ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਜ ਸਰਕਾਰਾਂ ਨੂੰ ਪੈਟਰੋਲ ਅਤੇ ਡੀਜ਼ਲ ‘ਤੇ ਵੈਟ ਘਟਾਉਣ ਦੀ ਅਪੀਲ ਕੀਤੀ ਗਈ ਸੀ। ਪੀਐਮ ਦੀ ਅਪੀਲ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਕੇਂਦਰ ਸਰਕਾਰ ‘ਤੇ ਹਮਲੇ ਸ਼ੁਰੂ ਕਰ ਦਿੱਤੇ ਹਨ। ਇਸ ਦੇ ਨਾਲ ਹੀ ਹੁਣ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀ ਜਵਾਬੀ ਕਾਰਵਾਈ ਕੀਤੀ ਹੈ।
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਪੈਟਰੋਲ ਅਤੇ ਡੀਜ਼ਲ ‘ਤੇ ਵੈਟ ਦੀਆਂ ਦਰਾਂ ਨੂੰ ਲੈ ਕੇ ਸੂਬਾ ਸਰਕਾਰਾਂ ਨੂੰ ਆੜੇ ਹੱਥੀਂ ਲਿਆ ਹੈ। ਉਸ ਨੇ ਭਾਜਪਾ ਸ਼ਾਸਿਤ ਅਤੇ ਗੈਰ-ਭਾਜਪਾ ਸ਼ਾਸਿਤ ਰਾਜਾਂ ਦੀ ਤੁਲਨਾ ਕਰਦੇ ਅੰਕੜੇ ਵੀ ਪੇਸ਼ ਕੀਤੇ ਹਨ। ਪੁਰੀ ਨੇ ਵੀਰਵਾਰ ਸਵੇਰੇ ਕਈ ਟਵੀਟ ਕਰਕੇ ਵਿਰੋਧੀ ਧਿਰ ਨੂੰ ਕਰਾਰਾ ਜਵਾਬ ਦਿੱਤਾ। ਪੁਰੀ ਨੇ ਕਿਹਾ, “ਮਹਾਰਾਸ਼ਟਰ ਸਰਕਾਰ ਨੇ 2018 ਤੋਂ ਹੁਣ ਤੱਕ 79,412 ਕਰੋੜ ਰੁਪਏ ਈਂਧਨ ਟੈਕਸ ਵਜੋਂ ਕਮਾਏ ਹਨ। ਇਸ ਸਾਲ 33,000 ਕਰੋੜ ਦੀ ਕਮਾਈ ਹੋਣ ਦੀ ਉਮੀਦ ਹੈ। ਯਾਨੀ ਕੁੱਲ 1,12,757 ਕਰੋੜ ਰੁਪਏ। ਉਨ੍ਹਾਂ ਨੇ ਲੋਕਾਂ ਨੂੰ ਰਾਹਤ ਦੇਣ ਲਈ ਪੈਟਰੋਲ ਅਤੇ ਡੀਜ਼ਲ ‘ਤੇ ਵੈਟ ਕਿਉਂ ਨਹੀਂ ਘਟਾਇਆ?’
ਕੇਂਦਰੀ ਮੰਤਰੀ ਨੇ ਆਪਣੇ ਅਗਲੇ ਟਵੀਟ ‘ਚ ਕਿਹਾ ਕਿ ਜੇਕਰ ਵਿਰੋਧੀ ਸਰਕਾਰਾਂ ਦਰਾਮਦ ਸ਼ਰਾਬ ਦੀ ਬਜਾਏ ਤੇਲ ‘ਤੇ ਟੈਕਸ ਘਟਾ ਦੇਣ ਤਾਂ ਲੋਕਾਂ ਨੂੰ ਸਸਤਾ ਤੇਲ ਮਿਲੇਗਾ। ਪੁਰੀ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਨੇ ਪੈਟਰੋਲ ‘ਤੇ 32.15 ਰੁਪਏ ਪ੍ਰਤੀ ਲੀਟਰ ਟੈਕਸ ਲਗਾਇਆ ਹੈ ਜਦਕਿ ਕਾਂਗਰਸ ਸ਼ਾਸਿਤ ਰਾਜਸਥਾਨ ਨੇ 29.10 ਰੁਪਏ ਪ੍ਰਤੀ ਲੀਟਰ ਟੈਕਸ ਲਗਾਇਆ ਹੈ। ਇਸ ਦੇ ਨਾਲ ਹੀ ਭਾਜਪਾ ਸ਼ਾਸਿਤ ਉੱਤਰਾਖੰਡ 14.51 ਰੁਪਏ ਪ੍ਰਤੀ ਲੀਟਰ ਅਤੇ ਉੱਤਰ ਪ੍ਰਦੇਸ਼ 16.50 ਰੁਪਏ ਪ੍ਰਤੀ ਲੀਟਰ ਚਾਰਜ ਕਰਦਾ ਹੈ। ਵਿਰੋਧ ਕਰਨ ਨਾਲ ਤੱਥ ਨਹੀਂ ਬਦਲਣਗੇ।
ਕੇਂਦਰੀ ਮੰਤਰੀ ਨੇ ਅੱਗੇ ਦੱਸਿਆ ਕਿ ਭਾਜਪਾ ਸ਼ਾਸਤ ਰਾਜਾਂ ਵਿੱਚ ਪੈਟਰੋਲ ‘ਤੇ 14.50 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ‘ਤੇ 17.50 ਰੁਪਏ ਪ੍ਰਤੀ ਲੀਟਰ ਤੱਕ ਵੈਟ ਵਸੂਲਿਆ ਜਾਂਦਾ ਹੈ। ਜਦੋਂ ਕਿ ਦੂਜੀਆਂ ਪਾਰਟੀਆਂ ਦੀ ਸਰਕਾਰ ਵਾਲੇ ਰਾਜਾਂ ਵਿੱਚ ਇਹ 26 ਰੁਪਏ ਤੋਂ ਲੈ ਕੇ 32 ਰੁਪਏ ਪ੍ਰਤੀ ਲੀਟਰ ਤੱਕ ਵਸੂਲੀ ਜਾਂਦੀ ਹੈ। ਵਿਰੋਧੀ ਪਾਰਟੀਆਂ ਦੀ ਮਨਸ਼ਾ ਸਿਰਫ ਵਿਰੋਧ ਅਤੇ ਆਲੋਚਨਾ ਕਰਨ ਦੀ ਹੈ, ਲੋਕਾਂ ਨੂੰ ਰਾਹਤ ਦੇਣ ਦੀ ਨਹੀਂ।
ਉਨ੍ਹਾਂ ਅੱਗੇ ਦੱਸਿਆ ਕਿ ਹਰਿਆਣਾ ਵਿੱਚ ਸਭ ਤੋਂ ਘੱਟ ਵੈਟ ਵਸੂਲਿਆ ਜਾਂਦਾ ਹੈ। ਪੈਟਰੋਲ ‘ਤੇ 18 ਫੀਸਦੀ ਅਤੇ ਡੀਜ਼ਲ ‘ਤੇ 16 ਫੀਸਦੀ ਵੈਟ ਲਗਾਇਆ ਜਾਂਦਾ ਹੈ। ਪੁਰੀ ਨੇ ਵਿਅੰਗ ਕੀਤਾ ਕਿ ਹਰਿਆਣਾ ਦਾ ਇੱਕ ਚਾਹਵਾਨ ਨੇਤਾ ਇਸ ਦਾ ਵਿਰੋਧ ਕਰਦਾ ਹੈ, ਪਰ ਆਪਣੀ ਹੀ ਪਾਰਟੀ ਸ਼ਾਸਿਤ ਰਾਜਸਥਾਨ ਬਾਰੇ ਚੁੱਪ ਹੈ, ਜੋ ਦੇਸ਼ ਵਿੱਚ ਸਭ ਤੋਂ ਵੱਧ 31.08 ਪ੍ਰਤੀਸ਼ਤ ਸੈੱਸ ਇਕੱਠਾ ਕਰਦਾ ਹੈ।