ਪੰਜਾਬੀ ਸਿਨਮੇ ‘ਚ ਨਵਾਂ ਇਤਿਹਾਸ ਸਿਰਜੇਗੀ ‘ਕਿਸਮਤ-2’

ਲੇਖਕ: ਸੁਰਜੀਤ ਜੱਸਲ

ਕਾਮੇਡੀ ਤੇ ਵਿਆਹ ਕਲਚਰ ਦੇ ਸਿਨੇਮਾ ਯੁੱਗ ਵਿੱਚ 2018 ਵਿਚ ਰਿਲੀਜ਼ ਹੋਈ ਪਿਆਰ ਤੇ ਭਾਵੁਕਤਾ ਨਾਲ ਦਿਲਾਂ ਨੂੰ ਛੂਹਣ ਵਾਲੀ ਫ਼ਿਲਮ ‘ਕਿਸਮਤ’ ਨੇ ਸਫ਼ਲਤਾ ਦਾ ਐਸਾ ਇਤਿਹਾਸ ਰਚਿਆ ਕਿ ਪੰਜਾਬੀ ਸਿਨਮੇ ਨੇ ਇੱਕ ਨਵਾਂ ਮੋੜ ਲਿਆ। 2018 ਦੀ ਬਲਾਕਬਾਸਟਰ ਇਸ ਫ਼ਿਲਮ ਦੇ ਨਿਰਮਾਤਾ ਸ਼੍ਰੀ ਨਰੋਤਮ ਜੀ ਫ਼ਿਲਮਜ਼ ਵਾਲੇ ਅਕਿੰਤ ਵਿਜ਼ਨ ਅਤੇ ਨਵਦੀਪ ਨਰੂਲਾ ਨੇ ਇਸ ਫ਼ਿਲਮ ਨੂੰ ਜਿੱਥੇ ਪਿਆਰ ਦੀ ਚਾਸ਼ਨੀ ‘ਚ ਭਿੱਜੀ ਕਹਾਣੀ, ਦਿਲਾਂ ਨੂੰ ਛੂਹਣ ਵਾਲਾ ਸੰਗੀਤ ਤੇ ਭਾਵੁਕਤਾ ਭਰੇ ਡਾਇਲਾਗ ਦੀ ਪੁੱਠ ਚਾੜ੍ਹੀ, ਉਥੇ ਇਸ ਨੂੰ ਸਫ਼ਲ ਬਣਾਉਣ ਲਈ ਮਹਿੰਗੀ ਤਕਨੀਕ ਤੇ ਮਾਹਿਰ ਕਲਾਕਾਰਾਂ ਦਾ ਸਹਿਯੋਗ ਲਿਆ। ਇਸ ਫ਼ਿਲਮ ਨਾਲ ਐਮੀ ਵਿਰਕ ਜਿੱਥੇ ਲੀਕ ਤੋਂ ਹਟਵੇਂ ਕਿਰਦਾਰ ‘ਚ ਨਜ਼ਰ ਆਇਆ ਉੱਥੇ ‘ਅੰਗਰੇਜ਼’ ਫ਼ਿਲਮ ਵਾਲੀ ‘ਧੰਨ ਕੁਰ’ (ਸਰਗੁਣ ਮਹਿਤਾ) ਇਸ ਫ਼ਿਲਮ ਵਿਚਲੇ ‘ਬਾਨੀ’ ਦੇ ਕਿਰਦਾਰ ਨਾਲ ਸਫ਼ਲਤਾ ਦੇ ਸਿਖਰਲੇ ਟੰਬੇ ਜਾ ਬੈਠੀ। ਉਸਦੀ ਅਦਾਕਾਰੀ ਦੇ ਕਈ ਰੰਗ ਇਸ ਫ਼ਿਲਮ ਰਾਹੀਂ ਵੇਖਣ ਨੂੰ ਮਿਲੇ।
ਸਫ਼ਲਤਾ ਦਾ ਪਰਚਮ ਲਹਿਰਾਉਣ ਵਾਲੀ ਇਸ ਫ਼ਿਲਮ ਦਾ ਰਿਕਾਰਡ ਕਿਸੇ ਹੋਰ ਫ਼ਿਲਮ ਦੇ ਹਿੱਸੇ ਨਾ ਆਇਆ। ਜ਼ਿਕਰਯੋਗ ਹੈ ਕਿ ਇਸ ਫ਼ਿਲਮ ਦੀ ਨਿਰਮਾਤਾ ਜੋੜੀ ਅੰਕਿਤ ਵਿਜ਼ਨ ਅਤੇ ਨਵਦੀਪ ਨਰੂਲਾ ਹੁਣ ਇਸ ਫ਼ਿਲਮ ਦਾ ਸੀਕੁਅਲ ‘ਕਿਸਮਤ-2’ ਨਾਲ ਮੁੜ ਹਾਜ਼ਿਰ ਹੋ ਰਹੇ ਹਨ। 24 ਸਤੰਬਰ 2021 ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦਾ ਪਹਿਲਾ ਪੋਸਟਰ ਕੁਝ ਦਿਨ ਪਹਿਲਾਂ ਰਿਲੀਜ਼ ਹੋਇਆ ਹੈ। ਜਿਸ ਪ੍ਰਤੀ ਦਰਸ਼ਕਾਂ ਦਾ ਵੱਡਾ ਉਤਸ਼ਾਹ ਨਜ਼ਰ ਆਇਆ ਹੈ। ਇਸ ਜੋੜੀ ਦਾ ਇਹ ਵੱਡਾ ਉਪਰਾਲਾ ਹੈ ਕਿ ‘ਕਿਸਮਤ 2’ ਨੂੰ ਪਹਿਲੀ ਫ਼ਿਲਮ ਨਾਲੋਂ ਦੋ ਕਦਮ ਅੱਗੇ ਹੋ ਕੇ ਬਣਾਇਆ ਹੈ ਕਿ ਦਰਸ਼ਕਾਂ ਦੇ ਦਿਲਾਂ ‘ਚ ਇਹ ਦੋਵੇਂ ਫ਼ਿਲਮਾਂ ਇੰਝ ਵਸ ਜਾਣ ਕਿ ਇੱਕ ਮੁਕੰਮਲ ਕਹਾਣੀ ਮਹਿਸੂਸ ਹੋਵੇ। ਅੰਕਿਤ ਵਿਜ਼ਨ ਦੇ ਅਨੁਸਾਰ ਪੂਰੀ ਦੁਨੀਆਂ ‘ਚ ਵਸਦੇ ਦਰਸ਼ਕਾਂ ਨੇ ‘ਕਿਸਮਤ’ ਨੂੰ ਜਿਹੜਾ ਪਿਆਰ ਦਿੱਤਾ ਯਕੀਨਣ ਇਸ ਜਬਰਦਸ਼ਤ ਫ਼ਿਲਮ ਦਾ ਸੀਕੁਅਲ ਬਣਾਉਣਾ ਚਣੋਤੀ-ਭਰਿਆ ਤਜੱਰਬਾ ਰਿਹਾ। ਫੇਰ ਵੀ ਸਾਡੀ ਕੋਸ਼ਿਸ਼ ਰਹੀ ਕਿ ਦਰਸ਼ਕਾਂ ਦੇ ਮਨੋਰੰਜਨ ਨੂੰ ਹੋਰ ਬੇਹੱਤਰ ਬਣਾਇਆ ਜਾਵੇ।
ਨਵਦੀਪ ਨਰੂਲਾ ਦੇ ਮੁਤਾਬਕ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਰੁਮਾਂਟਿਕ ਜੋੜੀ ਵਾਲੀ ‘ਕਿਸਮਤ 2’ ਇੱਕ ਨਵਾਂ ਇਤਿਹਾਸ ਬਣਾਵੇਗੀ ਤੇ ਪਹਿਲੀ ਫ਼ਿਲਮ ਵਾਂਗ ਵੱਡੀ ਸਫ਼ਲਤਾ ਨੂੰ ਪੰਜਾਬੀ ਸਿਨਮੇ ਦੇ ਇਤਿਹਾਸ ਵਿੱਚ ਦਰਜ਼ ਕਰਵਾਏਗੀ। ਸਾਡੀ ਟੀਮ ਨੇ ਇਸ ਫ਼ਿਲਮ ਨੂੰ ਮਹਾਨ ਬਣਾਉਣ ‘ਚ ਕੋਈ ਕਸਰ ਬਾਕੀ ਨਹੀਂ ਛੱਡੀ।
ਜ਼ਿਕਰਯੋਗ ਹੈ ਕਿ ਸ੍ਰੀ ਨਰੋਤਮ ਫ਼ਿਲਮਜ਼ ਪ੍ਰੋਡਕਸ਼ਨਜ਼ ਨੇ ਪੰਜਾਬੀ ਸਿਨਮੇ ਨੂੰ ਹਮੇਸਾਂ ਹੀ ਸਮਾਜ ਨਾਲ ਜੁੜੀਆਂ ਮਨੋਰੰਜਨ ਭਰਪੂਰ ਚੰਗੀਆਂ ਫ਼ਿਲਮਾਂ ਦਿੱਤੀਆ ਹਨ। ‘ਕਿਸਮਤ’ ਤੋਂ ਬਾਅਦ ਸੁਰਗੁਣ ਮਹਿਤਾ ਦੀ ਗੁਰਨਾਮ ਭੁੱਲਰ ਨਾਲ ਆਈ ‘ਸੁਰਖੀ ਬਿੰਦੀ ’ ਫ਼ਿਲਮ ਵੀ ਦਰਸਕਾਂ ਦੀ ਪਸੰਦ ਬਣੀ। ਇਸ ਫ਼ਿਲਮ ਰਾਹੀਂ ਪਿੰਡਾਂ ਵਿੱਚ ਰਹਿੰਦੀ ਮੱਧ ਵਰਗੀ ਪੰਜਾਬਣ ਮੁਟਿਆਰ ਦੇ ਵੱਡੇ ਸੁਪਨਿਆਂ ਅਤੇ ਦ੍ਰਿੜ ਇਰਾਦਿਆਂ ਨੂੰ ਆਧੁਨਿਕਤਾ ਦੇ ਰੰਗ ‘ਚ ਪੇਸ਼ ਕੀਤਾ ਗਿਆ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਟੀਮ ਵਿੱਚ ਜਿੱਥੇ ਜਗਦੀਪ ਸਿੱਧੂ ਵਰਗਾ ਸਮਰੱਥ ਲੇਖਕ ਤੇ ਨਿਰਮਾਤਾ ਹੋਵੇ, ਬੀ ਪਰਾਕ ਤੇ ਜਾਨੀ ਦੀ ਸੰਗੀਤਕ ਜੋੜੀ ਹੋਵੇ ਤਾਂ ਚੰਗੀ ਫ਼ਿਲਮ ਕਿਉਂ ਨਾ ਬਣੇਗੀ! ‘ਕਿਸਮਤ, ਸੁਫ਼ਨਾ’, ਸੁਰਖੀ ਬਿੰਦੀ, ਛੜਾ’ ਵਰਗੀਆਂ ਫ਼ਿਲਮਾਂ ਦੇਣ ਵਾਲਾ ਜਗਦੀਪ ਸਿੱਧੂ ਦਾ ਕਿਸਮਤ 2 ਵਿੱਚ ਵੱਡਮੁੱਲਾ ਯੋਗਦਾਨ ਹੈ ਉਸਦਾ ਕਹਿਣਾ ਹੈ ਕਿ ਇਹ ਫ਼ਿਲਮ ਵੀ ਪਹਿਲੀ ਫ਼ਿਲਮ ਵਾਂਗ ਦਰਸ਼ਕਾਂ ਦੀ ਪਸੰਦ ‘ਤੇ ਖਰੀ ਸਾਬਤ ਹੋਵੇਗੀ। ਇਸ ਤੋਂ ਬਾਅਦ ਇਸੇ ਬੈਨਰ ਦੀ ਇੱਕ ਹੋਰ ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’ ਵੀ ਤਿਆਰ ਹੈ।

Related posts

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

Sussan Ley Extends Thai Pongal 2026 Greetings to Tamil Community

ਵਿਕਟੋਰੀਅਨ ਅੱਗ ਪੀੜਤਾਂ ਲਈ ਹੋਰ ਫੰਡ, ‘ਲੁੱਕ ਓਵਰ ਦ ਫਾਰਮ ਗੇਟ’ ਦੀ ਵੀ ਸ਼ੁਰੂਆਤ !