ਸ੍ਰੀਲੰਕਾ ‘ਚ ਮੁਜ਼ਾਹਰਾਕਾਰੀਆਂ ‘ਤੇ ਪੁਲਿਸ ਗੋਲ਼ੀਬਾਰੀ ਦੀ ਜਾਂਚ ਦਾ ਐਲਾਨ

ਰਾਮਬੁਕਾਨਾ – ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਨੇ ਬੁੱਧਵਾਰ ਨੂੰ ਰਾਮਬੁਕਾਨਾ ‘ਚ ਪੁਲਿਸ ਦੇ ਮੁਜ਼ਾਹਰਾਕਾਰੀਆਂ ‘ਚ ਹੋਈ ਝੜਪ ਦੀ ਨਿਰਪੱਖ ਤੇ ਪਾਰਦਰਸ਼ੀ ਜਾਂਚ ਦਾ ਭਰੋਸਾ ਦਿੱਤਾ। ਪੈਟਰੋਲ ਦੀ ਕੀਮਤ ਹੁਣੇ ਹੋਏ ਵਾਧੇ ਦੇ ਵਿਰੋਧ ‘ਚ ਮੁਜ਼ਾਹਰੇ ਦੌਰਾਨ ਮੰਗਲਵਾਰ ਨੂੰ ਹੋਈ ਪੁਲਿਸ ਦੀ ਗੋਲ਼ੀਬਾਰੀ ‘ਚ ਇਕ ਮੁਜ਼ਾਹਰਾਕਾਰੀ ਦੀ ਮੌਤ ਹੋ ਗਈ ਸੀ, ਜਦਕਿ 13 ਲੋਕ ਜ਼ਖ਼ਮੀ ਹੋਏ ਸਨ। ਰਾਸ਼ਟਰਪਤੀ ਨੇ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟਾਇਆ ਹੈ, ਜਦਕਿ ਸੰਯੁਕਤ ਰਾਸ਼ਟਰ ਤੋਂ ਇਲਾਵਾ ਅਮਰੀਕਾ ਤੇ ਬਿ੍ਟੇਨ ਆਦਿ ਨੇ ਪੁਲਿਸ ਦੀ ਕਾਰਵਾਈ ਦੀ ਨਿੰਦਾ ਕੀਤੀ ਹੈ।

ਗੋਤਬਾਯਾ ਨੇ ਟਵੀਟ ਕੀਤਾ ਕਿ ਸ੍ਰੀਲੰਕਾਈ ਨਾਗਰਿਕਾਂ ਦੇ ਮੁਜ਼ਾਹਰੇ ਦੇ ਅਧਿਕਾਰ ‘ਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ। ਲੋਕਾਂ ਨੂੰ ਬੇਨਤੀ ਹੈ ਕਿ ਮੁਜ਼ਾਹਰੇ ਦੌਰਾਨ ਹਿੰਸਾ ਤੋਂ ਪਰਹੇਜ਼ ਕਰੋ। ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਵੀ ਘਟਨਾ ‘ਤੇ ਦੁੱਖ ਪ੍ਰਗਟਾਇਆ। ਪੁਲਿਸ ਦੇ ਸੀਨੀਅਰ ਬੁਲਾਰੇ ਅਜੀਤ ਰੋਹਨ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਪੁਲਿਸ ਦੀ 20 ਮੈਂਬਰੀ ਟੀਮ ਗਠਿਤ ਕਰ ਦਿੱਤੀ ਗਈ ਹੈ। ਇਕ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ।

ਪੁਲਿਸ ਨੇ ਕਿਹਾ ਹੈ ਕਿ ਹਾਲਾਤ ਸੁਧਰਨ ਤੱਕ ਰਾਮਬੁਕਾਨਾ ‘ਚ ਕਰਫਿਊ ਜਾਰੀ ਰਹੇਗਾ। ਝੜਪ ‘ਚ 20 ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਸਨ, ਜਿਨ੍ਹਾਂ ਨੂੰ ਗੁਆਂਢ ਦੇ ਸ਼ਹਿਰ ਕੈਂਡੀ ਲਈ ਰੈਫਰ ਕਰ ਦਿੱਤਾ ਗਿਆ। ਤਿੰਨ ਮੁਜ਼ਾਹਰਾਕਾਰੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸੁਰੱਖਿਆ ਮੰਤਰੀ ਪ੍ਰਸੰਨਾ ਰਣਤੁੰਗਾ ਨੇ ਸੰਸਦ ‘ਚ ਕਿਹਾ ਕਿ ਜਦੋਂ ਲੋਕਾਂ ਨੇ ਪੈਟਰੋਲ ਟੈਂਕ ਸਾੜਨ ਦਾ ਯਤਨ ਕੀਤਾ, ਉਦੋਂ ਪੁਲਿਸ ਨੂੰ ਗੋਲ਼ੀ ਚਲਾਉਣੀ ਪਈ।

ਸ੍ਰੀਲੰਕਾ ਦੇ ਵਿਰੋਧੀ ਧਿਰ ਦੇ ਨੇਤਾ ਸਾਜਿਥ ਪ੍ਰਰੇਮਦਾਸਾ ਨੇ ਸੰਸਦ ਦੇ ਸਪੀਕਰ ਮਹਿੰਗਾ ਯਾਪਾ ਅਭਯਵਰਧਨੇ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਜੇਕਰ ਸਾਰੀਆਂ ਸਿਆਸੀ ਪਾਰਟੀਆਂ ਮਿਲਕੇ ਮੰਗ ਕਰਨ, ਤਾਂ ਰਾਸ਼ਟਰਪਤੀ ਗੋਤਬਾਯਾ ਅਸਤੀਫ਼ਾ ਦੇ ਸਕਦੇ ਹਨ। ਹਾਲਾਂਕਿ ਅਭਯਵਰਧਨੇ ਨੇ ਪ੍ਰਰੇਮਦਾਸਾ ਨੂੰ ਅਜਿਹਾ ਕੁਝ ਕਹਿਣ ਤੋਂ ਇਨਕਾਰ ਕੀਤਾ ਹੈ। ਡੇਲੀ ਮਿਰਰ ਦੀ ਰਿਪੋਰਟ ਮੁਤਾਬਕ, ਇਸ ਮੁੱਦੇ ‘ਤੇ ਦੋਵਾਂ ਨੇਤਾਵਾਂ ਵਿਚਕਾਰ ਟਵਿਟਰ ‘ਤੇ ਕਹਾਸੁਣੀ ਵੀ ਹੋਈ।ਅਸਤੀਫ਼ੇ ਦਾ ਦਬਾਅ ਝੱਲ ਰਹੇ ਰਾਸ਼ਟਰਪਤੀ ਗੋਤਬਾਯਾ ਨੂੰ ਇਕ ਹੋਰ ਝਟਕਾ ਲੱਗਿਆ ਹੈ। ਤਿੰਨ ਹੋਰ ਸੰਸਦ ਮੈਂਬਰਾਂ ਨੇ ਉਨ੍ਹਾਂ ਦੀ ਸਰਕਾਰ ਦਾ ਸਾਥ ਛੱਡਣ ਦਾ ਐਲਾਨ ਕੀਤਾ ਹੈ। ਮਹੀਨੇ ਦੇ ਸ਼ੁਰੂ ‘ਚ ਰਾਜਪਕਸ਼ੇ ਦੇ 156 ‘ਚੋਂ 39 ਸੰਸਦ ਮੈਂਬਰਾਂ ਨੇ ਸਾਥ ਛੱਡ ਦਿੱਤਾ ਸੀ। ਇਨ੍ਹਾਂ ਸੰਸਦ ਮੈਂਬਰਾਂ ਨੇ ਖ਼ੁਦ ਨੂੰ ਨਿਰਪੱਖ ਐਲਾਨ ਦਿੱਤਾ ਹੈ ਤੇ 225 ਮੈਂਬਰੀ ਸੰਸਦ ‘ਚ ਵੱਖ ਬੈਠ ਰਹੇ ਹਨ। ਇਹ ਸਰਕਾਰ ਨੂੰ ਰਾਜਪਕਸ਼ੇ ਪਰਿਵਾਰ ਦੇ ਅਸਤੀਫ਼ੇ ਦੇ ਨਾਲ-ਨਾਲ ਸਰਬ ਪਾਰਟੀ ਅੰਤਿ੍ਮ ਸਰਕਾਰ ਦੇ ਗਠਨ ਦੀ ਮੰਗ ਕਰ ਰਹੇ ਹਨ।

Related posts

ਪ੍ਰਧਾਨ ਮੰਤਰੀ ਮੋਦੀ ਵਲੋਂ ਵੀਅਤਨਾਮ ਦੇ ਰਾਸ਼ਟਰਪਤੀ ਟੋ ਲਾਮ ਦਾ ਸਵਾਗਤ ਕੀਤਾ

ਅਮਰੀਕਨ ਫੌਜ ਦਾ ਕੇਸੀ-135 ਸਟ੍ਰੈਟੋਟੈਂਕਰ ਜਹਾਜ਼ ਕਤਰ ਦੇ ਉੱਪਰੋਂ ਗਾਇਬ

ਅਮਰੀਕਾ ਵਲੋਂ ਹੋਰਮੁਜ਼ ਜਲਡਮਰੂ ਵਿੱਚ ‘ਪ੍ਰੋਜੈਕਟ ਫ੍ਰੀਡਮ’ ਦੀ ਸ਼ੁਰੂਆਤ