ਅੰਮ੍ਰਿਤਸਰ – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਨਾਲ ਵਾਧੂ ਲਗਾਂ-ਮਾਤਰਾਂ ਲਗਾ ਕੇ ਸਰੂਪ ਛਾਪਣ ਦੇ ਮਾਮਲੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ 3 ਮਈ ਨੂੰ ਪੰਥਕ ਜਥੇਬੰਦੀਆਂ ਦੀ ਸੱਦੀ ਇਕੱਤਰਤਾ ਵਿਚ ਸਮੂਹ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਸ਼ਾਮਲ ਹੋਣ ਲਈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਥੇਦਾਰ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਵੱਲੋਂ ਪੱਤਰ ਭੇਜ ਕੇ ਸ਼ਾਮਲ ਹੋਣਦਾ ਸਦਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਖਾਲਸਾ ਪੰਥ ਨੂੰ ਵੀ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਸਮੂਹ ਜਥੇਬੰਦੀਆਂ ਗਿਲੇ ਸ਼ਿਕਵੇ ਭੁਲ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਣ ਵਾਲੀ ਇਸ ਇਕੱਤਰਤਾ ਵਿਚ ਜ਼ਰੂਰ ਸ਼ਾਮਲ ਹੋਣ ਲਈ ਕਿਹਾ ਹੈ,
ਤਾਂ ਜੋ ਪੰਥਕ ਵਿਚਾਰ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਨਾਲ ਕੀਤੀ ਛੇੜ-ਛਾੜ ਦੇ ਦੋਸ਼ੀਆਂ ਖਿਲਾਫ ਢੁੱਕਵੀਂ ਕਾਰਵਾਈ ਕੀਤੀ ਜਾ ਸਕੇ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਭੇਜੀ ਚਿੱਠੀ ਵਿਚ ਲਿਿਖਆ ਹੈ ਕਿ ਸਾਰੇ ਭਲੀ-ਭਾਂਤ ਜਾਣੂ ਹੋ ਕਿ ਖਾਲਸਾ ਪੰਥ ਨੇ ਆਪਣੇ ਸਿਰਜਣ ਵਰ੍ਹਿਆਂ ਤੋਂ ਹੀ ਮਜਲੂਮ ਦੀ ਰਾਖੀ ਕੀਤੀ ਹੈ। ਮਨੁੱਖੀ ਅਧਿਕਾਰਾਂ ਖਾਤਰ ਲਹੂ ਡੋਲਵੀਂ ਲੜਾਈ ਲੜੀ ਹੈ ਅਤੇ ਕਦੇ ਵੀ ਕਿਸੇ ਦਾ ਬੁਰਾ ਨਹੀਂ ਚਿਤਵਿਆ। ਖਾਲਸੇ ਦਾ ਇਸ਼ਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੂਹਾਨੀਅਤ, ਮਨੁੱਖੀ ਭਾਈਚਾਰੇ, ਬਰਾਬਰਤਾ, ਸ਼ਾਂਤੀ ਅਤੇ ਪ੍ਰੇਮ ਦਾ ਅਥਾਹ ਸਾਗਰ ਹੈ। ਇਸ ਦੀ ਪ੍ਰਮਾਣਿਕਤਾ ਲਈ ਜਗਤ ਦੇ ਕਿਸੇ ਵੀ ਸੁਹਿਰਦ ਪ੍ਰਾਣੀ ਅੰਦਰ ਕੋਈ ਸ਼ੰਕਾ ਨਹੀਂ, ਪਰ ਜਿਉਂਦੀਆਂ ਤੇ ਅਣਖ ਵਾਲੀਆਂ ਕੌਮਾਂ ਨੂੰ ਪੈਰ-ਪੈਰ ਉਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਖਾਲਸਾ ਪੰਥ ਨੂੰ ਵੀ ਜਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ,
ਉਨ੍ਹਾਂ ਵਿਚੋਂ ਗੁਰਬਾਣੀ ਦੀ ਪ੍ਰਮਾਣਕਿਤਾ ਨੂੰ ਲੈ ਕੇ ਪਿਛਲੇ ਕੁਝ ਦਹਾਕਿਆਂ ਤੋਂ ਇਕ ਵੱਡੀ ਚੁਣੌਤੀ, ਕਦੇ ਦੱਬੀ ਸੁਰ ਵਿਚ, ਕਦੇ ਉਚੀ ਸੁਰ ਵਿਚ ਖਾਲਸਾ ਪੰਥ ਦੇ ਸਨਮੁਖ ਹੁੰਦੀ ਆ ਰਹੀ ਹੈ। ਹੁਣ ਅਮਰੀਕਾ ਤੋਂ ਪੰਥ ਵਿਰੋਧੀ ਤਾਕਤਾਂ ਦਾ ਮੋਹਰਾ ਬਣਕੇ ਥਮਿੰਦਰ ਸਿੰਘ ਅਨੰਦ ਨਾਮਕ ਵਿਅਕਤੀ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਥ ਪ੍ਰਵਾਨਿਤ ਪ੍ਰਮਾਣਿਕ ਪਾਵਨ ਸਰੂਪ ਵਿਚ ਅਖੌਤੀ ਸੋਧਾਂ ਦੇ ਨਾਮ ‘ਤੇ ਸੈਂਕੜੇ ਨਿਰਾਧਾਰ ਤਬਦੀਲੀਆਂ ਕਰ ਦਿੱਤੀਆਂ ਹਨ ਤੇ ਉਸ ਸਰੂਪ ਨੂੰ ਆਨਲਾਈਨ ਅਤੇ ਛਾਪ ਕੇ ਦੁਨੀਆਂ ਭਰ ਵਿਚ ਵੰਡਿਆ ਜਾ ਰਿਹਾ ਹੈ। ਇਹ ਪੰਥਕ ਮਰਿਆਦਾ ਅਤੇ ਹੁਕਮਨਾਮਿਆਂ ਦੀ ਉਲੰਘਣਾ ਹੈ ਜੋ ਕਿ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਹੋਏ ਆਦੇਸ਼ ਅਨੁਸਾਰ ਥਮਿੰਦਰ ਸਿੰਘ ਦੇ ਇਸ ਕਾਰਜ ‘ਤੇ ਰੋਕ ਲਗਾਕੇ ਇਸ ਪਾਸੋਂ ਸੱਪਸ਼ਟੀਕਰਨ ਮੰਗਿਆ ਗਿਆ ਹੈ। ਉਸ ਦੇ ਜਵਾਬ ਅਤੇ ਇਸ ਚੁਣੌਤੀ ਦੇ ਸਾਰੇ ਪਹਿਲੂਆਂ ਨੂੰ ਗੰਭੀਰਤਾ ਪੂਰਵਕ ਵਿਚਾਰਨ ਅਤੇ ਇਸ ਦਾ ਸਥਾਈ ਹੱਲ ਲੱਭਣ ਲਈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ 3 ਮਈ 2022 ਦਿਨ ਮੰਗਲਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਵੇਰੇ 10 ਵਜੇ ਪੰਥਕ ਇਕੱਤਰਤਾ ਸੱਦੀ ਗਈ ਹੈ।