ਮਿਲਟਨ – ਇੱਕ ਸਾਊਦੀ ਪਿ੍ਰੰਸ ਨੇ ਆਪਣੇ 80 ਬਾਜ਼ਾਂ (ਪੰਛੀਆਂ) ਲਈ ਹਵਾਈ ਜਹਾਜ਼ ’ਚ 80 ਵੱਖਰੀਆਂ ਸੀਟਾਂ ਬੁੱਕ ਕਰਵਾਈਆਂ ਸਨ। ਇਹ ਕਹਾਣੀ ਕਿਸੇ ਨੂੰ ਹੈਰਾਨ ਕਰ ਸਕਦੀ ਹੈ ਪਰ ਹੈ ਸੱਚ। ਇੰਨਾ ਹੀ ਨਹੀਂ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਨ੍ਹਾਂ ਬਾਜ਼ਾਂ ਕੋਲ ਪਾਸਪੋਰਟ ਵੀ ਹਨ। ਇਹ ਪਾਸਪੋਰਟ ਬਾਜ਼ਾਂ ਨੂੰ ਆਪਣੇ ਮਾਲਕਾਂ ਨਾਲ ਦੇਸ਼ ਦੀਆਂ ਸਰਹੱਦਾਂ ਪਾਰ ਕਰਨ ਦੀ ਇਜਾਜ਼ਤ ਦਿੰਦੇ ਹਨ। ਮੀਡੀਆ ਰਿਪੋਰਟਾਂ ਮੁਤਾਬਿਕ, ਇਹ ਘਟਨਾ 2017 ਦੀ ਹੈ, ਪਰ ਇਸ ਦੀ ਇੱਕ ਫ਼ੋਟੋ ਸੋਸ਼ਲ ਮੀਡੀਆ ’ਤੇ ਅਜੇ ਵੀ ਵਾਇਰਲ ਹੋ ਰਹੀ ਹੈ।
3N ਟ੍ਰੈਵਲਰ ਅਨੁਸਾਰ ਸਾਊਦੀ ਅਰਬ ਦੇ ਸ਼ਾਹੀ ਪਰਿਵਾਰ ਦੇ ਇੱਕ ਮੈਂਬਰ ਨੇ ਆਪਣੇ ਬਾਜ਼ਾਂ ਲਈ ਹਵਾਈ ਜਹਾਜ਼ ਦੀ ਹਰ ਸੀਟ ਬੁੱਕ ਕਰਵਾਈ ਸੀ ਤਾਂ ਜੋ ਉਹ ਆਰਾਮ ਨਾਲ ਅਤੇ ਸੁਰੱਖਿਆ ’ਚ ਸਫ਼ਰ ਕਰ ਸਕਣ। ਵਾਇਰਲ ਹੋਈ ਪੁਰਾਣੀ ਫ਼ੋਟੋ ’ਚ ਹਵਾਈ ਜਹਾਜ਼ ਦੀਆਂ ਸੀਟਾਂ ’ਤੇ ਬਾਜ਼ ਬੈਠੇ ਵਿਖਾਈ ਦੇ ਰਹੇ ਹਨ। ਸਭ ਨੇ ਹੁੱਡ ਪਾਇਆ ਹੋਇਆ ਹੈ। ਫ਼ੋਟੋ ’ਚ ਕਈ ਬਾਜ਼ ਜਹਾਜ਼ ’ਚ ਸੀਟਾਂ ’ਤੇ ਇੱਕੱਠੇ ਬੈਠੇ ਨਜ਼ਰ ਆਉਂਦੇ ਹਨ। ਉਨ੍ਹਾਂ ਸੀਟਾਂ ਦੇ ਨਾਲ ਹੀ ਹੋਰ ਲੋਕ ਵੀ ਬੈਠੇ ਹਨ।
ਸ਼ਿਕਾਰ ’ਚ ਇਨ੍ਹਾਂ ਪੰਛੀਆਂ ਦੀ ਮਦਦ ਲਈ ਜਾਂਦੀ ਹੈ
ਜ਼ਿਕਰਯੋਗ ਹੈ ਕਿ ਇਸ ਨੂੰ ਰੈਡਿਟ ’ਤੇ ਸ਼ੇਅਰ ਕੀਤਾ ਗਿਆ ਹੈ। ਰੈਡਿਟ ਦੇ ਇੱਕ ਯੂਜ਼ਰ ਲੈਨਸੂ ਨੇ ਕੁੱਝ ਯਾਤਰੀਆਂ ਨਾਲ ਬੈਠੇ ਪੰਛੀਆਂ ਦੀ ਇੱਕ ਫ਼ੋਟੋ ਪੋਸਟ ਕੀਤੀ ਹੈ। ਫ਼ੋਟੋ ਦੀ ਕੈਪਸ਼ਨ ’ਚ ਲਿਖਿਆ ਸੀ ਕਿ ਇਹ ਫ਼ੋਟੋ ਮੈਨੂੰ ਮੇਰੇ ਕੈਪਟਨ ਦੋਸਤ ਨੇ ਭੇਜੀ ਹੈ। ਇਸ ’ਚ ਕਿਹਾ ਗਿਆ ਹੈ ਕਿ ਸਾਊਦੀ ਪਿ੍ਰੰਸ ਨੇ ਆਪਣੇ 80 ਬਾਜ਼ਾਂ ਲਈ ਟਿਕਟਾਂ ਖ਼ਰੀਦੀਆਂ ਸਨ। 3N ਟ੍ਰੈਵਲਰ ਅਨੁਸਾਰ ਮੱਧ ਪੂਰਬ ’ਚ ਅਜਿਹਾ ਕਰਨਾ ਇੱਕ ਆਮ ਗੱਲ ਹੈ।ਅਰਬ ਦੇਸ਼ਾਂ ’ਚ ਸ਼ਿਕਾਰ ਲਈ ਪੰਛੀਆਂ ਦਾ ਸਹਾਰਾ ਲੈਣ ਦੀ ਖੇਡ ‘ਬਾਜ਼ਗਿਰੀ ’ਸਦੀਆਂ ਤੋਂ ਚਲਦੀ ਆ ਰਹੀ ਹੈ। ਉਥੇ ਇਸ ਨੂੰ ਬੜੇ ਸਤਿਕਾਰ ਨਾਲ ਵੇਖਿਆ ਜਾਂਦਾ ਹੈ। ਇਹ ਪ੍ਰੰਪਰਾ ਹਜ਼ਾਰਾਂ ਸਾਲ ਪੁਰਾਣੀ ਹੈ ਅਤੇ ਅਰਬੀ ਸਭਿਆਚਾਰ ਅਤੇ ਪਛਾਣ ਦਾ ਅਹਿਮ ਹਿੱਸਾ ਹੈ।