ਕੇਵਲ ਸਿੰਘ ਢਿੱਲੋਂ ਰਾਹੀਂ ਭਾਜਪਾ ਵਲੋਂ ਪੰਜਾਬ ਦੀ ਸੱਤਾ ਸੰਭਾਲਣ ਦੀ ਤਿਆਰੀ ?

ਕੇਵਲ ਸਿੰਘ ਢਿੱਲੋਂ, ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ।

 

ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਭਾਰਤੀ ਜਨਤਾ ਪਾਰਟੀ ਦੀਆਂ ਨਜ਼ਰਾਂ ਹੁਣ ਪੰਜਾਬ ਦੀ ਸੱਤਾ ਉਪਰ ਕਾਬਜ਼ ਹੋਣ ਦੀਆਂ ਹਨ। ਇਸ ਮੰਜ਼ਿਲ ਨੂੰ ਹਾਸਲ ਕਰਨ ਦੇ ਲਈ ਭਾਜਪਾ ਦੀ ਹਾਈਕਮਾਂਡ ਦੇ ਵਲੋਂ ਪਿਛਲੇ ਲੰਬੇ ਸਮੇਂ ਤੋਂ ਰਣਨੀਤੀਆਂ ਬਣਾਈਆ ਜਾ ਰਹੀਆਂ ਹਨ। ਇੱਕ ਹੰਢੇ ਹੋਏ ਸਿਆਸਤਦਾਨ ਅਤੇ ਸਫ਼ਲ ਕਾਰੋਬਾਰੀ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਉਣਾ, ਭਾਰਤੀ ਜਨਤਾ ਪਾਰਟੀ ਦੀ ਇਸੇ ਰਣਨੀਤੀ ਦਾ ਹੀ ਇੱਕ ਹਿੱਸਾ ਹੈ।

ਭਾਜਪਾ ਦੀ ਅੱਖ ਪੰਜਾਬ ਵਿਧਾਨ ਸਭਾ ਦੀਆਂ ਅਗਲੇ ਸਾਲ ਹੋਣ ਜਾ ਰਹੀਆਂ ਚੋਣਾਂ ਉਪਰ ਹੈ। ਪੰਜਾਬ ਦੀ ਸੱਤਾ ਸੰਭਾਲਣ ਦੇ ਲਈ ਮਾਲਵਾ ਜਿੱਤਣਾ ਬਹੁਤ ਜਰੂਰੀ ਹੈ ਕਿਉਂਕਿ ਮਾਲਵੇ ਦੇ ਵਿੱਚ ਪੰਜਾਬ ਵਿਧਾਨ ਸਭਾਂ ਦੀਆਂ ਸਭ ਤੋਂ ਵੱਧ 69 ਵਿਧਾਨ ਸਭਾ ਸੀਟਾਂ ਹਨ। ਆਮ ਆਦਮੀ ਪਾਰਟੀ ਦਾ ਸਭ ਤੋਂ ਵੱਡਾ ਆਧਾਰ ਮਾਲਵੇ ਵਿੱਚ ਹੀ ਹੈ ਅਤੇ ਆਮ ਆਦਮੀ ਪਾਰਟੀ ਦੇ ਗੜ੍ਹ ਵਿੱਚ ਸੰਨ੍ਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਜਪਾ ਵਲੋਂ ਮਾਲਵੇ ਦੀਆਂ ਵੱਧ ਤੋਂ ਵੱਧ ਵਿਧਾਨ ਸਭਾ ਸੀਟਾਂ ਜਿੱਤਣ ਦੇ ਲਈ ਗਿਣਤੀਆਂ-ਮਿਣਤੀਆਂ ਕੀਤੀ ਜਾ ਰਹੀਆਂ ਹਨ। ਹੁਣ ਭਾਜਪਾ ਨੇ ‘ਆਪ’ ਦੇ ਸਿਆਸੀ ਗੜ੍ਹ ਦੇ ਵਿੱਚ ਬਰਨਾਲਾ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਪ੍ਰਧਾਨਗੀ ਦੀ ਕਮਾਨ ਦਿੱਤੀ ਹੈ। ਅਕਾਲੀ ਦਲ ਨਾਲੋਂ ਤੋੜ-ਵਿਛੋੜਾ ਕਰਨ ਤੋਂ ਬਾਅਦ ਭਾਜਪਾ ਨੇ ਸਿਆਸੀ ਖ਼ਲਾਅ ਦੀ ਭਰਪਾਈ ਲਈ ਕੇਵਲ ਸਿੰਘ ਢਿੱਲੋਂ ਨੂੰ ਜ਼ਿੰਮੇਵਾਰੀ ਸੌਂਪੀ ਹੈ ਅਤੇ ਬਰਨਾਲਾ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਨਵਾਂ ਪ੍ਰਧਾਨ ਬਣਾਇਆ ਹੈ। ਭਾਜਪਾ ਹਾਈਕਮਾਂਡ ਨੂੰ ਉਮੀਦਾਂ ਹਨ ਕਿ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਭਾਜਪਾ 2027 ਦੀਆਂ ਵਿਧਾਨ ਸਭਾ ਚੋਣਾਂ ਪੂਰੇ ਜ਼ੋਰ-ਸ਼ੋਰ ਨਾਲ ਲੜੇਗੀ ਅਤੇ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਏਗੀ।

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਦੇ ਅਹੁਦੇ ਦੇ ਲਈ ਪਾਰਟੀ ਵਲੋਂ ਇੱਕ ਸਿੱਖ ਚਿਹਰੇ ਦੀ ਵੀ ਭਾਲ ਕੀਤੀ ਜਾ ਰਹੀ ਸੀ। ਭਾਜਪਾ ਹਾਈਕਮਾਨ ‘ਚ ਪੰਜਾਬ ਦੀ ਨੁਮਾਇੰਦਗੀ ਕਰਦੇ ਸੀਨੀਅਰ ਲੀਡਰ ਤੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਵੀ 2027 ਚੋਣਾਂ ਦੇ ਮੱਦੇਨਜ਼ਰ ਸਿੱਖ ਆਗੂ ਦੀ ਵਕਾਲਤ ਕਰ ਰਹੇ ਸਨ, ਭਾਵੇਂ ਕਿ ਭਾਜਪਾ ਹਮੇਸ਼ਾ ਹਿੰਦੂ ਸਮਰਥਕ ਰਹੀ ਹੈ। ਇਸਤੋਂ ਪਹਿਲਾਂ ਭਾਜਪਾ ਹਾਈਕਮਾਂਡ ਵੱਲੋਂ ਹੋਰ ਜਿਹੜੇ ਸਿੱਖ ਚਿਹਰਿਆਂ ‘ਤੇ ਚਰਚਾ ਕੀਤੀ ਜਾ ਰਹੀ ਸੀ, ਉਨ੍ਹਾਂ ਵਿੱਚ ਪ੍ਰਮੁੱਖ ਮਨਜੀਤ ਸਿੰਘ ਰਾਏ, ਜਗਮੋਹਨ ਰਾਜੂ ਅਤੇ ਰਵਨੀਤ ਬਿੱਟੂ ਤੋਂ ਇਲਾਵਾ ਮਨਪ੍ਰੀਤ ਸਿੰਘ ਬਾਦਲ ਵੀ ਸ਼ਾਮਲ ਸਨ ਪਰ ਅਖੀਰ ਕੇਵਲ ਸਿੰਘ ਢਿੱਲੋਂ ਦੇ ਨਾਮ ‘ਤੇ ਮੋਹਰ ਲਾਈ ਗਈ।

16 ਮਈ 1950 ਨੂੰ ਕੇਵਲ ਸਿੰਘ ਢਿੱਲੋਂ ਦਾ ਜਨਮ ਬਰਨਾਲਾ ਦੇ ਟੱਲੇਵਾਲ ਪਿੰਡ ਵਿੱਚ ਹੋਇਆ ਸੀ। ਕੇਵਲ ਸਿੰਘ ਢਿੱਲੋਂ ਇੱਕ ਸਫਲ ਉਦਯੋਗਪਤੀ ਹਨ। ਉਹ ਢਿੱਲੋਂ ਗਰੁੱਪ ਦੇ ਮੁਖੀ ਹਨ ਜਿਸ ਦਾ ਪੰਜਾਬ ਅਤੇ ਉੱਤਰੀ ਭਾਰਤ ਵਿੱਚ ਵੱਡਾ ਕਾਰੋਬਾਰ ਹੈ। ਕੇਵਲ ਸਿੰਘ ਢਿੱਲੋਂ ਪੈਪਸੀਕੋ ਦੇ ਵੱਡੇ ਬੌਟਲਰਜ਼ ਵਿੱਚੋਂ ਇੱਕ ਰਹੇ ਹਨ। ਉਨ੍ਹਾਂ ਨੂੰ ਕਾਰੋਬਾਰੀ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਲਈ ‘ਡੋਨਾਲਡ ਐਮ ਕੇਂਡਲ ਬੌਟਲਰ ਆਫ ਦੀ ਈਅਰ’ ਵਰਗੇ ਵੱਕਾਰੀ ਐਵਾਰਡ ਨਾਲ ਵੀ ਨਿਵਾਜਿਆ ਜਾ ਚੁੱਕਾ ਹੈ। ਢਿੱਲੋਂ ਗਰੁੱਪ ਰੀਅਲ ਅਸਟੇਟ, ਮਲਟੀਪਲੈਕਸ ਅਤੇ ਹੋਰ ਕਈ ਵਪਾਰਕ ਖੇਤਰਾਂ ਵਿੱਚ ਸਰਗਰਮ ਹੈ। ਕੇਵਲ ਸਿੰਘ ਢਿੱਲੋਂ ਨੇ 2006 ਵਿੱਚ ਆਪਣਾ ਸਿਆਸੀ ਕਰੀਅਰ ਕਾਂਗਰਸ ਪਾਰਟੀ ਤੋਂ ਸ਼ੁਰੂ ਕੀਤਾ ਸੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਉਨ੍ਹਾਂ 2006 ਵਿੱਚ ਬਰਨਾਲਾ ਨੂੰ ਜ਼ਿਲ੍ਹਾ ਬਣਵਾਇਆ ਅਤੇ ਬਾਅਦ ਵਿੱਚ ਬਰਨਾਲਾ ਦੀ ਰਾਜਨੀਤੀ ਵਿੱਚ ਸਰਗਰਮ ਹੋ ਗਏ। ਜਿਸ ਤੋਂ ਬਾਅਦ 2007 ਵਿੱਚ ਉਹਨਾਂ ਨੂੰ ਕਾਂਗਰਸ ਨੇ ਬਤੌਰ ਕਾਂਗਰਸੀ ਉਮੀਦਵਾਰ ਬਰਨਾਲਾ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਅਤੇ ਉਹਨਾਂ ਇੱਕੇ 33 ਸਾਲਾਂ ਦਾ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਤੋੜਿਆ। ਉਨ੍ਹਾਂ ਨੇ 2007 ਤੋਂ 2017 ਤੱਕ ਬਰਨਾਲਾ ਤੋਂ ਵਿਧਾਇਕ ਵਜੋਂ ਸੇਵਾ ਨਿਭਾਈ ਜਦੋਂ ਉਨ੍ਹਾਂ ਨੂੰ ‘ਆਪ’ ਦੇ ਗੁਰਮੀਤ ਸਿੰਘ ਮੀਤ ਹੇਅਰ ਨੇ ਹਰਾਇਆ ਸੀ। 2022 ਦੀ ਚੋਣ ਦੌਰਾਨ ਕਾਂਗਰਸ ਪਾਰਟੀ ਨੇ ਕੇਵਲ ਢਿੱਲੋਂ ਨੂੰ ਵਿਧਾਨ ਸਭਾ ਦੀ ਟਿਕਟ ਨਹੀਂ ਦਿੱਤੀ। ਉਹਨਾਂ ਦੀ ਥਾਂ ਕੇਂਦਰੀ ਰੇਲ ਮੰਤਰੀ ਪਵਨ ਬਾਂਸਲ ਦੇ ਪੁੱਤਰ ਮਨੀਸ਼ ਬਾਂਸਲ ਨੂੰ ਕਾਂਗਰਸੀ ਉਮੀਦਵਾਰ ਬਣਾਇਆ ਗਿਆ। ਇਹ ਉਹ ਵੇਲਾ ਸੀ ਜਦੋਂ ਭਦੌੜ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਚੋਣ ਲੜਨ ਆਏ ਸਨ। ਢਿੱਲੋਂ ਦੀ ਟਿਕਟ ਕੱਟੇ ਜਾਣ ਤੋਂ ਬਾਅਦ ਚੰਨੀ ਅਤੇ ਪਵਨ ਬਾਂਸਲ ਉਹਨਾਂ ਨੂੰ ਮਨਾੳਣ ਘਰ ਵੀ ਗਏ ਪਰ ਢਿੱਲੋਂ ਟਿਕਟ ਕੱਟੇ ਜਾਣ ਕਾਰਨ ਆਪਣੇ ਘਰ ਬੈਠ ਗਏ। ਜਿਸਤੋਂ ਬਾਅਦ ਕਾਂਗਰਸ ਪਾਰਟੀ ਨੇ ਉਹਨਾਂ ਉਪਰ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਦੋਸ਼ ਲਗਾ ਕੇ ਕਾਂਗਰਸ ਵਿੱਚੋਂ ਕੱਢ ਦਿੱਤਾ। 71 ਸਾਲ ਦੀ ਉਮਰ ਦੇ ਬਾਵਜੂਦ ਕੇਵਲ ਢਿੱਲੋਂ ਨੇ ਕਾਂਗਰਸ ਪਾਰਟੀ ਵਿੱਚੋਂ ਕੱਢੇ ਜਾਣ ‘ਤੇ ਹਾਰ ਨਹੀਂ ਮੰਨੀ ਅਤੇ ਉਹਨਾਂ 2022 ਵਿੱਚ ਭਾਜਪਾ ਵਲੋਂ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ। ਉਹ ਪੰਜਾਬ ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੀ ਹਾਰ ਤੋਂ ਬਾਅਦ ਕਈ ਹੋਰ ਕਾਂਗਰਸੀ ਨੇਤਾਵਾਂ ਦੇ ਨਾਲ ਜੂਨ 2022 ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ। ਭਾਜਪਾ ਵੱਲੋਂ ਢਿੱਲੋਂ ਨੂੰ ਪੰਜਾਬ ਭਾਜਪਾ ਇਕਾਈ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਕੇਵਲ ਸਿੰਘ ਢਿੱਲੋਂ ਪੰਜਾਬ ਦੇ ਸਾਬਕਾ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਰਹੇ ਹਨ, ਜੋ ਕਿ ਖੁਦ ਵੀ ਭਾਜਪਾ ਵਿੱਚ ਸ਼ਾਮਲ ਹੋਏ ਅਤੇ ਇੱਕ ਤਜ਼ਰਬੇਕਾਰ ਸਿਆਸਤਦਾਨ ਹਨ।

ਪੰਜਾਬ ਭਾਜਪਾ ਦਾ ਪ੍ਰਧਾਨ ਬਣਨ ਤੋਂ ਬਾਅਦ ਕੇਵਲ ਸਿੰਘ ਢਿੱਲੋਂ ਨੇ ਕਿਹਾ ਹੈ ਕਿ, “ਮੈਨੂੰ ਵੀ ਹੁਣੇ ਹੀ ਪਤਾ ਲੱਗਿਆ ਹੈ ਕਿ ਪਾਰਟੀ ਨੇ ਮੈਨੂੰ ਇਹ ਜਿੰਮੇਵਾਰੀ ਸੌਂਪੀ ਹੈ। ਮੈਂ ਪਾਰਟੀ ਵੱਲੋਂ ਸੌਂਪੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗਾ। ਭਾਜਪਾ ਦੀ 2027 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੂਰੀ ਤਿਆਰੀ ਹੈ ਅਤੇ ਪੰਜਾਬ ‘ਚ ਕਮਲ ਖਿੜੇਗਾ ਕਿਉਂਕਿ ਹੁਣ ਬੰਗਾਲ ਦੀ ਤਰ੍ਹਾਂ ਪੰਜਾਬ ਦੀ ਵਾਰੀ ਹੈ।”

Related posts

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੇ ਰਜਿਸਟਰਾਰ ਨੂੰ ਸਜ਼ਾ

ਸੱਤਾ ਦੇ ਨਸ਼ੇ ਵਿੱਚ ਘੂਕ ਸੁੱਤੀ ਪੰਜਾਬ ਸਰਕਾਰ ਨੂੰ ਐਨਪੀਐਸ ਮੁਲਾਜ਼ਮਾਂ ਨੇ ਬੀਨ ਵਜਾ ਜਗਾਇਆ

ਕੀ ਪੰਜਾਬ ਸਿਆਸੀ ਖਿਲਾਅ ਵਿੱਚੋਂ ਨਿਕਲ ਸਕੇਗਾ ?