ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕਿਸੇ ਵੀ ਮਾਮਲੇ ‘ਚ ਦਲੀਲਾਂ ਦੇਣ ਤੋਂ ਬਾਅਦ ਜੇਕਰ ਵਕੀਲ ਮੁਕੱਦਮਾ ਹਾਰ ਜਾਂਦਾ ਹੈ ਤਾਂ ਇਸਨੂੰ ਉਸ ਵੱਲੋਂ ਸੇਵਾ ‘ਚ ਕਮੀ ਨਹੀਂ ਕਿਹਾ ਜਾ ਸਕਦਾ। ਅਦਾਲਤ ਨੇ ਕਿਹਾ ਕਿ ਹਰ ਅਜਿਹਾ ਮਾਮਲਾ, ਜਿਸ ਵਿਚ ਪਟੀਸ਼ਨਕਰਤਾ ਗੁਣ-ਦੋਸ਼ ਦੇ ਆਧਾਰ ‘ਤੇ ਹਾਰਿਆ ਹੋਵੇ ਤੇ ਜਿਸ ਵਿਚ ਵਕੀਲ ਵਲੋਂ ਕੋਈ ਲਾਪਰਵਾਹੀ ਨਹੀਂ ਵਰਤੀ ਗਈ ਹੋਵੇ, ਵਕੀਲ ਵੱਲੋਂ ਸੇਵਾ ‘ਚ ਕਮੀ ਨਹੀਂ ਕਿਹਾ ਜਾਵੇਗਾ। ਸੁਪਰੀਮ ਕੋਰਟ ਇਕ ਵਿਅਕਤੀ ਦੀ ਅਪੀਲ ‘ਤੇ ਸੁਣਵਾਈ ਕਰ ਰਹੀ ਸੀ, ਜਿਸ ਵਿਚ ਉਸਨੇ ਰਾਸ਼ਟਰੀ ਗਾਹਕ ਵਿਵਾਦ ਨਿਪਟਾਰਾ ਕਮਿਸ਼ਨਰ ਦੇ ਇਕ ਆਦੇਸ਼ ਨੂੰ ਚੁਣੌਤੀ ਦਿੱਤੀ ਸੀ।
ਕਮਿਸ਼ਨ ਨੇ ਉਸਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਉਸਨੇ ਆਪਣੀ ਪਟੀਸ਼ਨ ‘ਚ ਦੋਸ਼ ਲਗਾਇਆ ਸੀ ਕਿ ਉਸਦੇ ਇਕ ਮਾਮਲੇ ਨੂੰ ਲੜਨ ਵਾਲੇ ਤਿੰਨ ਵਕੀਲਾਂ ਦੀਆਂ ਸੇਵਾਵਾਂ ‘ਚ ਕਮੀ ਰਹੀ ਹੈ। ਜਸਟਿਸ ਐੱਮਆਰ ਸ਼ਾਹ ਤੇ ਬੀਵੀ ਨਾਗਰਤਨਾ ਦੇ ਬੈਂਚ ਨੇ ਕਿਹਾ ਕਿ ਵਕੀਲ ਵਲੋਂ ਕੇਸ ਲੜਨ ਦੇ ਬਾਅਦ ਗੁਣ-ਦੋਸ਼ ਦੇ ਆਧਾਰ ‘ਤੇ ਮਾਮਲਾ ਹਾਰਨ ‘ਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਇਸ ਵਿਚ ਉਸ ਵਲੋਂ ਸੇਵਾ ‘ਚ ਕਮੀ ਰਹੀ ਹੈ। ਅਦਾਲਤ ਨੇ ਆਪਣੇ ਆਦੇਸ਼ ‘ਚ ਕਿਹਾ ਕਿ ਜ਼ਿਲ੍ਹਾ ਗਾਹਕ ਫੋਰਮ, ਸੂਬਾਈ ਕਮਿਸ਼ਨ ਤੇ ਰਾਸ਼ਟਰੀ ਕਮਿਸ਼ਨ ਨੇ ਤਿੰਨ ਵਕੀਲਾਂ ਦੇ ਖ਼ਿਲਾਫ਼ ਪਟੀਸ਼ਨਰ ਦੀ ਸ਼ਿਕਾਇਤ ਖਾਰਜ ਕਰ ਕੇ ਸਹੀ ਕੀਤਾ।