100 ਅਰਬ ਡਾਲਰ ਦੀ ਆਮਦਨ ਵਾਲੀ ਪਹਿਲੀ ਔਰਤ ਬਣੀ ਫਰਾਂਸੂਆ ਮਾਇਜ਼

ਲੰਡਨ – ਦੁਨੀਆਂ ਦੀ ਸਭ ਤੋਂ ਅਮੀਰ ਔਰਤ ਫਰਾਂਸ ਦੀ ਫਰਾਂਸੂਆ ਬੇਟਨਕਾਟ ਮਾਇਜ਼ ਨੇ ਇਕ ਹੋਰ ਕਾਮਯਾਬੀ ਹਾਸਲ ਕੀਤੀ ਹੈ। ਉਨ੍ਹਾਂ ਦੀ ਆਮਦਨ 100 ਅਰਬ ਡਾਲਰ ਤੱਕ ਪਹੁੰਚ ਗਈ ਹੈ। ਉਹ ਇਹ ਪ੍ਰਾਪਤੀ ਹਾਸਲ ਕਰਨ ਵਾਲੀ ਦੁਨੀਆਂ ਦੀ ਪਹਿਲੀ ਔਰਤ ਹੈ। ਉਹ ਦੁਨੀਆਂ ਦੀ ਸਭ ਤੋਂ ਵੱਡੀ ਕਾਸਮੈਟਿਕ ਕੰਪਨੀ ਲੋਰੀਆਲ ਦੀ ਹੋਲਡਿੰਗ ਕੰਪਨੀ ਟੀਥਾਈਸ ਦੀ ਚੇਅਰਪਰਸਨ ਤੇ ਲੋਰੀਆਲ ਗਰੁੱਪ ਦੇ ਬੋਰਡ ਆਫ ਡਾਇਰੈਕਟਰਜ਼ ਦੀ ਵਾਈਸ ਚੇਅਰਪਰਸਨ ਹੈ। ਉਨ੍ਹਾਂ ਨੂੰ ਦੁਨੀਆਂ ਦਾ ਸਭ ਤੋਂ ਮਸ਼ਹੂਰ ਤੇ ਸਭ ਤੋਂ ਵੱਡਾ ਕਾਸਮੈਟਿਕ ਬ੍ਰਾਂਡ ਲੋਰੀਆਲ ਆਪਣੀ ਮਾਂ ਤੋਂ ਵਿਰਾਸਤ ’ਚ ਮਿਲਿਆ ਹੈ। ਉਨ੍ਹਾਂ ਦੀ ਮਾਂ ਨੇ ਵੀ 2017 ’ਚ ਆਪਣੀ ਮੌਤ ਤੱਕ ਦੁਨੀਆ ਦੀ ਸਭ ਤੋਂ ਅਮੀਰ ਔਰਤ ਦਾ ਖ਼ਿਤਾਬ ਆਪਣੇ ਕੋਲ ਰੱਖਿਆ ਸੀ। ਦੂਜੇ ਪਾਸੇ ਇਲੈਕਟਿ੍ਰਕ ਕਾਰ ਕੰਪਨੀ ਟੈਸਲਾ ਦੇ ਕਰਤਾ-ਧਰਤਾ ਐਲਨ ਮਸਕ ਇਕ ਵਾਰ ਫਿਰ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਉਨ੍ਹਾਂ ਦੀ ਜਾਇਦਾਦ 232 ਅਰਬ ਡਾਲਰ ਹੋ ਗਈ ਹੈ।ਲੋਰੀਆਲ ਦੀ ਸਥਾਪਨਾ ਬੇਟਨਕਾਇਟ ਮਾਇਜ਼ ਦੇ ਦਾਦਾ ਯੂਜੀਨ ਸ਼ੂਏਲਰ ਨੇ 1909 ’ਚ ਕੀਤੀ ਸੀ। ਦਰਅਸਲ ਉਨ੍ਹਾਂ ਨੇ ਹੇਅਰ ਡਾਈ ਦੀ ਕਾਢ ਕੱਢੀ ਸੀ ਤੇੇ ਇਸੇ ਦੀ ਮਨੂਫੈਕਚਰਿੰਗ ਤੇ ਮਾਰਕੀਟਿੰਗ ਨੂੰ ਧਿਆਨ ’ਚ ਰੱਖ ਕੇ ਇਸ ਕੰਪਨੀ ਦੀ ਸਥਾਪਨਾ ਕੀਤੀ ਸੀ। ਪੈਰਿਸ ਸਟਾਕ ਐਕਸਚੇਂਜ ’ਚ ਸੂਚੀਬੱਧ ਇਸ ਕੰਪਨੀ ਦਾ ਕੁੱਲ ਵੈਲਿਊਏਸ਼ਨ 241 ਅਰਬ ਡਾਲਰ ਹੈ। ਲੋਰੀਆਲ ’ਚ ਮਾਇਜ਼ ਤੇ ਉਨ੍ਹਾਂ ਦੇ ਪਰਿਵਾਰ ਦੀ 34 ਫ਼ੀਸਦੀ ਤੋਂ ਜ਼ਿਆਦਾ ਹਿੱਸੇਦਾਰੀ ਹੈ। ਬਲੂਮਬਰਗ ਬਿਲੀਅਨਰਜ਼ ਇੰਡੈਕਸ ਅਨੁਸਾਰ ਉਨ੍ਹਾਂ ਦੀ ਜਾਇਦਾਦ ’ਚ ਇਸ ਸਾਲ 28.6 ਅਰਬ ਡਾਲਰ ਦਾ ਵਾਧਾ ਹੋਇਆ। ਖ਼ਾਸ ਗੱਲ ਇਹ ਹੈ ਕਿ ਦੁਨੀਆਂ ਦੇ 50 ਸਭ ਤੋਂ ਅਮੀਰ ਲੋਕਾਂ ’ਚੋਂ 12 ਦੀ ਜਾਇਦਾਦ ’ਚ ਕਮੀ ਆਈ ਹੈ। ਪੁਰਸ਼ਾਂ ਦੇ ਦਬਦਬੇ ਵਾਲੀ ਇਸ ਸੂਚੀ ’ਚ ਸਭ ਤੋਂ ਜ਼ਿਆਦਾ ਅਮੀਰ ਅਮਰੀਕਾ ਦੇ ਹਨ। ਬੇਟਨਕਾਟ ਇਸੇ ਸੂਚੀ ’ਚ 12ਵੇਂ ਸਥਾਨ ’ਤੇ ਹਨ। ਮਾਇਜ਼ ਇਸ ਸੂਚੀ ’ਚ ਆਉਣ ਵਾਲੀ ਫਰਾਂਸ ਦੀ ਦੂਜੀ ਸਭ ਤੋਂ ਅਮੀਰ ਹਸਤੀ ਹਨ। ਫਰਾਂਸ ਦੇ ਸਭ ਤੋਂ ਅਮੀਰ ਸ਼ਖ਼ਸ ਦਾ ਖ਼ਿਤਾਬ ਬਰਨਾਰਡ ਆਰਨਾਲਟ ਕੋਲ ਹੈ। ਉਹ ਦੁਨੀਆ ਦਾ ਲਗਜ਼ਰੀ ਸਾਮਾਨ ਬਣਾਉਣ ਵਾਲੀ ਕੰਪਨੀ ਐਲ.ਵੀ.ਐਮ.ਐਚ. ਦੇ ਚੇਅਰਮੈਨ ਹਨ। ਬਲੂਮਬਰਗ ਬਿਲੇਨੀਅਰ ਇੰਡੈਕਸ ਮੁਤਾਬਕ ਉਨ੍ਹਾਂ ਦੀ ਕੁੱਲ ਆਮਦਨ 179 ਅਰਬ ਡਾਲਰ ਹੈ। ਇਸ ਸਾਲ ਉਨ੍ਹਾਂ ਦੀ ਆਮਦਨ ’ਚ 16.9 ਅਰਬ ਡਾਲਰ ਦਾ ਇਜ਼ਾਫ਼ਾ ਹੋਇਆ ਹੈ।

Related posts

ਈਰਾਨ-ਅਮਰੀਕਾ ਦੀ ਜੇਨੇਵਾ ‘ਚ ਦੂਜੇ ਦੌਰ ਦੀ ਗੱਲਬਾਤ ਬੇ-ਸਿੱਟਾ ਰਹੀ !

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !

ਸਪੇਸ ਐਕਸ ਯੋਜਨਾ : ਚੰਦ ਅਤੇ ਮੰਗਲ ਗ੍ਰਹਿਆਂ ਉਪਰ ਕਿਹੋ ਜਿਹੇ ਹੋਣਗੇ ਸ਼ਹਿਰ ?