ਸੰਸਕਾਰਾਂ ਦੇ ਬੀਜ 

ਰਾਜਾ ਕੀ ਬਾਤ, ਹਾਥੀ ਕੀ ਸਵਾਰੀ, ਵਿਗਿਆਨ ਗਲਪ, ਚੰਦਰਮਾ ਕਵਿਤਾ, ਅਤੇ ਛੋਟੀਆਂ ਕਹਾਣੀਆਂ ਕਿੱਥੇ ਹਨ ਜੋ ਜੀਵਨ ਮੁੱਲ ਸਿਖਾਉਂਦੀਆਂ ਹਨ?

ਲੇਖਕ: ਹਰਕੀਰਤ ਕੌਰ ਸਭਰਾ, ਤਰਨਤਾਰਨ

ਕੋਈ ਇਮਾਰਤ ਖੜੀ ਕਰਨੀ ਹੋਵੇ ਤਾਂ ਬਣਾਉਣ ਵਾਲੇ ਦੀ ਕੋਸ਼ਿਸ਼ ਰਹਿੰਦੀ ਹੈ ਕਿ ਇਸ ਇਮਾਰਤ ਦੀ ਨੀਂਹ ਮਜ਼ਬੂਤ ਰੱਖੀ ਜਾਵੇ, ਤਾਂ ਜੋ ਇੱਕ ਤਾਂ ਲੰਬੇ ਸਮੇਂ ਤੱਕ ਬਣੀ ਰਹੇਗੀ ਅਤੇ ਦੂਸਰਾ ਕਿਸੇ ਕੁਦਰਤੀ ਆਫਤ ਦਾ ਟਾਕਰਾ ਅਰਾਮ ਨਾਲ ਕਰ ਲਵੇਗੀ। ਜਰੂਰੀ ਨਹੀਂ ਕਿ ਇੱਕਲੀਆਂ ਇਮਾਰਤਾਂ ਦੀਆਂ ਨੀਹਾਂ ਹੁੰਦੀਆਂ ਹਨ, ਪੌਦਿਆਂ ਦੀ ਵੀ ਨੀਹਾਂ ਉਹਨਾਂ ਦੀਆਂ ਜੜਾਂ ਵਿੱਚ ਹੁੰਦੀਆਂ ਹਨ, ਜਿੰਨੀਆਂ ਡੂੰਘੀਆਂ ਜੜ੍ਹਾਂ ਹੁੰਦੀਆਂ ਹਨ ਉਨ੍ਹਾਂ ਹੀ ਮਜ਼ਬੂਤ ਅਤੇ ਵੱਡਾ ਰੁੱਖ ਬਣਦਾ ਹੈ। ਜੇਕਰ ਇਸੇ ਉਦਾਹਰਨ ਨੂੰ ਮਨੁੱਖ ਉੱਪਰ ਲਗਾਇਆ ਜਾਵੇ ਤਾਂ ਮਨੁੱਖ ਦਾ ਜੀਵਨ ਵੀ ਸੰਸਕਾਰਾਂ ਰੂਪੀ ਨੀਂਹ ਉੱਪਰ ਖੜ੍ਹਾ ਹੁੰਦਾ ਹੈ। ਬਚਪਨ ਵਿੱਚ ਜਿੰਨੇ ਵਧੀਆ ਸੰਸਕਾਰ ਬੱਚੇ ਨੂੰ ਮਿਲੇ ਹੁੰਦੇ ਹਨ ਉਨ੍ਹੇ ਹੀ ਹੋਣਹਾਰ ਤੇ ਜਿੰਮੇਵਾਰ ਬੱਚੇ ਭਵਿੱਖ ਵਿੱਚ ਨਿਖਰ ਕੇ ਸਾਹਮਣੇ ਆਉਂਦੇ ਹਨ। ਸੰਸਕਾਰ ਇੱਕ ਬੀਜ ਰੂਪੀ ਹਨ, ਜਿੰਨਾ ਵਿਚੋਂ ਸਮਾਜ ਦੇ ਨਾਗਰਿਕ ਰੂਪੀ ਪੌਦੇ ਨੇ ਪੈਦਾ ਹੋਣਾ ਹੈ। ਜਿਵੇਂ ਦਾ ਬੀਜ਼ ਹੋਵੇਗਾ ਉਵੇਂ ਦਾ ਫਲ ਮਿਲੇਗਾ।

ਅਕਸਰ ਸਕੂਲ ਵਿੱਚ ਅਤੇ ਹੋਰ ਸੰਮੇਲਨਾਂ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਨੂੰ ਮਿਲਣ ਦਾ ਮੌਕਾ ਮਿਲਦਾ ਹੈ , ਜਿੰਨਾ ਵਿੱਚ ਬਹੁਤਾਂਤ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈਕੇ ਅਤੇ ਉਹਨਾਂ ਦੀਆਂ ਆਦਤਾਂ ਨੂੰ ਲੈਕੇ ਚਿੰਤਤ ਨਜ਼ਰ ਆਉਂਦੇ ਹਨ। ਪਰ ਮੈਂ ਹਮੇਸ਼ਾ ਇਹ ਜਾਨਣ ਦਾ ਯਤਨ ਕਰਦੀ ਹਾਂ ਕਿ ਕਿਸ ਜਗ੍ਹਾ ਤੇ ਕਮੀ ਰਹਿ ਜਾਂਦੀ ਹੈ ਕਿ ਜਵਾਨੀ ਵਿੱਚ ਬੱਚੇ ਹੱਥੋਂ ਨਿਕਲ ਜਾਂਦੇ ਹਨ ਜਾਂ ਆਪਣੇ ਭਵਿੱਖ ਨੂੰ ਲੈਕੇ ਅਵੇਸਲੇ ਹੋ ਜਾਂਦੇ ਹਨ। ਅਸਲ ਵਿੱਚ ਇਸ ਦਾ ਸਭ ਤੋਂ ਵੱਡਾ ਕਾਰਨ ਬੱਚਿਆਂ ਦੇ ਸੰਸਕਾਰ ਹਨ। ਬੱਚੇ ਨੂੰ ਜਿਵੇਂ ਦੇ ਬਚਪਨ ਵਿੱਚ ਸੰਸਕਾਰ ਮਿਲੇ ਹੋਣ, ਜਿਸ ਤਰ੍ਹਾਂ ਦੀ ਪਰਵਰਿਸ਼ ਬੱਚੇ ਦੀ ਹੋਈ ਹੋਵੇ ਉਸੇ ਤਰ੍ਹਾਂ ਦਾ ਬੱਚੇ ਦਾ ਵਿਵਹਾਰ ਹੋਵੇਗਾ। ਜਿਹੜੇ ਬੱਚੇ ਨੇ ਆਪਣੇ ਮਾਤਾ ਪਿਤਾ ਨੂੰ ਇੱਕ ਦੂਸਰੇ ਦੀ ਇੱਜ਼ਤ ਕਰਦੇ ਦੇਖਿਆ ਹੋਵੇਗਾ, ਉਹ ਹਰ ਇੱਕ ਦੀ ਇੱਜ਼ਤ ਕਰੇਗਾ, ਜਿਸ ਬੱਚੇ ਨੇ ਆਪਣੇ ਮਾਤਾ ਪਿਤਾ ਨੂੰ ਕਿਤਾਬਾਂ ਪੜਦੇ ਦੇਖਿਆ ਹੋਵੇਗਾ ਉਹ ਬੱਚਾ ਵੀ ਕਿਤਾਬਾਂ ਨਾਲ ਜੁੜਿਆ ਹੋਵੇਗਾ। ਜਿਵੇਂ ਦੇ ਮਾਹੌਲ ਵਿੱਚ ਬੱਚਾ ਪਲਿਆ ਹੋਵੇਗਾ, ਉਸਦਾ ਸਿੱਧਾ ਅਸਰ ਬੱਚੇ ਦੇ ਵਿਵਹਾਰ ਉੱਪਰ ਪਵੇਗਾ।
ਇੱਕ ਬੱਚਾ ਜਦੋਂ ਕੋਈ ਵਿਲੱਖਣ ਕੰਮ ਕਰਦਾ ਹੈਂ , ਉੱਚੀਆਂ ਬੁਲੰਦੀਆਂ ਨੂੰ ਛੂਹਦਾ ਹੈ ਤਾਂ ਸਭ ਤੋਂ ਪਹਿਲਾਂ ਬੱਚੇ ਦੇ ਸੰਸਕਾਰਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਕਿ ਕਿਸੇ ਚੰਗੇ ਪਰਿਵਾਰ ਦੀ ਪਰਵਰਿਸ਼ ਹੈ,ਇਸਦੇ ਉੱਲਟ ਜੇਕਰ ਕੋਈ ਨਿਕੰਮਾ ਨਿਕਲਦਾ ਹੈ ਤਾਂ ਵੀ ਸਭ ਤੋਂ ਪਹਿਲਾਂ ਸੰਸਕਾਰਾਂ ਨੂੰ ਹੀ ਕੋਸਿਆ ਜਾਂਦਾ ਹੈ। ਚੰਗੀ ਪਰਵਰਿਸ਼ ਅਤੇ ਚੰਗੇ ਸੰਸਕਾਰਾਂ ਦੀ ਪਰਖ ਕੇਵਲ ਸਫ਼ਲ ਹੋਣ ਜਾਂ ਅਸਫ਼ਲ ਹੋਣ ਤੇ ਹੀ ਨਹੀਂ ਹੁੰਦੀ, ਤੁਹਾਡਾ ਸਮਾਜ ਵਿੱਚ ਵਿਚਰਨਾ, ਤੁਹਾਡਾ ਲੋਕਾਂ ਨਾਲ ਵਿਵਹਾਰ  ਤੁਹਾਡਾ ਚਰਿੱਤਰ, ਤੁਹਾਡੀ ਬੋਲ ਬਾਣੀ ਸਭ ਤੁਹਾਡੇ ਸੰਸਕਾਰਾਂ ਦਾ ਹੀ ਨਤੀਜਾ ਅਤੇ ਪ੍ਰਦਰਸ਼ਨ ਹਨ।
ਇੱਥੇ ਦੋ ਵਿਅਕਤੀਆਂ ਦੀ ਭੂਮਿਕਾ ਅਤੇ ਜਿੰਮੇਵਾਰੀ ਬਰਾਬਰ ਦੀ ਹੈ ਪਹਿਲੀ ਮਾਪਿਆਂ ਦੀ ਅਤੇ ਦੂਸਰੀ ਬੱਚਿਆਂ ਦੀ। ਮਾਪਿਆਂ ਦੀ ਭੂਮਿਕਾ ਬੱਚਿਆਂ ਨੂੰ ਘਰ ਵਿੱਚ ਇੱਕ ਅਜਿਹਾ ਮਾਹੌਲ ਸਿਰਜ ਕੇ ਦੇਣ ਦੀ ਹੈ ਜਿਸ ਵਿੱਚ ਬੱਚੇ ਦਾ ਹਰ ਤਰ੍ਹਾਂ ਦਾ ਵਿਕਾਸ ਹੋ ਸਕੇ, ਉਸਨੂੰ ਚੰਗੀਆਂ ਆਦਤਾਂ ਦਾ ਆਦੀ ਬਣਾਇਆ ਜਾ ਸਕੇ। ਦੂਸਰੇ ਪਾਸੇ ਬੱਚਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਮਾਪਿਆਂ ਦੇ ਸੰਸਕਾਰਾਂ ਨੂੰ ਸਾਹਮਣੇ ਰੱਖ ਕੇ ਆਪਣੇ ਹਰ ਕਾਰ ਵਿਹਾਰ ਨੂੰ ਕਰਨ। ਇਹ ਸੋਚ ਕਿ ਚੱਲਣ ਕਿ ਉਹਨਾਂ ਦੁਆਰਾ ਕੀਤੇ ਕਿਸੇ ਕੰਮ ਦਾ ਸਭ ਤੋਂ ਪਹਿਲਾਂ ਜਿੰਮੇਵਾਰ ਉਹਨਾਂ ਦੀ ਪਰਵਰਿਸ਼ ਨੂੰ ਮੰਨਿਆ ਜਾਵੇਗਾ।
ਸੋ ਮਾਪਿਆਂ ਦੀ ਜ਼ਿੰਮੇਵਾਰੀ ਇਹੀ ਬਣਦੀ ਹੈ ਕਿ ਸੰਸਕਾਰਾਂ ਦੇ ਅਜਿਹੇ ਬੀਜ ਬੀਜੇ ਜਾਣ ਜੋ ਭਵਿੱਖ ਵਿੱਚ ਫਲ, ਫੁੱਲ ਤੇ ਮਹਿਕਾਂ ਵੰਡਣ ਵਾਲੇ ਰੁੱਖ ਬਣਨ। ਉਹ ਬੀਜ ਬੀਜੇ ਜਾਣ ਜਿੰਨਾ ਦੀ ਸਕਾਰਾਤਮਕ ਸੋਚ ਦੀ ਮਹਿਕ ਚਾਰ ਚੁਫ਼ੇਰੇ ਫ਼ੈਲੇ। ਬੱਚੇ ਕੋਸ਼ਿਸ਼ ਕਰਨ ਕਿ ਮਾਪਿਆਂ ਦੁਆਰਾ ਦਿੱਤੀਆਂ ਸਿੱਖਿਆਵਾਂ ਦਾ ਮਾਣ ਰੱਖਿਆ ਜਾਵੇ ਅਤੇ ਉਹਨਾਂ ਦਾ ਨਾਮ ਰੋਸ਼ਨ ਕੀਤਾ ਜਾਵੇ।

Related posts

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

Sussan Ley Extends Thai Pongal 2026 Greetings to Tamil Community

ਵਿਕਟੋਰੀਅਨ ਅੱਗ ਪੀੜਤਾਂ ਲਈ ਹੋਰ ਫੰਡ, ‘ਲੁੱਕ ਓਵਰ ਦ ਫਾਰਮ ਗੇਟ’ ਦੀ ਵੀ ਸ਼ੁਰੂਆਤ !