ਆਸਟ੍ਰੇਲੀਆਨ ਟਰਾਂਸਪੋਰਟ ਸੇਫ਼ਟੀ ਬਿਊਰੋ (ATSB) ਨੇ ਹਵਾਈ ਜਹਾਜ਼ਾਂ ‘ਤੇ ਪਾਵਰ ਬੈਂਕ ਦੀ ਵਰਤੋਂ ਬਾਰੇ ਯਾਤਰੀਆਂ ਨੂੰ ਨਿਯਮਾਂ ਦੀ ਪਾਲਣਾ ਕਰਨ ‘ਤੇ ਜੋਰ ਦਿੱਤਾ ਹੈ। ਬੋਇੰਗ 737 ਦੇ ਉੱਪਰਲੇ ਲਾਕਰ ਵਿੱਚ ਪਾਵਰ ਬੈਂਕ ਦੀ ਅੱਗ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਯਾਤਰੀਆਂ ਲਈ ਨਵੀਆਂ ਏਅਰਲਾਈਨ ਨਿਰਦੇਸ਼ਾਂ ਦੀ ਪਾਲਣਾ ਕਰਨਾ ਕਿੰਨਾ ਜ਼ਰੂਰੀ ਹੈ ਅਤੇ ਲਿਥੀਅਮ ਬੈਟਰੀ ਵਾਲੀਆਂ ਡਿਵਾਈਸਾਂ ਨੂੰ ਆਸਾਨੀ ਨਾਲ ਪਹੁੰਚਯੋਗ ਰੱਖਣਾ ਚਾਹੀਦਾ ਹੈ। ਉਡਾਣ ਦੌਰਾਨ ਜੇ ਅੱਗ ਉਪਰ ਤੁਰੰਤ ਅਤੇ ਸਹੀ ਢੰਗ ਨਾਲ ਕਾਬੂ ਨਾ ਕੀਤਾ ਜਾਵੇ ਤਾਂ ਜਹਾਜ਼ ਦੀ ਸੁਰੱਖਿਆ ਲਈ ਮਹੱਤਵਪੂਰਨ ਖਤਰਾ ਪੈਦਾ ਕਰ ਸਕਦੀ ਹੈ। ਇਹ ਗੱਲ ਇਸ ਸਾਲ ਦੀ ਸ਼ੁਰੂਆਤ ਵਿੱਚ ਇੱਕ ਯਾਤਰੀ ਉਡਾਣ ਦੌਰਾਨ ਲੱਗੀ ਅੱਗ ਬਾਰੇ ਅੱਜ ਜਾਰੀ ਕੀਤੀ ਗਈ ਜਾਂਚ-ਰਿਪੋਰਟ ਵਿੱਚ ਕਹੀ ਗਈ ਹੈ।
ਆਸਟ੍ਰੇਲੀਆਨ ਟਰਾਂਸਪੋਰਟ ਸੇਫ਼ਟੀ ਬਿਊਰੋ (ATSB) ਦੇ ਚੀਫ਼ ਐਗਜ਼ੈਕਟਿਵ ਅਫਸਰ ਐਂਗਸ ਮਿਸ਼ੇਲ ਨੇ ਅੱਜ ਆਪਣੀ ਜਾਂਚ ਰਿਪੋਰਟ ਵਿੱਚ ਦੱਸਿਆ ਹੈ ਕਿ, “ਪਾਵਰ ਬੈਂਕ ਦੀ ਲਿਥੀਅਮ-ਆਇਅਨ ਬੈਟਰੀ ਵਿੱਚ “ਥਰਮਲ ਰਨਅਵੇ” ਹੋਇਆ ਸੀ ਜਿਸ ਨਾਲ ਅੱਗ ਲੱਗ ਗਈ। ਥਰਮਲ ਰਨਅਵੇ ਇੱਕ ਲੜੀਵਾਰ ਪ੍ਰਕਿਰਿਆ ਹੁੰਦੀ ਹੈ, ਜੋ ਅਕਸਰ ਬੈਟਰੀ ਸੈੱਲ ਦੇ ਸ਼ਾਰਟ ਸਰਕਿਟ ਹੋਣ ਨਾਲ ਸ਼ੁਰੂ ਹੁੰਦੀ ਹੈ ਜਿਸ ਨਾਲ ਤਾਪਮਾਨ ਤੇਜ਼ੀ ਨਾਲ ਅਤੇ ਬੇਕਾਬੂ ਤਰੀਕੇ ਨਾਲ ਵੱਧ ਜਾਂਦਾ ਹੈ। ਇਸ ਸਾਲ ਜੁਲਾਈ ਵਿੱਚ ਵਾਪਰੀ ਘਟਨਾ ਵਿੱਚ ਕੈਬਿਨ ਕਰੂ ਵਰਜਿਨ ਆਸਟ੍ਰੇਲੀਆ ਦੀਆਂ ਲਿਥੀਅਮ ਬੈਟਰੀ ਫਾਇਰ ਪ੍ਰੋਸੀਜ਼ਰ ਨੂੰ ਪੂਰਾ ਨਹੀਂ ਕਰ ਸਕੇ, ਕਿਉਂਕਿ ਅੱਗ ਲੈਂਡਿੰਗ ਤੋਂ 10 ਮਿੰਟ ਪਹਿਲਾਂ ਹੋਈ ਸੀ ਅਤੇ ਉਸ ਸਮੇਂ ਉਹਨਾਂ ਦੀ ਜ਼ਿੰਮੇਵਾਰੀ ਸੀ ਕਿ ਕੈਬਿਨ ਸੁਰੱਖਿਅਤ ਹੋਵੇ। ਦੋ ਕੈਬਿਨ ਕਰੂ ਮੈਂਬਰਾਂ ਨੇ ਲਿਥੀਅਮ ਬੈਟਰੀ ਦੀ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਦੌਰਾਨ ਸਾਹ ਲੈਣ ਲਈ ਸੁਰੱਖਿਅਤ ਉਪਕਰਨਾਂ ਦਾ ਪ੍ਰਯੋਗ ਕੀਤਾ, ਪਰ ਫਿਟਮੈਂਟ ਅਤੇ ਦ੍ਰਿਸ਼ਟੀ/ਸੰਚਾਰ ਸਮੱਸਿਆਵਾਂ ਕਾਰਣ ਇਹ ਪ੍ਰਭਾਵਸ਼ਾਲੀ ਨਹੀਂ ਸਨ। ਕੈਬਿਨ ਕਰੂ ਉਪਕਰਨ ਵਰਤ ਨਹੀਂ ਸਕੇ, ਇਸ ਲਈ ਉਹ ਧੂੰਆਂ ਤੋਂ ਬਚਾਅ ਨਹੀਂ ਕਰ ਸਕੇ ਅਤੇ ਉਨ੍ਹਾਂ ਨੂੰ ਧੂੰਏਂ ਵਿੱਚ ਸਾਹ ਲੈਣ ਕਾਰਣ ਹੋਰ ਜਿਆਦਾ ਖਤਰਾ ਸੀ।”
ਵਰਜਿਨ ਆਸਟ੍ਰੇਲੀਆ ਏਅਰਲਾਈਨਜ਼ ਦੀ ਬੋਇੰਗ 737 ਦੀ ਵੀਏ1528 ਉਡਾਣ, 21 ਜੁਲਾਈ 2025 ਨੂੰ ਸਿਡਨੀ ਤੋਂ ਹੋਬਾਰਟ ਜਾ ਰਹੀ ਸੀ। ਲੈਂਡਿੰਗ ਤੋਂ ਕਰੀਬ 10 ਮਿੰਟ ਪਹਿਲਾਂ ਕੈਬਿਨ ਕਰੂ ਆਖ਼ਰੀ ਜਾਂਚ ਕਰ ਰਹੇ ਸਨ, ਜਦੋਂ ਇੱਕ ਕਰੂ ਮੈਂਬਰ ਨੂੰ ਚਟਾਕ ਅਤੇ ਸੀਂ-ਸੀਂ ਦੀ ਆਵਾਜ਼ ਸੁਣਾਈ ਦਿੱਤੀ। ਉਸ ਤੋਂ ਬਾਅਦ ਉਨ੍ਹਾਂ ਨੇ ਉੱਪਰਲੇ ਲੱਗੇਜ ਲਾਕਰ ਵਿੱਚੋਂ ਅੱਗ ਦੀਆਂ ਲਪਟਾਂ ਅਤੇ ਸਫੈਦ ਧੂੰਆਂ ਨਿਕਲਦਾ ਦੇਖਿਆ। ਜਦੋਂ ਲਾਕਰ ਖੋਲ੍ਹਿਆ ਗਿਆ, ਤਾਂ ਇੱਕ ਯਾਤਰੀ ਦਾ ਬੈਕਪੈਕ ਅੱਗ ਵਿੱਚ ਸੀ। ਕੈਬਿਨ ਕਰੂ ਨੇ ਅੱਗ ‘ਤੇ ਫਾਇਰ ਐਕਸਟਿੰਗੂਸ਼ਰ ਵਰਤ ਕੇ ਕਾਬੂ ਪਾਇਆ ਅਤੇ ਕੁੱਝ ਯਾਤਰੀਆਂ ਨੇ ਵੀ ਮਦਦ ਕੀਤੀ। ਫਿਰ ਦੁਬਾਰਾ ਅੱਗ ਲੱਗਣ ਦੇ ਖਤਰੇ ਨੂੰ ਘੱਟ ਕਰਨ ਲਈ ਦੂਜਾ ਫਾਇਰ ਐਕਸਟਿੰਗੂਸ਼ਰ ਲਾਕਰ ਵਿੱਚ ਛੋਡਿਆ ਗਿਆ। ਕੈਬਿਨ ਕਰੂ ਨੇ ਯਾਤਰੀਆਂ ਨੂੰ ਸਿਰ ਹੇਠਾਂ ਰੱਖਣ ਅਤੇ ਨੱਕ-ਮੂੰਹ ਨੂੰ ਢੱਕਣ ਦੀ ਹਦਾਇਤ ਦਿੱਤੀ ਤਾਂ ਕਿ ਧੂੰਆਂ ਉਹਨਾਂ ਦੇ ਸਾਹ ਵਿੱਚ ਨਾ ਜਾਵੇ। ਇਸ ਦੌਰਾਨ ਇੱਕ ਕੈਬਿਨ ਕਰੂ ਮੈਂਬਰ ਵੱਲੋਂ ਅੱਗ ਬਾਰੇ ਸੁਚਿਤ ਕੀਤੇ ਜਾਣ ‘ਤੇ, ਫਲਾਈਟ ਕਰੂ ਨੇ ਏਅਰ ਟ੍ਰੈਫਿਕ ਕੰਟਰੋਲ ਨੂੰ ਪੈਨ-ਪੈਨ ਕਾਲ ਭੇਜੀ, ਜਿਸ ਨੇ ਲੈਂਡਿੰਗ ਅਤੇ ਦਿਸ਼ਾ ਨਿਰਦੇਸ਼ ਦੀ ਆਗਿਆ ਦਿੱਤੀ ਅਤੇ ਹਵਾਈ ਬਚਾਅ ਅਤੇ ਅੱਗ ਬੁਝਾਉਣ ਵਾਲੀ ਸੇਵਾਵਾਂ ਨੂੰ ਸੂਚਿਤ ਕੀਤਾ ਗਿਆ। ਇਸ ਜਹਾਜ਼ ਵਿੱਚ ਛੇ ਕਰੂ ਮੈਂਬਰ ਅਤੇ 149 ਯਾਤਰੀ ਸਵਾਰ ਸਨ ਅਤੇ ਬਿਨਾਂ ਕਿਸੇ ਹੋਰ ਨੁਕਸਾਨ ਦੇ ਸੁਰੱਖਿਅਤ ਤਰੀਕੇ ਨਾਲ ਹੋਬਾਰਟ ਲੈਂਡ ਕਰ ਗਿਆ।”
ਇਹ ਆਸਟ੍ਰੇਲੀਆ ਵਿੱਚ ਪਹਿਲੀ ਵਾਰ ਸੀ ਜਦੋਂ ਕਿਸੇ ਜਹਾਜ਼ ‘ਤੇ ਪਾਵਰ ਬੈਂਕ ਨੂੰ ਅੱਗ ਲੱਗੀ ਸੀ। ਹਾਲਾਂਕਿ ਅੰਤਰਰਾਸ਼ਟਰੀ ਪੱਧਰ ‘ਤੇ ਵੀ ਪਾਵਰ ਬੈਂਕਾਂ ਕਾਰਨ ਕਈ ਵੱਡੀਆਂ ਅੱਗ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਜਨਵਰੀ 2025 ਨੂੰ ਦੱਖਣੀ ਕੋਰੀਆ ਦੀ ਇੱਕ ਉਡਾਣ ਵਿੱਚ ਅਜਿਹੀ ਅੱਗ ਲੱਗੀ ਸੀ, ਜਿਸ ਤੋਂ ਬਾਅਦ ਜਹਾਜ਼ ਖਾਲੀ ਕਰਵਾਉਣਾ ਪਿਆ ਜਦਕਿੇ ਜਹਾਜ਼ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ। ਪਿਛਲੇ 10 ਸਾਲਾਂ ਵਿੱਚ ਆਸਟ੍ਰੇਲੀਅਨ ਉਡਾਣਾਂ ਦੌਰਾਨ ਮੋਬਾਇਲ ਫੋਨ ਕਾਰਣ ਚਾਰ ਵਾਰ ਅੱਗ ਲੱਗੀ ਹੈ। ਇਨ੍ਹਾਂ ਵਿੱਚੋਂ ਤਿੰਨ ਮਾਮਲਿਆਂ ਵਿੱਚ ਫੋਨ ਸੀਟ ਹੇਠਾਂ ਦੱਬ ਜਾਣ ਕਾਰਣ ਲਿਥੀਅਮ ਬੈਟਰੀ ਨੂੰ ਨੁਕਸਾਨ ਪਹੁੰਚਿਆ ਜਦਕਿ ਚੌਥੇ ਮਾਮਲੇ ਦਾ ਕਾਰਣ ਪਤਾ ਨਹੀਂ ਹੈ।
ਆਸਟ੍ਰੇਲੀਆਨ ਟਰਾਂਸਪੋਰਟ ਸੇਫ਼ਟੀ ਬਿਊਰੋ ਦੇ ਅਨੁਸਾਰ ਪਾਵਰ ਬੈਂਕ ਦੇ ਮਾਲਕ ਨੇ ਵਰਜਿਨ ਆਸਟ੍ਰੇਲੀਆ ਨੂੰ ਦੱਸਿਆ ਸੀ ਕਿ, “ਇਹ 2024 ਵਿੱਚ ਖਰੀਦਿਆ ਗਿਆ ਸੀ, ਇਹ ਪਹਿਲਾਂ ਤੋਂ ਖਰਾਬ ਨਹੀਂ ਸੀ ਅਤੇ ਇਹ ਪੂਰੀ ਤਰ੍ਹਾਂ ਚਾਰਜ ਸੀ, ਪਹਿਲਾਂ ਕੋਈ ਸਮੱਸਿਆ ਨਹੀਂ ਆਈ ਸੀ ਅਤੇ ਨਾ ਹੀ ਇਹ ਘਟਨਾ ਤੋਂ ਪਹਿਲਾਂ ਡਿੱਗਿਆ ਸੀ ਜਾਂ ਨਮੀ ਜਾਂ ਗਰਮੀ ਨਾਲ ਸੰਪਰਕ ਵਿੱਚ ਆਇਆ ਸੀ।”
ਆਸਟ੍ਰੇਲੀਅਨ ਦੀਆਂ ਏਅਰਲਾਈਨਾਂ ਨੇ ਪਾਵਰ ਬੈਂਕਾਂ ਅਤੇ ਵਾਧੂ ਬੈਟਰੀਆਂ ਨਾਲ ਸੰਬੰਧਿਤ ਆਪਣੀ ਨੀਤੀ ਦੀ ਸਮੀਖਿਆ ਕਰਕੇ ਏਅਰਲਾਈਨ ਨੇ ਨਵੇਂ ਨਿਯਮ ਅੱਪਡੇਟ ਕੀਤੇ ਹਨ। ਵਰਜਿਨ ਆਸਟ੍ਰੇਲੀਆ ਦੇ ਵਲੋਂ 1 ਦਸੰਬਰ 2025 ਤੋਂ ਅਤੇ ਆਸਟ੍ਰੇਲੀਆ ਦੀਆਂ ਹੋਰ ਮੁੱਖ ਏਅਰਲਾਈਨਾਂ, ਕੁਆਂਟਸ ਤੇ ਜੈਟਸਟਾਰ ਨੇ ਵੀ ਮੱਧ ਦਸੰਬਰ ਤੋਂ ਲਿਥੀਅਮ ਬੈਟਰੀਆਂ ਲਈ ਨਵੀਆਂ ਨੀਤੀਆਂ ਲਾਗੂ ਕੀਤੀਆਂ ਹਨ। ਨਵੇਂ ਲਾਗੂ ਕੀਤੇ ਗਏ ਨਿਯਮ ਹੇਠਾਂ ਲਿਖੇ ਅਨੁਸਾਰ ਹਨ:
ਖਾਸ ਕਰਕੇ ਉਡਾਣ ਦੌਰਾਨ ਜਹਾਜ਼ ਵਿੱਚ ਲਿਥੀਅਮ ਬੈਟਰੀਆਂ ਦੀ ਥਰਮਲ ਰਨਅਵੇ ਅਤੇ ਅੱਗ ਨੂੰ ਕਾਬੂ ਕਰਨਾ ਮੁਸ਼ਕਲ ਹੁੰਦਾ ਹੈ। ਹੁਣ ਜਿਆਦਾ ਡਿਵਾਈਸਾਂ ਵਿੱਚ ਲਿਥੀਅਮ ਬੈਟਰੀਆਂ ਹੁੰਦੀਆਂ ਹਨ। ਇਹ ਜਰੂਰੀ ਹੈ ਕਿ ਯਾਤਰੀ ਆਪਣੀ ਏਅਰਲਾਈਨ ਵੱਲੋਂ ਦਿੱਤੀ ਗਈ ਪੈਕਿੰਗ ਅਤੇ ਸਟੋਅਇੰਗ ਸਬੰਧੀ ਹਿਦਾਇਤਾਂ ਨੂੰ ਸਮਝਣ ਅਤੇ ਉਹਨਾਂ ਉਪਰ ਅਮਲ ਕਰਨ।
ਸਾਰੇ ਯਾਤਰੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੀਆਂ ਲਿਥੀਅਮ ਬੈਟਰੀ ਵਾਲੀਆਂ ਡਿਵਾਈਸਾਂ ਨੂੰ ਸੁਰੱਖਿਅਤ ਤਰੀਕੇ ਨਾਲ ਪੈਕ ਕਰਨ ਅਤੇ ਕੈਬਿਨ ਵਿੱਚ ਆਸਾਨੀ ਨਾਲ ਪਹੁੰਚਯੋਗ ਰੱਖਣ ਨੂੰ ਯਕੀਨੀ ਬਨਾਉਣ। ਇਸ ਤੋਂ ਇਲਾਵਾ ਜੇਕਰ ਡਿਵਾਈਸ ਕਿਸੇ ਨੁਕਸਾਨ ਜਾਂ ਖਰਾਬੀ ਦੇ ਨਿਸ਼ਾਨ ਦਿਖਾਉਂਦੀ ਹੈ, ਤਾਂ ਉਸਨੂੰ ਜਹਾਜ਼ ਵਿੱਚ ਲਿਜਾਣਾ ਨਹੀਂ ਚਾਹੀਦਾ।
ਏਅਰਲਾਈਨ ਪ੍ਰੋਸੀਜ਼ਰ ਬੈਟਰੀਆਂ ਦੀ ਅੱਗ ਨੂੰ ਕਾਬੂ ਕਰਨ ਲਈ ਡਿਜ਼ਾਈਨ ਕੀਤੇ ਗਏ ਹਨ ਤਾਂ ਜੋ ਖਤਰੇ ਨੂੰ ਘੱਟ ਕੀਤਾ ਜਾ ਸਕੇ ਅਤੇ ਬੈਟਰੀ ਦੁਬਾਰਾ ਜਲਣ ਦੀ ਸੰਭਾਵਨਾ ਘਟਾਈ ਜਾ ਸਕੇ, ਪਰ ਇਹ ਲਾਜ਼ਮੀ ਹੈ ਕਿ ਬੈਟਰੀਆਂ ਬੈਗ ਵਿੱਚ ਨਾ ਹੋਣ ਅਤੇ ਆਸਾਨੀ ਨਾਲ ਪਹੁੰਚਯੋਗ ਹੋਣ।
ਆਸਟ੍ਰੇਲੀਆਨ ਟਰਾਂਸਪੋਰਟ ਸੇਫ਼ਟੀ ਬਿਊਰੋ ਨੇ ਸਾਰੇ ਯਾਤਰੀਆਂ ਨੂੰ ਤਾਕੀਦ ਕੀਤੀ ਹੈ ਕਿ ਉਹ ਉਡਾਣ ਤੋਂ ਪਹਿਲਾਂ ਆਪਣੀ ਏਅਰਲਾਈਨ ਦੀਆਂ ਜ਼ਰੂਰਤਾਂ ਨਾਲ ਜਾਣੂ ਹੋਣ ਅਤੇ ਸਿਵਿਲ ਏਵਿਏਸ਼ਨ ਸੇਫ਼ਟੀ ਅਥਾਰਟੀ ਦੀ ‘ਪੈਕ ਰਾਈਟ’ ਵੈਬਸਾਈਟ ਚੈੱਕ ਕਰਨ, ਤਾਂ ਜੋ ਇਹ ਪੁਸ਼ਟੀ ਹੋ ਸਕੇ ਕਿ ਉਹ ਜੋ ਉਪਕਰਨ ਜਹਾਜ਼ ਵਿੱਚ ਲਿਜਾਣ ਦੀ ਯੋਜਨਾ ਬਣਾ ਰਹੇ ਹਨ, ਉਹ ਆਗਿਆਯੋਗ ਅਤੇ ਸੁਰੱਖਿਅਤ ਤਰੀਕੇ ਨਾਲ ਪੈਕ ਕੀਤੇ ਗਏ ਹਨ।”