ਭਗੌੜੇ ਸਾਬਕਾ ਵਿਧਾਇਕ ਬੈਂਸ ਵਲੋਂ ਆਤਮ-ਸਮਰਪਣ: ‘ਇਹ ‘ਕਾਗਜੀ ਬਲਾਤਕਾਰ’ ਹੈ’!

ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ।

ਲੁਧਿਆਣਾ – ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੇ ਬਲਾਤਕਾਰ ਮਾਮਲੇ ‘ਚ ਸੋਮਵਾਰ ਨੂੰ ਅਦਾਲਤ ‘ਚ ਆਤਮ ਸਮਰਪਣ ਕਰ ਦਿੱਤਾ। ਅਦਾਲਤ ਨੇ ਬੈਂਸ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਸਿਆਸੀ ਰੰਜਿਸ਼ ਕਾਰਨ ਉਨ੍ਹਾਂ ਨੂੰ ਬਲਾਤਕਾਰ ਦੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਨ੍ਹਾਂ ‘ਤੇ ਇਹ ਦੋਸ਼ ‘ਕਾਗਜ਼ੀ ਬਲਾਤਕਾਰ’ ਦਾ ਹੈ। ਇਲਜ਼ਾਮ ਲਾਉਣ ਵਾਲੇ ਖੁਦ ਰੋਂਦੇ-ਰੋਂਦੇ ਸੱਚ ਦੱਸ ਦੇਣਗੇ। ਬੈਂਸ ਨੇ ਕਿਹਾ ਕਿ ਬਾਦਲ ਪਰਿਵਾਰ ਸਿਆਸੀ ਸਾਜ਼ਿਸ਼ ਰਚ ਰਿਹਾ ਹੈ, ਉਨ੍ਹਾਂ ਨੂੰ ਸਾਜ਼ਿਸ਼ ਤਹਿਤ ਫਸਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਦਾਲਤੀ ਨੂੰ ਨਿਆਂ ਪ੍ਰਣਾਲੀ ‘ਤੇ ਪੂਰਾ ਭਰੋਸਾ ਹੈ। ਸਮਰਥਕਾਂ ਦਾ ਸਾਥ ਹੀ ਮੇਰੀ ਹਿੰਮਤ ਹੈ। ਬੈਂਸ ਨੂੰ ਥਾਣਾ ਡਵੀਜ਼ਨ ਨੰਬਰ 6 ਦੇ ਥਾਣੇ ਲਿਜਾਣ ਸਮੇਂ ਸਮਰਥਕਾਂ ਨੇ ਕਚਹਿਰੀ ਚੌਕ ਵਿੱਚ ਉਨ੍ਹਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਬੈਂਸ ਦੇ ਕਰੀਬੀ ਕਾਫੀ ਸਮੇਂ ਤੋਂ ਉਨ੍ਹਾਂ ਨੂੰ ਅਦਾਲਤ ‘ਚ ਪੇਸ਼ ਹੋਣ ਲਈ ਕਹਿ ਰਹੇ ਸਨ। ਪਾਰਟੀ ਦੇ ਸੀਨੀਅਰ ਆਗੂਆਂ ਨੂੰ ਡਰ ਸੀ ਕਿ ਪਾਰਟੀ ਜ਼ਮੀਨੀ ਪੱਧਰ ’ਤੇ ਕਮਜ਼ੋਰ ਹੋ ਗਈ ਹੈ। ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਸੋਮਵਾਰ ਨੂੰ ਉਨ੍ਹਾਂ ਦੇ ਵਕੀਲ ਨੇ ਅਦਾਲਤ ‘ਚ ਬਹਿਸ ਕੀਤੀ ਅਤੇ ਉਹਨਾਂ ਨੇ ਖੁਦ ਵੀ ਬਹਿਸ ਕੀਤੀ। ਜਲਦੀ ਹੀ ਸੱਚ ਸਾਹਮਣੇ ਆ ਜਾਵੇਗਾ।

ਇਸ ਦੇ ਨਾਲ ਹੀ ਪੀੜਤ ਦੇ ਵਕੀਲ ਪਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ 5 ਦਿਨ ਦਾ ਰਿਮਾਂਡ ਮੰਗਿਆ ਸੀ ਪਰ 3 ਦਿਨ ਦਾ ਹੀ ਰਿਮਾਂਡ ਮਿਲਿਆ ਹੈ। ਇਸ ਦੌਰਾਨ ਮੁਲਜ਼ਮ ਕਿੱਥੇ ਲੁਕੇ ਹੋਏ ਸਨ, ਇਸ ਬਾਰੇ ਵੀ ਪੁੱਛਗਿੱਛ ਕੀਤੀ ਜਾਵੇਗੀ। ਜਿਨ੍ਹਾਂ ਨੇ ਦੋਸ਼ੀਆਂ ਨੂੰ ਪਨਾਹ ਦਿੱਤੀ ਸੀ, ਉਨ੍ਹਾਂ ਦੀ ਵੀ ਪੁੱਛਗਿੱਛ ਹੋਵੇਗੀ। ਇਸ ਦੇ ਨਾਲ ਹੀ ਪੁਲੀਸ ਮੁਲਜ਼ਮਾਂ ਦੇ ਪਾਸਪੋਰਟ ਵੀ ਕਬਜ਼ੇ ਵਿੱਚ ਲਵੇਗੀ, ਤਾਂ ਜੋ ਇਹ ਪਤਾ ਲੱਗ ਸਕੇ ਕਿ ਮੁਲਜ਼ਮ ਭਗੌੜਾ ਐਲਾਨੇ ਜਾਣ ਮਗਰੋਂ ਵਿਦੇਸ਼ ਤਾਂ ਨਹੀਂ ਗਿਆ ਸੀ।

ਲੁਧਿਆਣਾ ਪੁਲਿਸ ਨੇ ਬਲਾਤਕਾਰ ਮਾਮਲੇ ਦੇ ਮੁਲਜ਼ਮ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਦਾ 3 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਭਗੌੜੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਬੈਂਸ ਅਤੇ ਚਾਰ ਹੋਰ ਮੁਲਜ਼ਮਾਂ ਪਰਮਜੀਤ ਸਿੰਘ ਪੰਮਾ, ਪ੍ਰਦੀਪ ਸ਼ਰਮਾ ਗੋਗੀ, ਬਲਜਿੰਦਰ ਕੌਰ ਅਤੇ ਜਸਬੀਰ ਕੌਰ ਉਰਫ਼ ਭਾਬੀ ਨੇ ਸੋਮਵਾਰ ਸਵੇਰੇ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ। ਇਸ ਤੋਂ ਬਾਅਦ ਪੁਲਿਸ ਨੇ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕੀਤਾ ਅਤੇ ਅਦਾਲਤ ਨੇ ਸਾਰਿਆਂ ਨੂੰ 3 ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ। ਸਾਬਕਾ ਵਿਧਾਇਕ ਸਿਮਰਜੀਤ ਬੈਂਸ ਦਾ ਭਰਾ ਕਰਮਜੀਤ ਸਿੰਘ ਅਤੇ ਪੀਏ ਸੁਖਚੈਨ ਸਿੰਘ ਪਹਿਲਾਂ ਹੀ ਪੁਲਿਸ ਹਿਰਾਸਤ ਵਿੱਚ ਹਨ।

ਕੱਲ੍ਹ ਸਵੇਰੇ 10:30 ਵਜੇ ਸਿਮਰਜੀਤ ਸਿੰਘ ਬੈਂਸ ਵੀ ਜ਼ਿਲ੍ਹਾ ਅਦਾਲਤ ਵਿੱਚ ਪਿਛਲੇ ਰਸਤੇ ਰਾਹੀਂ ਅਦਾਲਤ ਵਿੱਚ ਦਾਖ਼ਲ ਹੋਏ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਸਮਰਥਕ ਸੰਨੀ ਕੈਂਥ ਆਦਿ ਹਾਜ਼ਰ ਸਨ। ਬੈਂਸ ਨੇ ਮੂੰਹ ‘ਤੇ ਕੱਪੜਾ ਬੰਨਿ੍ਹਆ ਹੋਇਆ ਸੀ। ਜੱਜ ਸਾਹਿਬ ਕੋਲ ਜਾ ਕੇ ਬੈਂਸ ਨੇ ਮੂੰਹ ਤੋਂ ਕੱਪੜਾ ਲਾਹ ਲਿਆ। ਬੈਂਸ ਦੀ ਜ਼ਮਾਨਤ ਅਰਜ਼ੀ ਲੁਧਿਆਣਾ ਜ਼ਿਲ੍ਹਾ ਅਦਾਲਤ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਖਾਰਜ ਕਰ ਦਿੱਤੀ ਸੀ। ਬੈਂਸ ਨੂੰ ਸੁਪਰੀਮ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ, ਜਿਸ ਤੋਂ ਬਾਅਦ ਬੈਂਸ ਕੋਲ ਬਚਣ ਜਾਂ ਆਤਮ ਸਮਰਪਣ ਕਰਨ ਦੇ ਦੋ ਹੀ ਰਸਤੇ ਬਚੇ ਸਨ। ਹੁਣ ਲੁਧਿਆਣਾ ਪੁਲਿਸ ਨੇ ਬੈਂਸ ਦਾ ਰਿਮਾਂਡ ਲੈ ਲਿਆ ਹੈ। 3 ਦਿਨਾਂ ਦੇ ਸਮੇਂ ਦੌਰਾਨ ਬਲਾਤਕਾਰ ਦੇ ਮਾਮਲੇ ‘ਚ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾਵੇਗੀ।

ਵਰਨਣਯੋਗ ਹੈ ਕਿ 16 ਨਵੰਬਰ 2020 ਨੂੰ ਇੱਕ ਔਰਤ ਨੇ ਵਿਧਾਇਕ ਸਿਮਰਜੀਤ ਸਿੰਘ ਬੈਂਸ, ਕਮਲਜੀਤ ਸਿੰਘ, ਬਲਜਿੰਦਰ ਕੌਰ, ਜਸਬੀਰ ਕੌਰ ਉਰਫ ਭਾਬੀ, ਸੁਖਚੈਨ ਸਿੰਘ, ਪਰਮਜੀਤ ਸਿੰਘ ਉਰਫ ਪੰਮਾ ਅਤੇ ਗੋਗੀ ਸ਼ਰਮਾ ਖਿਲਾਫ ਪੁਲਸ ਕਮਿਸ਼ਨਰ ਨੂੰ ਬਲਾਤਕਾਰ ਦੀ ਸ਼ਿਕਾਇਤ ਦਿੱਤੀ ਸੀ। ਉਸ ਨੇ ਦੋਸ਼ ਲਾਇਆ ਕਿ ਵਿਧਾਇਕ ਬੈਂਸ ਨੇ ਘਰ ਦੇ ਪੈਸਿਆਂ ਦਾ ਲੈਣ-ਦੇਣ ਕਰਨ ਬਦਲੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ। ਜਦੋਂ ਪੁਲਸ ਨੇ ਪੀੜਤਾ ਦੀ ਸ਼ਿਕਾਇਤ ‘ਤੇ ਕੋਈ ਕਾਰਵਾਈ ਨਾ ਕੀਤੀ ਅਤੇ ਜਾਂਚ ਦੇ ਨਾਂ ‘ਤੇ ਮਾਮਲਾ ਲਟਕਾਇਆ ਤਾਂ ਪੀੜਤ ਔਰਤ ਨੇ ਅਦਾਲਤ ਦੀ ਸ਼ਰਨ ਲਈ। ਵਿਧਾਇਕ ਸਿਮਰਜੀਤ ਸਿੰਘ ਬੈਂਸ ‘ਤੇ ਦੋਸ਼ ਲਗਾਉਣ ਵਾਲੀ ਔਰਤ ਪਿਛਲੇ ਇਕ ਸਾਲ ਤੋਂ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨੇ ‘ਤੇ ਬੈਠੀ ਰਹੀ। ਪਹਿਲਾਂ ਉਹ ਵਿਧਾਇਕ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਨ ਅਤੇ ਹੁਣ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੀ ਸੀ। ਉਸਨੇ ਇੱਕ ਸਾਲ ਪਹਿਲਾਂ ਸ਼ਿਕਾਇਤ ਕੀਤੀ ਸੀ, ਪੁਲਿਸ ਨੇ ਨਹੀਂ ਸੁਣੀ, ਇਸ ਲਈ ਉਸਨੇ ਅਦਾਲਤ ਤੱਕ ਪਹੁੰਚ ਕੀਤੀ। 7 ਜੁਲਾਈ 2021 ਨੂੰ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਹਰਸਿਮਰਨਜੀਤ ਸਿੰਘ ਦੀ ਅਦਾਲਤ ਨੇ ਥਾਣਾ ਡਵੀਜ਼ਨ ਨੰਬਰ 6 ਨੂੰ ਐਫਆਈਆਰ ਦਰਜ ਕਰਨ ਦਾ ਹੁਕਮ ਦਿੱਤਾ। ਵਿਧਾਇਕ ਬੈਂਸ ਨੇ ਇਨ੍ਹਾਂ ਹੁਕਮਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਪਰ ਹਾਈ ਕੋਰਟ ਨੇ ਉਨ੍ਹਾਂ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ ਅਤੇ ਉਨ੍ਹਾਂ ਖ਼ਿਲਾਫ਼ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਬੈਂਸ ਖਿਲਾਫ 10 ਜੁਲਾਈ 2021 ਨੂੰ ਬਲਾਤਕਾਰ ਦਾ ਕੇਸ ਦਰਜ ਕੀਤਾ ਗਿਆ ਸੀ ਪਰ ਬੈਂਸ ਅਦਾਲਤ ਦੀ ਪੇਸ਼ੀ ‘ਤੇ ਹਾਜ਼ਰ ਨਹੀਂ ਹੋਏ। ਇਸ ਲਈ ਲੁਧਿਆਣਾ ਦੀ ਅਦਾਲਤ ਨੇ ਬੈਂਸ ਅਤੇ ਉਸ ਦੇ ਸਾਥੀਆਂ ਪਰਮਜੀਤ ਸਿੰਘ ਬੈਂਸ, ਪ੍ਰਦੀਪ ਕੁਮਾਰ ਗੋਗੀ, ਬਲਜਿੰਦਰ ਕੌਰ ਅਤੇ ਜਸਬੀਰ ਕੌਰ ਨੂੰ ਭਗੌੜਾ ਐਲਾਨ ਦਿੱਤਾ ਸੀ ਅਤੇ ਪੁਲੀਸ ਨੇ ਸ਼ਹਿਰ ਵਿੱਚ ਇਹਨਾਂ ਦੇ ਭਗੌੜੇ ਹੋਣ ਦੇ ਪੋਸਟਰ ਵੀ ਲਾਏ ਹੋਏ ਸਨ। ਲੁਧਿਆਣਾ ਪੁਲਿਸ ਬੈਂਸ ਨੂੰ ਫੜਨ ਵਿੱਚ ਅਸਮਰਥ ਸਾਬਤ ਹੋਈ। ਭਗੌੜਾ ਐਲਾਨੇ ਜਾਣ ਤੋਂ ਬਾਅਦ ਵੀ ਬੈਂਸ ਸੋਸ਼ਲ ਮੀਡੀਆ ‘ਤੇ ਲਗਾਤਾਰ ਸਰਗਰਮ ਸਨ। ਸੂਤਰ ਇਹ ਵੀ ਦੱਸਦੇ ਹਨ ਕਿ ਕਿਤੇ ਨਾ ਕਿਤੇ ਪੁਲਿਸ ‘ਤੇ ਸਿਆਸੀ ਦਬਾਅ ਵੀ ਰਿਹਾ ਹੈ, ਜਿਸ ਕਾਰਨ ਪੁਲਿਸ ਬੈਂਸ ‘ਤੇ ਹੱਥ ਪਾਉਣ ਤੋਂ ਕੰਨੀ ਕਤਰਾਉਂਦੀ ਸੀ। ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੇ ਬਲਾਤਕਾਰ ਮਾਮਲੇ ‘ਚ ਸੋਮਵਾਰ ਨੂੰ ਅਦਾਲਤ ‘ਚ ਆਤਮ ਸਮਰਪਣ ਕਰ ਦਿੱਤਾ। ਬੈਂਸ ਦੇ ਭਰਾ ਕਰਮਜੀਤ ਬੈਂਸ ਨੂੰ ਪੁਲਿਸ ਨੇ 2 ਜੁਲਾਈ ਨੂੰ ਉਸ ਦੀ ਫੈਕਟਰੀ ਤੋਂ ਫੜਿਆ ਸੀ ਜਦਕਿ ਦੂਜੇ ਮੁਲਜ਼ਮ ਪੀਏ ਸੁਖਚੈਨ ਸਿੰਘ ਨੂੰ ਮਲੇਰਕੋਟਲਾ ਤੋਂ ਫੜਿਆ ਗਿਆ ਸੀ।

Related posts

ਸੁਪਰੀਮ ਕੋਰਟ ਰਾਜੋਆਣਾ ਦੀ ਪਟੀਸ਼ਨ ’ਤੇ 18 ਮਾਰਚ ਨੂੰ ਸੁਣਵਾਈ ਕਰੇਗੀ

ਕੈਦੀਆਂ ਵਲੋਂ ਜੇਲ੍ਹਾਂ ’ਚੋਂ ਉਡਾਰੀ ਮਾਰਨ ਵਾਲਿਆਂ ’ਚੋਂ ਪੰਜਾਬ ਮੋਹਰੀ

ਸਰਕਾਰੀ ਸਮਾਗਮ ਨੂੰ ਰਾਜਨੀਤਕ ਰੈਲੀ ਵਜੋਂ ਵਰਤਣ ‘ਤੇ ਰੰਧਾਵਾ ਵਲੋਂ ਪ੍ਰਧਾਨ ਮੰਤਰੀ ਨੂੰ ਸਿ਼ਕਾਇਤ