ਜ਼ੇਲੈਂਸਕੀ ਦੀ ਪੱਛਮ ਨੂੰ ਚਿਤਾਵਨੀ, ਯੂਕਰੇਨ ਤੋਂ ਬਾਹਰ ਤਕ ਜਾਏਗੀ ਜੰਗ

ਨਿਊਯਾਰਕ – ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ‘ਜਾਨਵਰ’ ਦੱਸਦੇ ਹੋਏ ਯੂਕਰੇਨੀ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਨੇ ਪੱਛਮੀ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਯੂਕਰੇਨ ’ਚ ਜਾਰੀ ਜੰਗ ਇੱਥੇ ਨਹੀਂ ਰੁਕੇਗੀ, ਬਲਕਿ ਬਾਕੀ ਦੁਨੀਆ ਨੂੰ ਵੀ ਪ੍ਰਭਾਵਿਤ ਕਰੇਗੀ।

ਇਕ ਇੰਟਰਵਿਊ ਦੌਰਾਨ ਜ਼ੇਲੈਂਸਕੀ ਨੇ ਕਿਹਾ ਕਿ ਹਰ ਕੋਈ ਸੋਚਦਾ ਹੈ ਕਿ ਅਸੀਂ ਅਮਰੀਕਾ ਜਾਂ ਕੈਨੇਡਾ ਤੋਂ ਬਹੁਤ ਦੂਰ ਹਾਂ। ਨਹੀਂ, ਅਸੀਂ ਇਸ ਸੁਤੰਤਰ ਖੇਤਰ ’ਚ ਹਾਂ। ਜਦੋਂ ਅਧਿਕਾਰਾਂ ਤੇ ਸੁਤੰਤਰਤਾ ਦੀਆਂ ਹੱਦਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਅੱਗੇ ਵੱਧ ਕੇ ਸਾਡੀ ਰੱਖਿਆ ਕਰਨੀ ਪਵੇਗੀ। ਕਿਉਂਕਿ ਸਾਡੇ ਬਾਅਦ ਤੁਹਾਡਾ ਨੰਬਰ ਆਏਗਾ। ਅਸੀਂ ਜਿਸ ਜਾਨਵਰ ਨਾਲ ਜੂਝ ਰਹੇ ਹਾਂ ਉਸਦੀ ਭੁੱਖ ਆਸਾਨੀ ਨਾਲ ਖਤਮ ਹੋਣ ਵਾਲੀ ਨਹੀਂ ਹੈ। ਉਹ ਜਿੰਨਾ ਖਾਂਦਾ ਹੈ, ਓਨਾ ਹੀ ਉਸਨੂੰ ਹੋਰ ਚਾਹੀਦਾ ਹੈ। ਯੂਕਰੇਨ ਦੇ ਹਵਾਈ ਖੇਤਰ ਨੂੰ ਸੁਰੱਖਿਅਤ ਕਰਨ ਦੀ ਆਪਣੀ ਅਪੀਲ ਦੁਹਰਾਉਂਦੇ ਹੋਏ ਜ਼ੇਲੈਂਸਕੀ ਨੇ ਕਿਹਾ ਕਿ ਅਸੀਂ ਰੂਸ ਨੂੰ ਉੱਥੇ ਸਰਗਰਮ ਹੋਣ ਦੀ ਇਜਾਜ਼ਤ ਨਹੀਂ ਦੇ ਸਕਦੇ, ਕਿਉਂਕਿ ਉਹ ਸਾਡੇ ’ਤੇ ਬੰਬਾਰੀ ਕਰ ਰਹੇ ਹਨ, ਉਹ ਮਿਜ਼ਾਈਲ, ਹੈਲੀਕਾਪਟਰ, ਜੈੱਟ ਫਾਈਟਰ ਭੇਜ ਰਹੇ ਹਨ। ਅਸੀਂ ਆਪਣੇ ਅਸਮਾਨ ਨੂੰ ਕੰਟਰੋਲ ਨਹੀਂ ਕਰ ਪਾ ਰਹੇ। ਜ਼ੇਲੈਂਸਕੀ ਨੇ ਅੱਗੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਜੰਗ ਰੋਕਣ ਲਈ ਹੋਰ ਜ਼ਿਆਦਾ ਕਰ ਸਕਦੇ ਹਨ। ਮੈਨੂੰ ਭਰੋਸਾ ਹੈ ਕਿ ਉਹ ਅਜਿਹਾ ਕਰਨ ’ਚ ਸਮਰੱਥ ਹਨ ਤੇ ਮੈਂ ਉਸ ’ਤੇ ਭਰੋਸਾ ਕਰਦਾ ਹਾਂ।

ਯੂਕਰੇਨੀ ਰਾਸ਼ਟਰਪਤੀ ਦੀ ਟਿੱਪਣੀ ਨਾਟੋ ਦੇ ਜਨਰਲ ਸਕੱਤਰ ਜੇਂਸ ਸਟੋਲਟਨਬਰਗ ਵਲੋਂ ਸ਼ੁੱਕਰਵਾਰ ਨੂੰ ਯੂਕਰੇਨ ’ਤੇ ਨੋ ਫਲਾਈ ਜ਼ੋਨ ਕਾਇਮ ਕਰਨ ਦੀ ਮੰਗ ਪੂਰੀ ਤਰ੍ਹਾਂ ਖਾਰਜ ਕਰ ਦੇਣ ਦੇ ਬਾਅਦ ਆਈ ਹੈ। ਸਟੋਲਟਨਬਰਗ ਨੇ ਕਿਹਾ ਸੀ ਕਿ ਇਸ ਤਰ੍ਹਾਂ ਦੀ ਕੋਸ਼ਿਸ਼ ਨਾਲ ਪੂਰੇ ਯੂਰਪ ’ਚ ਜੰਗ ਭੜਕ ਸਕਦੀ ਹੈ।ਅਮਰੀਕੀ ਫ਼ੌਜੀਆਂ ਨੂੰ ਸੰਘਰਸ਼ ਤੋਂ ਬਾਹਰ ਰੱਖਣ ਦੀ ਬਾਇਡਨ ਦੀ ਪ੍ਰਤੀਬੱਧਤਾ ’ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ, ਜ਼ੇਲੈਂਸਕੀ ਨੇ ਕਿਹਾ ਕਿ ਰੂਸੀ ਮਿਜ਼ਾਈਲਾਂ ਯੂਕਰੇਨ ’ਚ ਜਨਤਕ ਇਮਾਰਤਾਂ, ਯੂਨੀਵਰਸਿਟੀਆਂ ਤੇ ਬੱਚਿਆਂ ਦੇ ਡਾਕਟਰਾਂ ਨੂੰ ਤਬਾਹ ਕਰ ਰਹੀਆਂ ਹਨ। ਜੇਕਰ ਕੋਈ ਮਿਜ਼ਾਈਲ ਉੱਪਰ ਉੱਡ ਰਹੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਕੋਈ ਦੂਜਾ ਜਵਾਬ ਨਹੀਂ ਹੈ ਤੇ ਉਸ ਨੂੰ ਮਾਰ ਸੁੱਟਣ ਦੀ ਜ਼ਰੂਰਤ ਹੈ। ਤੁਹਾਨੂੰ ਜ਼ਿੰਦਗੀਆਂ ਬਚਾਉਣੀਆਂ ਪੈਣਗੀਆਂ।

Related posts

ਫਰਾਂਸ ‘ਚ ਮਰੀਜ਼ ਦਾ ਇਲਾਜ਼ ਰੋਕਣ ਦੀ ਕੋਸ਼ਿਸ਼ ਕਰਨ ਵਾਲਾ ਹਸਪਤਾਲ ਦੋਸ਼ੀ ਕਰਾਰ

ਅਮਰੀਕਾ ਵਲੋਂ ਭਾਰਤ-ਫਰਾਂਸ ਸੋਲਰ ਗੱਠਜੋੜ ਸਮੇਤ 66 ਅੰਤਰਰਾਸ਼ਟਰੀ ਸੰਗਠਨਾਂ ਤੋਂ ਕੀਤੀ ਤੌਬਾ

ਬਰਤਾਨੀਆਂ ‘ਚ ਗੈਰਕਾਨੂੰਨੀ ਪ੍ਰਵਾਸੀਆਂ ‘ਤੇ ਸਖਤੀ : ਮੋਬਾਇਲ ਫੋਨ ਜ਼ਬਤ ਕੀਤਾ ਜਾ ਸਕਦਾ