਦਾਦਾ ਨੂੰ ਘੁਣ ਵਾਂਗ ਖਾਣ ਲੱਗੀ ਹੋਈ ਹੈ ਜਿਸ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਤਰਨ ਤਾਰਨ ਵਾਲੀ ਜ਼ਮੀਨ ਦੀ ਜੇਕਰ ਧਾਮੀ ਨੇ ਰਜਿਸਟਰੀ ਕਰਾਉਣ ਦੀ ਇਜ਼ਾਜਤ ਦਿੱਤੀ ਤਾਂ ਉਹ ਬੁਰੇ ਦੇ ਘਰ ਤੱਕ ਵੀ ਜਰੂਰ ਪੁੱਜਣਗੇ। ਉਹਨਾਂ ਕਿਹਾ ਕਿ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲੇ ਮਹਿੰਗੇ ਭਾਅ ਦੀਆਂ ਬਿਲਡਿੰਗਾਂ ਖਰੀਦ ਕੇ ਰਸਤੇ ਖੁੱਲੇ ਕਰ ਰਹੇ ਹਨ ਪਰ ਧਾਮੀ ਵਰਗੇ ਪੰਥ ਦੋਖੀ ਗੁਰੂ ਘਰ ਦੀ ਜ਼ਮੀਨ ਸੇਲ ‘ਤੇ ਲਗਾਈ ਬੈਠੇ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਿਹੜੀਆਂ ਹਰ ਪੰਜ ਸਾਲ਼ਾਂ ਬਾਅਦ ਹੋਣੀਆਂ ਲਾਜ਼ਮੀ ਹਨ ਉਹ ਵੀ ਪਿਛਲ਼ੇ 13 ਸਾਲਾਂ ਤੋਂ ਨਹੀਂ ਹੋ ਰਹੀਆਂ ਹਨ ਤੇ ਇਹ ਲੋਟੂ ਟੋਲਾ ਮਨਮਾਨੀਆਂ ਕਰਕੇ ਗੁਰੂ ਘਰ ਦੀਆਂ ਜਾਇਦਾਦਾਂ ਨੂੰ ਖੁਰਦ-ਬੁਰਦ ਕਰ ਰਿਹਾ ਹੈ। ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਘਰ ਦੀ ਜਾਇਦਾਦ ਨੂੰ ਖੁਰਦ ਬੁਰਦ ਕਰਨ ਦਾ ਡੱਟ ਕੇ ਵਿਰੋਧ ਕਰਨ ਤਾਂ ਕਿ ਗੁਰੂ ਘਰ ਦੀਆਂ ਇਹਨਾਂ ਮਹਿੰਗੀਆਂ ਜਾਇਦਾਦਾਂ ਨੂੰ ਬੁੱਚੜਾਂ ਦੇ ਹੱਥੋਂ ਬਚਾਇਆ ਜਾ ਸਕੇ।’

Related posts

‘ਟੁੱਟੀ ਗੰਢੀ’ ਦੇ ਪਵਿੱਤਰ ਦਿਹਾੜੇ ਮੌਕੇ ਆਓ ਇਕੱਠੇ ਹੋਕੇ ‘ਰੰਗਲੇ ਪੰਜਾਬ’ ਦੀ ਸਿਰਜਣਾ ਕਰੀਏ – ਬੀਬੀ ਮਾਣੂੰਕੇ

ਅਕਾਲ ਤਖ਼ਤ ਸਰਵ-ਉੱਚ ਹੈ, ਮੈਂ ਨਿਮਾਣੇ ਸ਼ਰਧਾਲੂ ਸਿੱਖ ਵਜੋਂ ਪੇਸ਼ ਹੋਵਾਂਗਾ : ਮੁੱਖ-ਮੰਤਰੀ ਭਗਵੰਤ ਸਿੰਘ ਮਾਨ

‘ਆਪ ਸਰਕਾਰ ‘ਸਾਮ, ਦਾਮ, ਦੰਡ, ਭੇਦ’ ਨੀਤੀ ਅਧੀਨ ਸੁਖਬੀਰ ਬਾਦਲ ਨੂੰ ਕਿਸੇ ਵੀ ਝੂਠੇ ਮਾਮਲੇ ਵਿੱਚ ਫਸਾਉਣ ਚਾਹੁੰਦੀ : ਸ਼੍ਰੋਮਣੀ ਅਕਾਲੀ ਦਲ