ਚੰਡੀਗਡ਼੍ਹ – ਅਸਤੀਫ਼ੇ ਦੇਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਫ਼ੌਜ ਮੁਖੀ ਜਨਰਲ ਬਾਜਵਾ ਨਾਲ ਦੋਸਤੀ ਦਾ ਹਵਾਲਾ ਦਿੰਦਿਆਂ ਸਿੱਧੂ ਨੂੰ ਦੇਸ਼ ਵਿਰੋਧੀ ਦੱਸਣ ‘ਤੇ ਪੰਜਾਬ ਦੇ ਸਾਬਕਾ ਡੀਜੀਪੀ ਤੇ ਸਿੱਧੂ ਦੇ ਪ੍ਰਿੰਸੀਪਲ ਸਟ੍ਰੈਟੇਜਿਕ ਐਡਵਾਈਜ਼ਰ ਮੁਹੰਮਦ ਮੁਸਤਫ਼ਾ ਨੇ ਪਲਟਵਾਰ ਕੀਤਾ ਹੈ। ਐਤਵਾਰ ਸਵੇਰੇ ਹੀ ਮੁਹੰਮਦ ਮੁਸਤਫ਼ਾ ਨੇ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਟਵੀਟਾਂ ਦੀ ਝਡ਼ੀ ਲਗਾ ਦਿੱਤੀ। ਆਪਣੇ ਪਹਿਲੇ ਟਵੀਟ ‘ਚ ਮੁਸਤਫ਼ਾ ਨੇ ਕਿਹਾ – ਕੈਪਟਨ ਸਰ, ਅਸੀਂ ਲੰਬੇ ਸਮੇਂ ਤੋਂ ਪਰਿਵਾਰਕ ਮਿੱਤ ਰ ਰਹੇ ਹਾਂ। ਮੈਨੂੰ ਮੇਰਾ ਮੂੰਹ ਖੋਲ੍ਹਣ ਲਈ ਮਜਬੂਰ ਨਾ ਕਰੋ। ਮੈਨੂੰ ਤੁਹਾਡੀ ਬਡ਼ੇ ਆਰਾਮ ਨਾਲ ਸਹਿਜ ਸੁਭਾਅ ਝੂਠ ਬੋਲਣ ਦੀ ਸਮਰੱਥਾ ਬਾਰੇ ਚੰਗੀ ਤਰ੍ਹਾਂ ਪਤਾ ਹੈ। ਨਵਜੋਤ ਸਿੰਘ ਸਿੱਧੂ ‘ਤੇ ਤੁਸੀਂ ਕੋਈ ਵੀ ਸਿਆਸੀ ਹਮਲਾ ਕਰੋ, ਕੋਈ ਗੱਲ ਨਹੀਂ ਪਰ ਉਨ੍ਹਾਂ ਦੀ ਦੇਸ਼ ਭਗਤੀ ਤੇ ਰਾਸ਼ਟਰਵਾਦ ਬਾਰੇ ਗੱਲ ਨਾ ਕਰੋ। ਦੂਸਰੇ ਟਵੀਟ ‘ਚ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਮਹਿਲਾ ਮਿੱਤਰ ਦਾ ਜ਼ਿਕਰ ਕਰਦਿਆਂ ਮੁਸਤਫ਼ਾ ਨੇ ਦੋਸ਼ ਲਗਾਇਆ ਹੈ ਕਿ ਤੁਸੀਂ ਤਾਂ 14 ਸਾਲ ਆਈਐੱਸਆਈ ਦੀ ਏਜੰਟ ਨਾਲ ਰਹੇ ਅਤੇ… ਹੋ। ਮੁਸਤਫ਼ਾ ਨੇ ਮਹਿਲਾ ਮਿੱਤਰ ਵੱਲੋਂ ਕੈਪਟਨ ਸਰਕਾਰ ਅੰਦਰ ਵੱਡੇ ਪੱਧਰ ‘ਤੇ ਕੀਤੀ ਦਖ਼ਲਅੰਦਾਜ਼ੀ ਅਤੇ ਕੈਪਟਨ ਦੀ ਮਿਲੀਭੁਗਤ ਨਾਲ ਵੱਡੀਆਂ ਰਕਮਾਂ ਦੇਸ਼ ਵਿਚੋਂ ਬਾਹਰ ਬੈਂਕ ਖਾਤਿਆਂ ‘ਚ ਭੇਜਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਤੁਹਾਨੂੰ ਇਹ ਕੋਈ ਹੱਕ ਨਹੀਂ ਹੈ ਕਿ ਤੁਸੀਂ ਦੂਜਿਆਂ ਨੂੰ ਦੇਸ਼ਭਗਤੀ ਦੀਆਂ ਪਰਚੀਆਂ ਵੰਡੋ।
ਤੀਸਰੇ ਟਵੀਟ ‘ਚ ਮੁਸਤਫ਼ਾ ਨੇ ਕਿਹਾ ਕਿ ਮੈਂ ਜਾਣਦਾ ਹਾਂ ਤੁਸੀਂ ਤਾਂ ਉਸ ਦਾ ਰੱਤ ਭਰ ਵੀ ਨਹੀਂ ਜਾਣਦੇ। ਮੇਰੇ ਕੋਲ ਤਾਂ ਤੁਹਾਡੇ ਕਰਮਾਂ ਦੇ ਨਾ ਨਕਾਰੇ ਜਾਣ ਵਾਲੇ ਸਬੂਤਾਂ ਦੇ ਢੇਰ ਲੱਗੇ ਪਏ ਹਨ। ਆਪਣੇ ਅਖੀਰਲੇ ਟਵੀਟ ‘ਚ ਮੁਸਤਫ਼ਾ ਨੇ ਕੈਪਟਨ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਨੂੰ ਸ਼ਾਇਦ ਨਹੀਂ ਪਤਾ ਕਿ ਉਹ ਤਾਂ ਉਨ੍ਹਾਂ ਦੇ ਖਿਲਾਫ਼ ਸਬੂਤਾਂ ਨੂੰ ਜਨਤਕ ਨਾ ਕਰਨ ਦਾ ਵਾਅਦਾ ਉਨ੍ਹਾਂ ਨੇ ਕੀਤਾ ਸੀ ਹਾਲਾਂਕਿ ਤੁਸੀਂ ਬਡ਼ੇ ਹੀ ਬੇਜ਼ਮੀਰੇ ਤਰੀਕੇ ਨਾਲ ਯੂਪੀਐੱਸਸੀ ਰਾਹੀਂ ਤੇ ਸੁਰੇਸ਼ ਅਰੋਡ਼ਾ ਦੀ ਮਿਲੀਭੁਗਤ ਨਾਲ ਮੇਰਾ ਰਗਡ਼ਾ ਬੰਨ੍ਹਿਆ ਸੀ।