47 ਡਿਗਰੀ ਹੋ ਸਕਦਾ ਤਾਪਮਾਨ : ਆਸਟ੍ਰੇਲੀਅਨਾਂ ਨੂੰ ਭਿਆਨਕ ਗਰਮੀ ਤੋਂ ਬਚਣ ਦਾ ਸੁਝਾਅ !

ਆਸਟ੍ਰੇਲੀਆ ਵਿੱਚ ਤਾਪਮਾਨ ਦੇ ਵੱਧ ਜਾਣ ਦੇ ਨਾਲ ਲੋਕਾਂ ਨੂੰ 47 ਡਿਗਰੀ ਸੈਲਸੀਅਸ ਤੱਕ ਦੀ ਭਿਆਨਕ ਗਰਮੀ ਦੇ ਨਾਲ ਜੂਝਣਾ ਪੈ ਸਕਦਾ ਹੈ।

ਆਸਟ੍ਰੇਲੀਆ ਭਰ ਵਿੱਚ ਤਾਪਮਾਨ ਦੇ ਵੱਧ ਜਾਣ ਦੇ ਕਾਰਣ ਲੋਕਾਂ ਨੂੰ 47 ਡਿਗਰੀ ਸੈਲਸੀਅਸ ਤੱਕ ਦੀ ਭਿਆਨਕ ਗਰਮੀ ਦੇ ਨਾਲ ਜੂਝਣਾ ਪੈ ਸਕਦਾ ਹੈ। ਇਸ ਹਫ਼ਤੇ ਨਿਊ ਸਾਊਥ ਵੇਲਜ਼, ਵਿਕਟੋਰੀਆ, ਵੈਸਟਰਨ ਆਸਟ੍ਰੇਲੀਆ, ਸਾਉਥ ਆਸਟ੍ਰੇਲੀਆ, ਟਸਮਾਨੀਆ ਅਤੇ ਨੌਰਦਰਨ ਟੈਰੇਟਰੀ ਦੇ ਲਈ ਹੀਟਵੇਵ ਚੇਤਾਵਨੀਆਂ ਲਾਗੂ ਕੀਤੀਆਂ ਗਈਆਂ ਹਨ। ਆਸਟ੍ਰੇਲੀਆ ਦੇ ਹਰੇਕ ਸੂਬੇ ਦੇ ਕੁੱਝ ਇੱਕ ਹਿੱਸਿਆਂ ਵਿੱਚ ਹਫ਼ਤੇ ਦੇ ਅੰਤ ਤੱਕ ਘੱਟੋ-ਘੱਟ 40 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਉਮੀਦ ਹੈ।

ਮੌਸਮ ਵਿਗਿਆਨ ਬਿਊਰੋ ਦੀ ਮਿਰੀਅਮ ਬ੍ਰੈਡਬਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ, “ਕੱਲ੍ਹ ਬੁੱਧਵਾਰ ਤੋਂ ਸ਼ਨੀਵਾਰ ਤੱਕ ਸਾਉਥ ਆਸਟ੍ਰੇਲੀਆ, ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਿੱਚ ਹੀਟਵੇਵ ਤੇਜ਼ ਹੋਣ ਦੀ ਉਮੀਦ ਹੈ। ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਦੇ ਬਾਰਡਰ ਉਪਰ ਚਿੰਤਾ ਵਾਲੀ ਸਥਿਤੀ ਹੋਵੇਗੀ, ਜਿੱਥੇ ਦਾ ਤਾਪਮਾਨ ਆਸਾਨੀ ਨਾਲ 40 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ, ਅਤੇ ਫਿਰ ਸ਼ਨੀਵਾਰ ਨੂੰ ਤੱਟ ਵੱਲ ਵੱਧ ਸਕਦਾ ਹੈ। ਕੁੱਝ ਥਾਵਾਂ ‘ਤੇ ਤਾਪਮਾਨ 46 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ ਅਤੇ ਸ਼ਾਇਦ 47 ਡਿਗਰੀ ਸੈਲਸੀਅਸ ਤੱਕ ਵੀ। ਵਿਕਟੋਰੀਆ ਦੇ ਮਿਲਡੂਰਾ ਦੇ ਵਿੱਚ ਤਾਪਮਾਨ ਸ਼ੁੱਕਰਵਾਰ ਨੂੰ 46 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਰਾਜਧਾਨੀ ਸ਼ਹਿਰਾਂ ਵਿੱਚੋਂ ਮੈਲਬੌਰਨ ਵਿੱਚ ਸ਼ੁੱਕਰਵਾਰ ਨੂੰ ਤਾਪਮਾਨ 38 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ। ਸਿਡਨੀ ਵਿੱਚ ਸ਼ਨੀਵਾਰ ਨੂੰ ਸਭ ਤੋਂ ਗਰਮ ਦਿਨ ਹੋਣ ਦੀ ਉਮੀਦ ਹੈ ਅਤੇ ਸ਼ਹਿਰ ਦਾ ਤਾਪਮਾਨ 39 ਡਿਗਰੀ ਸੈਲਸੀਅਸ ਅਤੇ ਵੈਸਟ ਵਿੱਚ 43 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਣ ਦੀ ਸੰਭਾਵਨਾ ਹੈ। ਐਡੀਲੇਡ ਦਾ ਤਾਪਮਾਨ ਸਭ ਤੋਂ ਪਹਿਲਾਂ ਸਿਖਰ ‘ਤੇ ਪਹੁੰਚਣ ਦੀ ਉਮੀਦ ਹੈ ਅਤੇ ਬੁੱਧਵਾਰ ਨੂੰ ਤਾਪਮਾਨ 37 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ।”

ਗਰਮ ਮੌਸਮ ਲਈ ਮੁੱਖ ਸੁਝਾਅ:

  • ਦਿਨ ਭਰ ਨਿਯਮਿਤ ਤੌਰ ‘ਤੇ ਪਾਣੀ ਪੀ ਕੇ ਆਪਣੇ ਆਪ ਨੂੰ ਹਾਈਡ੍ਰੇਟ ਰੱਖੋ।
  • ਪਾਣੀ ਦੇ ਨੇੜੇ ਸਾਵਧਾਨ ਰਹੋ, ਬੱਚਿਆਂ ਦੀ ਨਿਗਰਾਨੀ ਕਰੋ ਅਤੇ ਦੋਸਤਾਂ ‘ਤੇ ਧਿਆਨ ਰੱਖੋ।
  • ਸੰਭਵ ਹੋਵੇ ਤਾਂ ਏਅਰ ਕੰਡੀਸ਼ਨਿੰਗ ਅਤੇ ਪੱਖਿਆਂ ਦੀ ਵਰਤੋਂ ਕਰਕੇ ਠੰਢੇ ਰਹੋ।
  • ਟੋਪੀ ਅਤੇ ਸਨਸਕ੍ਰੀਨ ਵਰਤੋਂ ਅਤੇ ਦਿਨ ਦੇ ਸਭ ਤੋਂ ਗਰਮ ਸਮੇਂ ਬਾਹਰ ਜਾਣ ਤੋਂ ਬਚੋ।

ਇਸੇ ਦੌਰਾਨ ਐਂਬੂਲੈਂਸ ਵਿਕਟੋਰੀਆ (AV) ਦੇ ਪੈਰਾਮੈਡਿਕ ਨੇ ਲੋਕਾਂ ਨੂੰ ਸੁਰੱਖਿਅਤ ਰਹਿਣ ਅਤੇ ਗਰਮੀ ਤੋਂ ਬਚਣ ਲਈ ਸੁਝਾਅ ਸਾਂਝੇ ਕੀਤੇ ਹਨ। ਜਿਆਦਾ ਤਾਪਮਾਨ ਦੇ ਨਾਲ ਗਰਮੀ ਨਾਲ ਸੰਬੰਧਤ ਗੰਭੀਰ ਬਿਮਾਰੀਆਂ ਜਿਵੇਂ ਗਰਮੀ ਦੇ ਦੌਰੇ (ਹੀਟ ਕਰੈਂਪਸ), ਗਰਮੀ ਨਾਲ ਥਕਾਵਟ (ਹੀਟ ਏਗਜ਼ੋਸਟਸ਼ਨ) ਅਤੇ ਗਰਮੀ ਦਾ ਘਾਤਕ ਦੌਰਾ (ਹੀਟ ਸਟ੍ਰੋਕ) ਦਾ ਖਤਰਾ ਵੱਧ ਜਾਂਦਾ ਹੈ।

ਐਂਬੂਲੈਂਸ ਵਿਕਟੋਰੀਆ (AV) ਦੇ ਸਟੇਟ ਹੈਲਥ ਕਮਾਂਡਰ ਰਾਸ ਸਲਾਥੀਅਲ ਨੇ ਕਿਹਾ ਹੈ ਕਿ, “ਹਾਲਾਂਕਿ ਗਰਮੀ ਦਾ ਘਾਤਕ ਦੌਰਾ ਪੂਰੀ ਤਰ੍ਹਾਂ ਰੋਕਿਆ ਜਾ ਸਕਦਾ ਹੈ, ਪਰ ਇਹ 80 ਫੀਸਦੀ ਮਾਮਲਿਆਂ ਵਿੱਚ ਘਾਤਕ ਸਾਬਤ ਹੋ ਸਕਦਾ ਹੈ। ਸਭ ਤੋਂ ਵੱਧ ਖਤਰੇ ਵਿੱਚ ਵੱਡੀ ਉਮਰ ਦੇ ਲੋਕ, ਛੋਟੇ ਬੱਚੇ ਅਤੇ ਮੈਡੀਕਲ ਸਮੱਸਿਆਵਾਂ ਵਾਲੇ ਲੋਕ ਹੁੰਦੇ ਹਨ, ਅਤੇ ਉਹਨਾਂ ਨੂੰ ਗਰਮੀ ਅਤੇ ਗਰਮੀ ਨਾਲ ਸੰਬੰਧਤ ਬਿਮਾਰੀਆਂ ਪ੍ਰਭਾਵਿਤ ਕਰ ਸਕਦੀਆਂ ਹਨ। ਹੀਟ ਸਟ੍ਰੋਕ ਇੱਕ ਜਾਨਲੇਵਾ ਮੈਡੀਕਲ ਐਮਰਜੈਂਸੀ ਹੈ, ਜੋ ਉਸ ਵੇਲੇ ਹੁੰਦੀ ਹੈ ਜਦੋਂ ਸਰੀਰ ਲੋੜੋਂ ਵੱਧ ਗਰਮ ਹੋ ਜਾਂਦਾ ਹੈ ਅਤੇ ਆਪਣੇ ਆਪ ਨੂੰ ਠੰਢਾ ਨਹੀਂ ਕਰ ਸਕਦਾ। ਜੇ ਤੁਹਾਨੂੰ ਜਾਂ ਕਿਸੇ ਹੋਰ ਨੂੰ ਉਲਝਣ, ਦੌਰੇ ਪੈਣਾ, ਬਹੁਤ ਜ਼ਿਆਦਾ ਪਸੀਨਾ ਆਉਣਾ ਜਾਂ ਪਸੀਨਾ ਨਾ ਆਉਣਾ, ਡਿੱਗ ਪੈਣਾ ਜਾਂ ਬੇਹੋਸ਼ੀ ਵਰਗੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਟ੍ਰਿਪਲ ਜ਼ੀਰੋ (000) ‘ਤੇ ਕਾਲ ਕਰੋ। ਗਰਮੀ ਨਾਲ ਸੰਬੰਧਤ ਬਿਮਾਰੀਆਂ ਦੇ ਖਤਰੇ ਨੂੰ ਘਟਾਉਣ ਲਈ ਨਿਯਮਿਤ ਤੌਰ ‘ਤੇ ਪਾਣੀ ਪੀ ਕੇ ਆਪਣੇ ਆਪ ਨੂੰ ਹਾਈਡ੍ਰੇਟ ਰੱਖੋ, ਠੰਢੀ ਜਗ੍ਹਾ ਜਿਵੇਂ ਸ਼ਾਪਿੰਗ ਸੈਂਟਰ ਜਾਂ ਘਰ ਵਿੱਚ ਪੱਖਿਆਂ ਤੇ ਏਅਰ ਕੰਡੀਸ਼ਨਿੰਗ ਹੇਠਾਂ ਰਹੋ, ਧੁੱਪ ਤੋਂ ਬਚਾਅ ਲਈ ਟੋਪੀ ਪਹਿਨੋ ਅਤੇ ਸਨਸਕ੍ਰੀਨ ਵਰਤੋ ਅਤੇ ਦਿਨ ਦੇ ਸਭ ਤੋਂ ਗਰਮ ਸਮੇਂ ਬਾਹਰ ਜਾਣ ਤੋਂ ਬਚੋ।”

ਐਂਬੂਲੈਂਸ ਵਿਕਟੋਰੀਆ (AV) ਨੇ  ਲੋਕਾਂ ਨੂੰ VicEmergency ਐਪ ਡਾਊਨਲੋਡ ਕਰਕੇ ਜਾਣਕਾਰੀ ਨਾਲ ਅਪਡੇਟ ਰਹਿਣ ਲਈ ਵੀ ਉਤਸ਼ਾਹਿਤ ਕਰਦਿਆਂ, ਜਾਨਲੇਵਾ ਹਾਲਤ ਤੋਂ ਵਗੈਰ ਮੈਡੀਕਲ ਮਦਦ ਦੀ ਲੋੜ ਲਈ, ਵਿਕਟੋਰੀਆ ਵਾਸੀਆਂ ਨੂੰ ਉਪਲਬਧ ਬਦਲਵੀਆਂ ਦੇਖਭਾਲ ਸੇਵਾਵਾਂ ਵਰਤਣ ਦੀ ਅਪੀਲ ਕੀਤੀ ਹੈ। ਜੇ ਤੁਹਾਨੂੰ ਸਮੇਂ ਸਿਰ ਮੈਡੀਕਲ ਦੇਖਭਾਲ ਅਤੇ ਸਿਹਤ ਸਲਾਹ ਦੀ ਲੋੜ ਹੈ ਪਰ ਐਮਰਜੈਂਸੀ ਮੱਦਦ ਦੀ ਲੋੜ ਨਹੀਂ, ਤਾਂ ਵਿਕਟੋਰੀਅਨ ਵਰਚੁਅਲ ਐਮਰਜੈਂਸੀ ਡਿਪਾਰਟਮੈਂਟ (VVED) ਨਾਲ ਮੁਫ਼ਤ ਆਨਲਾਈਨ ਵੀਡੀਓ ਕਾਲ ਕਰਨ ਜਾਂ ਆਪਣੇ ਨੇੜਲੇ ਅਰਜੈਂਟ ਕੇਅਰ ਕਲਿਨਿਕ ਜਾਣ ਬਾਰੇ ਸੋਚੋ।

“ਹੋਰ ਲਾਭਦਾਇਕ ਸਾਧਨਾਂ ਵਿੱਚ ਨਰਸ ਆਨ ਕਾਲ ਨੂੰ 1300 60 60 24 ‘ਤੇ ਫੋਨ ਕਰੋ ਜੋ 24 ਘੰਟੇ ਹਫ਼ਤੇ ਦੇ 7 ਦਿਨ ਮੁਫ਼ਤ ਮੈਡੀਕਲ ਸਲਾਹ ਦਿੰਦਾ ਹੈ, ਨਾਲ ਹੀ ਤੁਹਾਡਾ ਲੋਕਲ ਜੀਪੀ ਜਾਂ ਫਾਰਮੇਸੀ।”

ਗਰਮੀ ਵਿੱਚ ਸੁਰੱਖਿਅਤ ਰਹਿਣ ਬਾਰੇ ਹੋਰ ਜਾਣਕਾਰੀ ਲਈ www.betterhealth.vic.gov.au
ਜਾਂ ਐਂਬੂਲੈਂਸ ਵਿਕਟੋਰੀਆ ਦੀ ਵੈੱਬਸਾਈਟ www.ambulance.vic.gov.au/heat-health
‘ਤੇ ਜਾਓ।

ਜਾਨਲੇਵਾ ਨਾ ਹੋਣ ਵਾਲੀ ਐਮਰਜੈਂਸੀ ਦੇ ਲਈ:

 

  • Victorian Virtual Emergency Department
  • ਜੇ ਇਹ ਐਮਰਜੈਂਸੀ ਨਹੀਂ ਹੈ, ਤਾਂ ਤੁਸੀਂ ਇੱਥੋਂ ਮਦਦ ਲੈ ਸਕਦੇ ਹੋ:
  • Nurse on Call (24/7): 1300 60 60 24
  • Urgent Care Clinics
  • Better Health Channel
  • ਤੁਹਾਡਾ ਸਥਾਨਕ GP ਜਾਂ ਫਾਰਮਾਸਿਸਟ

Related posts

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

Sussan Ley Extends Thai Pongal 2026 Greetings to Tamil Community

ਵਿਕਟੋਰੀਅਨ ਅੱਗ ਪੀੜਤਾਂ ਲਈ ਹੋਰ ਫੰਡ, ‘ਲੁੱਕ ਓਵਰ ਦ ਫਾਰਮ ਗੇਟ’ ਦੀ ਵੀ ਸ਼ੁਰੂਆਤ !