ਸੁਰੱਖਿਆ ਪ੍ਰੀਸ਼ਦ ‘ਚ ਭਾਰਤ ਸਾਫ਼-ਸਾਫ ਕਿਹਾ – ‘ਅੱਤਵਾਦੀ ਸੰਗਠਨ ISIL-K ਅਫ਼ਗਾਨਿਸਤਾਨ ਦੀ ਸ਼ਾਂਤੀ ਲਈ ਖ਼ਤਰਾ, ਸਮਰਥਨ ਬੰਦ ਕਰਨਾ ਹੋਵੇਗਾ’

ਨਵੀਂ ਦਿੱਲੀ – ਭਾਰਤ ਨੇ ਸੰਯੁਕਤ ਰਾਸ਼ਟਰ (ਯੂਐੱਨ) ‘ਚ ਕਿਹਾ ਕਿ ਅਫ਼ਗਾਨਿਸਤਾਨ ‘ਚ ਅੱਤਵਾਦੀ ਸੰਗਠਨ ਆਈਐੱਸਆਈਐੱਲ-ਕੇ ਦੀ ਮੌਜੂਦਗੀ ਅਤੇ ਸਮਰੱਥਾ ‘ਚ ਕਾਫੀ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਵਰਗੇ ਪਾਬੰਦੀਸ਼ੁਦਾ ਸੰਗਠਨਾਂ ਨਾਲ ਉਨ੍ਹਾਂ ਦੇ ਸਬੰਧ ਅਤੇ ਹੋਰ ਅੱਤਵਾਦੀ ਸਮੂਹਾਂ ਦੇ ਭੜਕਾਊ ਬਿਆਨ ਖੇਤਰ ਦੀ ਸ਼ਾਂਤੀ ਅਤੇ ਸਥਿਰਤਾ ਲਈ ਖ਼ਤਰਾ ਹਨ। ਰੁਚਿਰਾ ਨੇ ਕਿਹਾ ਕਿ 18 ਜੂਨ ਨੂੰ ਕਾਬੁਲ ਦੇ ਸਿੱਖ ਗੁਰਦੁਆਰੇ ‘ਤੇ ਹਮਲਾ ਅਤੇ 27 ਜੁਲਾਈ ਨੂੰ ਉਸੇ ਗੁਰਦੁਆਰੇ ਨੇੜੇ ਇਕ ਹੋਰ ਬੰਬ ਧਮਾਕਾ ਸਮੇਤ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਧਾਰਮਿਕ ਸਥਾਨਾਂ ‘ਤੇ ਲਗਾਤਾਰ ਹੋ ਰਹੇ ਹਮਲੇ ਡੂੰਘੇ ਚਿੰਤਾਜਨਕ ਹਨ।
ਰੂਸ ਦੀ ਬੇਨਤੀ ‘ਤੇ ਸੋਮਵਾਰ ਨੂੰ ਬੁਲਾਈ ਗਈ ਅਫਗਾਨਿਸਤਾਨ ‘ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (ਯੂ.ਐੱਨ.ਐੱਸ.ਸੀ.) ਦੀ ਬੈਠਕ ‘ਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਨੇ ਕਿਹਾ, ”ਜਿਵੇਂ ਕਿ ਅਸੀਂ ਸੁਰੱਖਿਆ ਪ੍ਰੀਸ਼ਦ ‘ਚ ਵਾਰ-ਵਾਰ ਕਿਹਾ ਹੈ ਕਿ ਇਹ ਇਕ ਨਜ਼ਦੀਕੀ ਗੁਆਂਢੀ ਅਤੇ ਲੰਬੇ ਸਮੇਂ ਤੋਂ ਸਹਿਯੋਗੀ ਹੈ। ਅਫ਼ਗਾਨਿਸਤਾਨ ਦੇ ਨਾਲ ਸਾਡੇ ਮਜ਼ਬੂਤ ​​ਇਤਿਹਾਸਕ ਅਤੇ ਸੱਭਿਆਚਾਰਕ ਸਬੰਧ ਹਨ, ਇਸ ਲਈ ਭਾਰਤ ਦੀ ਉੱਥੇ ਸ਼ਾਂਤੀ ਅਤੇ ਸਥਿਰਤਾ ਯਕੀਨੀ ਬਣਾਉਣ ਵਿੱਚ ਸਿੱਧੀ ਦਿਲਚਸਪੀ ਹੈ।
ਕੰਬੋਜ ਨੇ ਸੁਰੱਖਿਆ ਪ੍ਰੀਸ਼ਦ ਨੂੰ ਇਹ ਯਕੀਨੀ ਬਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਕਿ “ਅਜਿਹੇ ਪਾਬੰਦੀਸ਼ੁਦਾ ਅੱਤਵਾਦੀਆਂ, ਸੰਗਠਨਾਂ ਜਾਂ ਉਨ੍ਹਾਂ ਨਾਲ ਜੁੜੇ ਹੋਰ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਅਫਗਾਨਿਸਤਾਨ ਸਥਿਤ ਅੱਤਵਾਦੀ ਸੰਗਠਨਾਂ ਤੋਂ ਸਿੱਧੇ ਜਾਂ ਅਸਿੱਧੇ ਤੌਰ ‘ਤੇ ਕੋਈ ਸਮਰਥਨ ਪ੍ਰਾਪਤ ਨਹੀਂ ਹੈ।” ਰੁਚਿਰਾ ਨੇ ਕਿਹਾ ਕਿ ਭਾਰਤ ਨੇ ਹਮੇਸ਼ਾ ਅਫਗਾਨਿਸਤਾਨ ਵਿੱਚ ਇੱਕ ਸਮਾਵੇਸ਼ੀ ਸਰਕਾਰ ਦੀ ਵਕਾਲਤ ਕੀਤੀ ਹੈ। ਧਿਆਨਯੋਗ ਹੈ ਕਿ ਇਸ ਮਹੀਨੇ ਚੀਨ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਕਰ ਰਿਹਾ ਹੈ।
ਏਐੱਨਆਈ ਮੁਤਾਬਕ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਨੇ ਸੁਰੱਖਿਆ ਪ੍ਰੀਸ਼ਦ ਨੂੰ ਦੱਸਿਆ ਕਿ ਭਾਰਤ ਨੇ ਹੁਣ ਤਕ ਆਪਣੇ ਗੁਆਂਢੀ ਧਰਮ ਦੀ ਭੂਮਿਕਾ ਨਿਭਾਉਂਦੇ ਹੋਏ ਅਫ਼ਗਾਨ ਲੋਕਾਂ ਦੀ ਮਦਦ ਲਈ 40 ਹਜ਼ਾਰ ਟਨ ਕਣਕ ਭੇਜੀ ਹੈ। ਇਸ ਦੇ ਨਾਲ ਹੀ ਭਾਰਤ ਨੇ 32 ਟਨ ਮੈਡੀਕਲ ਉਪਕਰਨ ਅਤੇ ਦਵਾਈਆਂ ਭੇਜੀਆਂ ਹਨ। ਇਨ੍ਹਾਂ ਵਿੱਚ ਟੀਬੀ ਦੀਆਂ ਦਵਾਈਆਂ ਅਤੇ ਕੋਰੋਨਾ ਵੈਕਸੀਨ ਦੀਆਂ ਪੰਜ ਲੱਖ ਖੁਰਾਕਾਂ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ‘ਚ ਪਿਛਲੇ ਸਾਲ 15 ਅਗਸਤ ਨੂੰ ਤਾਲਿਬਾਨ ਨੇ ਕਬਜ਼ਾ ਕਰ ਲਿਆ ਸੀ।

Related posts

ਈਰਾਨ-ਅਮਰੀਕਾ ਦੀ ਜੇਨੇਵਾ ‘ਚ ਦੂਜੇ ਦੌਰ ਦੀ ਗੱਲਬਾਤ ਬੇ-ਸਿੱਟਾ ਰਹੀ !

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !

ਸਪੇਸ ਐਕਸ ਯੋਜਨਾ : ਚੰਦ ਅਤੇ ਮੰਗਲ ਗ੍ਰਹਿਆਂ ਉਪਰ ਕਿਹੋ ਜਿਹੇ ਹੋਣਗੇ ਸ਼ਹਿਰ ?