ਆਸਟ੍ਰੇਲੀਆ ਦੀ ਫੈਡਰਲ ਸਰਕਾਰ ਹੋਰਨਾਂ ਸੂਬਿਆਂ ਦੀਆਂ ਸਰਕਾਰਾਂ ਨਾਲ ਮਿਲ ਕੇ ਆਸਟ੍ਰੇਲੀਆ ਦੇ ਵਿੱਚ ਹੋਰ ਘਰ ਬਨਾਉਣ ਅਤੇ ਪਹਿਲੀ ਵਾਰ ਘਰ ਖ੍ਰੀਦਣ ਵਾਲਿਆਂ ਨੂੰ ਘਰ ਦੀ ਮਾਲਕੀ ਦੇ ਆਪਣੇ ਸੁਪਨੇ ਨੂੰ ਪ੍ਰਾਪਤ ਕਰਨ ਵਿੱਚ ਮੱਦਦ ਕਰ ਰਹੀਆਂ ਹਨ। ਇਸ ਸਬੰਧੀ ਆਸਟ੍ਰੇਲੀਆ ਦੀ ਫੈਡਰਲ ਸਰਕਾਰ ਨੇ ਟਸਮਾਨੀਆ ਅਤੇ ਆਸਟ੍ਰੇਲੀਅਨ ਕੈਪੀਟਲ ਟੈਰੇਟਰੀ (ACT) ਸਰਕਾਰਾਂ ਨਾਲ ਸਮਝੌਤੇ ਕੀਤੇ ਹਨ।
ਆਸਟ੍ਰੇਲੀਆ ਦੀ ਹਾਊਸਿੰਗ ਮੰਤਰੀ ਕਲੇਅਰ ਓ’ਨੀਲ ਨੇ ਇਸ ਸਬੰਧੀ ਦੱਸਿਆ ਹੈ ਕਿ, “ਆਸਟ੍ਰੇਲੀਆ ਦੀ ਫੈਡਰਲ ਸਰਕਾਰ ਨੇ ਟਸਮਾਨੀਆ ਸੂਬੇ ਦੀ ਸਰਕਾਰ ਨਾਲ ਇੱਕ ਨਵਾਂ ਸਮਝੌਤਾ ਕੀਤਾ ਹੈ, ਜਿਸ ਨਾਲ ਲਗਭਗ 4,000 ਨਵੇਂ ਘਰ ਬਣਾਏ ਜਾਣਗੇ। ਇਨ੍ਹਾਂ ਵਿੱਚੋਂ ਕਰੀਬ 2,101 ਘਰ ਆਪਣਾ ਪਹਿਲਾ ਘਰ ਖ੍ਰੀਦਣ ਵਾਲਿਆਂ ਲਈ ਹੋਣਗੇ। ਇਹ ਯੋਜਨਾ ਸਰਕਾਰ ਦੇ ਵਾਅਦੇ ਦਾ ਹਿੱਸਾ ਹੈ, ਜਿਸ ਵਿੱਚ 100,000 ਪਹਿਲੇ ਘਰ ਖ੍ਰੀਦਣ ਵਾਲਿਆਂ ਦੇ ਲਈ ਨਵੇਂ ਘਰ ਬਣਾਉਣ ਦੀ ਗੱਲ ਕੀਤੀ ਗਈ ਸੀ। ਕੁੱਲ ਮਿਲਾ ਕੇ ਸਰਕਾਰ 1.2 ਮਿਲੀਅਨ ਘਰ ਬਨਾਉਣ ਦਾ ਟਾਰਗੇਟ ਰੱਖਦੀ ਹੈ।”
ਟਸਮਾਨੀਆ ਸੂਬੇ ਦੇ ਵਿੱਚ ਕਿੰਨੀ ਗ੍ਰਾਂਟ ਮਿਲਦੀ ਹੈ?
ਟਸਮਾਨੀਆ ਸੂਬੇ ਦੇ ਵਿੱਚ 2026 ਦੀ ਮੌਜੂਦਾ ਪਹਿਲਾ ਘਰ ਖ੍ਰੀਦਣ ਵਾਲੀ ਸਕੀਮ (ਫਸਟ ਹੋਮ ਓਨਰ ਗ੍ਰਾਂਟ) ਦੇ ਅਧੀਨ 30,000 ਡਾਲਰ ਤੱਕ ਗ੍ਰਾਂਟ ਮਿਲ ਸਕਦੀ ਹੈ। ਇਹ ਗ੍ਰਾਂਟ ਸਿਰਫ਼ ਨਵੇਂ ਘਰ ਖ੍ਰੀਦਣ ਜਾਂ ਨਵਾਂ ਘਰ ਬਨਾਉਣ ‘ਤੇ ਹੀ ਮਿਲਦੀ ਹੈ। ਇਸ ਤੋਂ ਪਹਿਲਾਂ 2025 ਤੱਕ ਇਹ ਗ੍ਰਾਂਟ ਲਗਭਗ 10,000 ਡਾਲਰ ਸੀ ਜੋ ਹੁਣ ਇਸ ਸਾਲ ਤੋਂ ਵਧਾ ਕੇ 30,000 ਡਾਲਰ ਕਰ ਦਿੱਤੀ ਗਈ ਗਈ। ਖਿਆਲ ਰੱਖਣ ਵਾਲੀ ਗੱਲ ਇਹ ਹੈ ਕਿ ਇਹ ਗ੍ਰਾਂਟ ਸਿਰਫ਼ ਇੱਕ ਵਾਰੀ ਦੀ ਮੱਦਦ ਲਈ ਹੀ ਹੁੰਦੀ ਹੈ ਅਤੇ ਸਿਰਫ਼ ਨਵਾਂ ਘਰ ਖ੍ਰੀਦਣ ਜਾਂ ਨਵਾਂ ਘਰ ਬਨਾਉਣ ਲਈ ਹੀ ਦਿੱਤੀ ਜਾਂਦੀ ਹੈ। ਇਸ ਸਕੀਮ ਦਾ ਲਾਭ ਉਠਾ ਕੇ ਨਵਾਂ ਘਰ ਖ੍ਰੀਦਣ ਜਾਂ ਨਵਾਂ ਘਰ ਬਣ ਜਾਣ ‘ਤੇ ਉਸ ਘਰ ਦੇ ਵਿੱਚ ਨੀਯਤ ਸਮੇਂ ਤੱਕ ਰਹਿਣਾ ਵੀ ਪੈਂਦਾ ਹੈ। ਇਸ ਸਕੀਮ ਦੇ ਯੋਗ ਹੋਣ ਦੇ ਲਈ ਤੁਹਾਨੂੰ ਪਹਿਲਾ ਘਰ ਖ੍ਰੀਦਣ ਜਾਂ ਪਹਿਲਾ ਘਰ ਬਨਾਉਣ ਵਾਲੇ ਹੋਣਾ ਚਾਹੀਦਾ ਹੈ। ਆਸਟ੍ਰੇਲੀਆ ਦਾ ਨਾਗਰਿਕ ਜਾਂ ਪਰਮਾਨੈਂਟ ਰਿਹਾਇਸ਼ੀ ਹੋਣਾ ਜ਼ਰੂਰੀ ਹੈ। ਇਸ ਲਈ ਉਮਰ 18 ਸਾਲ ਹੋਣੀ ਚਾਹੀਦੀ ਹੈ।
ਫੈਡਰਲ ਸਰਕਾਰ ਵਲੋਂ ਆਸਟ੍ਰੇਲੀਅਨ ਕੈਪੀਟਲ ਟੈਰੇਟਰੀ (ACT) ਨਾਲ ਵੀ ਸਮਝੌਤਾ
ਫੈਡਰਲ ਸਰਕਾਰ ਨੇ ਆਸਟ੍ਰੇਲੀਅਨ ਕੈਪੀਟਲ ਟੈਰੇਟਰੀ (ACT) ਸਰਕਾਰ ਨਾਲ ਵੀ ਏਸੀਟੀ ਦੇ ਵਿੱਚ ਲਗਭਗ 4,900 ਘਰਾਂ ਨੂੰ ਅਨਲੌਕ ਕਰਨ ਲਈ ਇੱਕ ਸਮਝੌਤਾ ਕੀਤਾ ਹੈ, ਜਿਸ ਵਿੱਚ ਖਾਸ ਤੌਰ ‘ਤੇ ਪਹਿਲੀ ਵਾਰ ਘਰ ਖ੍ਰੀਦਦਾਰਾਂ ਦੇ ਲਈ 1,700 ਤੋਂ ਵੱਧ ਘਰ ਸ਼ਾਮਲ ਹਨ। ਮੌਜੂਦਾ ਸਾਲ 2026 ਦੇ ਵਿੱਚ ਆਸਟ੍ਰੇਲੀਅਨ ਕੈਪੀਟਲ ਟੈਰੇਟਰੀ ਵਿੱਚ ਕੋਈ ਨਕਦ ਫਸਟ ਹੋਮ ਓਨਰ ਗ੍ਰਾਂਟ (FHOG) ਤਾਂ ਨਹੀਂ ਹੈ, ਪਰ ਇਸ ਦੀ ਬਜਾਏ, ਆਸਟ੍ਰੇਲੀਅਨ ਕੈਪੀਟਲ ਟੈਰੇਟਰੀ ਸਰਕਾਰ ਘਰ ਖ੍ਰੀਦਦਾਰ ਰਿਆਇਤ ਸਕੀਮ ਦੀ ਪੇਸ਼ਕਸ਼ ਕਰਦੀ ਹੈ, ਜੋ ਕਿ ਮਿੱਥੇ ਟੀਚੇ ਦੀ ਕੀਮਤ ਦੇ ਅੰਦਰ ਘਰ ਖ੍ਰੀਦਣ ਵਾਲੇ ਯੋਗ ਖ੍ਰੀਦਦਾਰਾਂ ਦੇ ਲਈ ਸਾਰੀ ਸਟੈਂਪ ਡਿਊਟੀ (ਸੰਭਵ ਤੌਰ ‘ਤੇ ਵਧੇਰੇ ਬੱਚਤ ਦੇ ਨਤੀਜੇ ਵਜੋਂ) ਮੁਆਫ਼ ਕਰਦੀ ਹੈ।
ਹਾਊਸਿੰਗ ਮੰਤਰੀ ਕਲੇਅਰ ਓ’ਨੀਲ ਨੇ ਇਹ ਵੀ ਦੱਸਿਆ ਕਿ, “ਮਿਡਲ-ਈਸਟ ਦੇ ਵਿੱਚ ਜੰਗ ਕਾਰਣ ਤੇਲ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਇਸ ਕਰਕੇ ਘਰ ਬਣਾਉਣ ਦਾ ਖਰਚਾ ਵੱਧ ਰਿਹਾ ਹੈ। ਇਹ ਸੈਕਟਰ ਜ਼ਿਆਦਾਤਰ ਛੋਟੀਆਂ ਕੰਪਨੀਆਂ ‘ਤੇ ਨਿਰਭਰ ਕਰਦਾ ਹੈ, ਜੋ ਘੱਟ ਮੁਨਾਫੇ ‘ਤੇ ਕੰਮ ਕਰਦੀਆਂ ਹਨ। ਇਸ ਲਈ ਖਰਚ ਵਧਣਾ ਉਨ੍ਹਾਂ ਲਈ ਮੁਸ਼ਕਲ ਬਣ ਸਕਦਾ ਹੈ। ਸਰਕਾਰ ਦੀ ਸਭ ਤੋਂ ਵੱਡਾ ਕੰਮ ਅਤੇ ਜਿੰਮੇਵਾਰੀ ਇਹ ਹੈ ਕਿ ਦੇਸ਼ ਵਿੱਚ ਈਧਣ ਜਾਂ ਬਾਲਣ ਦੀ ਸਪਲਾਈ ਠੀਕ ਬਣਾਈ ਰੱਖੀ ਜਾਵੇ ਤਾਂ ਜੋ ਘਰ ਬਣਾਉਣ ਦਾ ਕੰਮ ਪ੍ਰਭਾਵਿਤ ਨਾ ਹੋਵੇ। ਇਸ ਲਈ ਫੈਡਰਲ ਸਰਕਾਰ ਈਧਣ ਜਾਂ ਬਾਲਣ ਦੀ ਸਪਲਾਈ ਨੂੰ ਲਗਾਤਾਰ ਬਣਾਈ ਰੱਖਣ ਦੇ ਲਈ ਵੀ ਹਰ ਸੰਭਵ ਯਤਨ ਕਰ ਰਹੀ ਹੈ, ਤਾਂ ਜੋ ਦੇਸ਼ਵਾਸੀਆਂ ਨੂੰ ਮੁਸ਼ਕਲਾਂ ਦਾ ਸ੍ਹਾਮਣਾ ਨਾ ਕਰਨਾ ਪਵੇ।”