ਮਾਨ ਮੰਤਰੀ ਮੰਡਲ ਵੱਲੋਂ 25000 ਸਰਕਾਰੀ ਨੌਕਰੀਆਂ ਦੇਣ ਲਈ ਹਰੀ ਝੰਡੀ: ਪੁਰਾਣੇ ਵਿਧਾਇਕਾਂ ਨੂੰ ਕੈਬਨਿਟ ‘ਚ ਥਾਂ ਨਾ ਮਿਲੀ

ਚੰਡੀਗੜ੍ਹ –  ਇਕ ਇਤਿਹਾਸਕ ਫੈਸਲਾ ਲੈਂਦਿਆਂ ਪੰਜਾਬ ਮੰਤਰੀ ਮੰਡਲ ਨੇ ਅੱਜ ਆਪਣੀ ਪਹਿਲੀ ਮੀਟਿੰਗ ਵਿਚ ਸੂਬਾ ਸਰਕਾਰ ਦੇ ਵੱਖ-ਵੱਖ ਵਿਭਾਗਾਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ਵਿਚ ਨੌਜਵਾਨਾਂ ਨੂੰ 25000 ਸਰਕਾਰੀ ਨੌਕਰੀਆਂ ਦੇਣ ਲਈ ਹਰੀ ਝੰਡੀ ਦੇ ਦਿੱਤੀ ਹੈ।

ਇਸ ਬਾਰੇ ਫੈਸਲਾ ਮੁੱਖ ਮੰਤਰੀ ਦਫ਼ਤਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਮੰਤਰੀ ਮੰਡਲ ਦੀ ਪਲੇਠੀ ਮੀਟਿੰਗ ਦੌਰਾਨ ਲਿਆ ਗਿਆ। ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਇਤਿਹਾਸਕ ਫੈਸਲੇ ਰਾਹੀਂ ਸਰਕਾਰੀ ਖੇਤਰ ਵਿਚ ਨੌਜਵਾਨਾਂ ਨੂੰ ਪਾਰਦਰਸ਼ੀ ਅਤੇ ਮੈਰਿਟ ਦੇ ਆਧਾਰ ਉਤੇ ਨੌਕਰੀਆਂ ਮੁਹੱਈਆ ਕਰਵਾਉਣ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਦਿਸਹੱਦੇ ਕਾਇਮ ਹੋਣਗੇ। ਇਨ੍ਹਾਂ 25000 ਸਰਕਾਰੀ ਨੌਕਰੀਆਂ ਵਿੱਚੋਂ 10,000 ਅਸਾਮੀਆਂ ਪੰਜਾਬ ਪੁਲੀਸ ਵਿੱਚ ਭਰੀਆਂ ਜਾਣਗੀਆਂ ਜਦਕਿ 15000 ਨੌਕਰੀਆਂ ਬਾਕੀ ਵਿਭਾਗਾਂ ਵਿਚ ਦਿੱਤੀਆਂ ਜਾਣਗੀਆਂ। ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਨੌਕਰੀਆਂ ਦਾ ਇਸ਼ਤਿਹਾਰ ਦੇਣ ਅਤੇ ਨੋਟੀਫਿਕੇਸ਼ਨ ਦੀ ਪ੍ਰਕਿਰਿਆ ਇਕ ਮਹੀਨੇ ਦੇ ਅੰਦਰ ਪੂਰੀ ਹੋਵੇਗੀ। ਮੰਤਰੀ ਮੰਡਲ ਨੇ ਅਗਾਮੀ ਵਿਧਾਨ ਸਭਾ ਇਜਲਾਸ ਵਿਚ ਸਾਲ 2021-22 ਲਈ ਗ੍ਰਾਂਟਾਂ ਵਾਸਤੇ ਅਨੁਪੂਰਕ ਮੰਗਾਂ ਪੇਸ਼  ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਫੈਸਲੇ ਨਾਲ ਸਾਲ 2021-22 ਦੌਰਾਨ ਵੱਖ-ਵੱਖ ਵਿਭਾਗਾਂ ਦੁਆਰਾਂ ਖਰਚ ਕੀਤੇ ਗਏ ਵਾਧੂ ਖਰਚੇ ਲਈ ਬਜਟ ਮੁਹੱਈਆ ਕਰਵਾਉਣਾ ਹੈ ਤਾਂ ਜੋ ਬਕਾਇਆ ਦੇਣਦਾਰੀਆਂ ਨੂੰ ਨਿਪਟਾਇਆ ਜਾ ਸਕੇ। ਇਸੇ ਤਰ੍ਹਾਂ ਭਾਰਤੀ ਸੰਵਿਧਾਨ ਦੀ ਧਾਰਾ 203 ਦੀ ਉਪ ਧਾਰਾ (3) ਦੇ ਉਪਬੰਧਾਂ ਅਨੁਸਾਰ ਪੰਜਾਬ ਸਰਕਾਰ ਦੇ ਸਾਲ 2021-22 ਦੇ ਖਰਚੇ ਵਾਸਤੇ ਗ੍ਰਾਂਟਾਂ ਦੇਣ ਲਈ ਅਨੁਪੂਰਕ ਮੰਗਾਂ ਵਿਧਾਨ ਸਭਾ ਵਿਚ ਪੇਸ਼ ਕੀਤੀਆਂ ਜਾਣੀਆਂ ਲੋੜੀਂਦੀਆਂ ਹਨ ਜਿਸ ਕਰਕੇ ਮੰਤਰੀ ਮੰਡਲ ਵੱਲੋਂ ਇਹ ਮੰਗਾਂ ਪੇਸ਼ ਕਰਨ ਦੀ ਪ੍ਰਵਾਨਗੀ ਦਿੱਤੀ ਗਈ। ਇਸੇ ਤਰ੍ਹਾਂ ਮੰਤਰੀ ਮੰਡਲ ਨੇ ਪੰਜਾਬ ਵਿਧਾਨ ਸਭਾ ਵਿਚ ਕਾਰਜਵਿਧੀ ਅਤੇ ਕਾਰਜ ਸੰਚਾਲਨ ਦੇ ਨਿਯਮਾਂ ਦੇ 164 ਨਿਯਮ ਅਨੁਸਾਰ ਸਾਲ 2022-23 ਲਈ ਸੂਬੇ ਦੇ ਇਕ ਅਪ੍ਰੈਲ, 2022 ਤੋਂ 30 ਜੂਨ, 2022 ਤੱਕ ਦੇ ਅਨੁਮਾਨਿਤ ਖਰਚੇ ਦੇ ਵੇਰਵੇ (ਲੇਖਾ ਅਨੁਦਾਨ) ਵਿਧਾਨ ਸਭਾ ਵਿਚ ਪੇਸ਼ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।

10 ਮੰਤਰੀਆਂ ਨੂੰ ਅਹੁਦੇ ਦਾ ਹਲਫ਼ ਦਿਵਾਇਆ

ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਅੱਜ ਇੱਥੇ ਪੰਜਾਬ ਰਾਜ ਭਵਨ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿਚ ਨਵੇਂ ਬਣੇ 10 ਕੈਬਨਿਟ ਮੰਤਰੀਆਂ ਨੂੰ ਅਹੁਦਾ ਦਾ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ।  ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸੂਬੇ ਦੇ ਮੁੱਖ ਸਕੱਤਰ ਅਨਿਰੁਧ ਤਿਵਾੜੀ ਨੇ ਸਹੁੰ ਚੁੱਕ ਸਮਾਗਮ ਦੀ ਕਾਰਵਾਈ ਚਲਾਈ। ਪੰਜਾਬ ਰਾਜ ਭਵਨ ਦੇ ਕੰਪਲੈਕਸ ਵਿਚ ਨਵੇਂ ਬਣੇ ਗੁਰੂ ਨਾਨਕ ਦੇਵ ਆਡੀਟੋਰੀਅਮ ਵਿਚ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਵਿਚ ਹਲਫ਼ ਲੈਣ ਵਾਲੇ ਕੈਬਨਿਟ ਮੰਤਰੀਆਂ ਵਿਚ ਦ੍ਰਿੜਬਾ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ, ਮਲੋਟ ਤੋਂ ਵਿਧਾਇਕ ਡਾ. ਬਲਜੀਤ ਕੌਰ, ਜੰਡਿਆਲਾ ਤੋਂ ਵਿਧਾਇਕ ਹਰਭਜਨ ਸਿੰਘ ਈ.ਟੀ.ਓ., ਮਾਨਸਾ ਤੋਂ ਵਿਧਾਇਕ ਡਾ. ਵਿਜੇ ਸਿੰਗਲਾ, ਭੋਆ ਤੋਂ ਵਿਧਾਇਕ ਲਾਲ ਚੰਦ, ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ, ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਪੱਟੀ ਤੋਂ ਵਿਧਾਇਕ ਲਾਲਜੀਤ ਸਿੰਘ ਭੁੱਲਰ, ਹੁਸ਼ਿਆਰਪੁਰ ਤੋਂ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਹਰਜੋਤ ਸਿੰਘ ਬੈਂਸ ਸ਼ਾਮਲ ਹਨ। ਇਸ ਮੌਕੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਪ੍ਰੋ-ਟੈੱਮ ਸਪੀਕਰ ਡਾ. ਇੰਦਰਬੀਰ ਸਿੰਘ ਨਿੱਜਰ ਵੀ ਹਾਜ਼ਰ ਸਨ। ਇਨ੍ਹਾਂ ਤੋਂ ਇਲਾਵਾ ਨਵੇਂ ਚੁਣੇ ਆਪ ਵਿਧਾਇਕ, ਪੰਜਾਬ ਭਰ ਤੋਂ ਸੀਨੀਅਰ ਪਾਰਟੀ ਲੀਡਰ, ਵਰਕਰ ਅਤੇ ਵਾਲੰਟੀਅਰ ਅਤੇ ਵੱਖ-ਵੱਖ ਖੇਤਰ ਦੀਆਂ ਸ਼ਖਸੀਅਤਾਂ ਹਾਜ਼ਰ ਸਨ। ਸਮਾਗਮ ਵਿਚ ਸਿਵਲ ਤੇ ਪੁਲੀਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਨਵੇਂ ਚੁਣੇ ਕੈਬਨਿਟ ਮੰਤਰੀਆਂ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਦੋਸਤ-ਮਿੱਤਰ ਹਾਜ਼ਰ ਸਨ।

ਮੁੱਖ ਮੰਤਰੀਆਂ ਨੂੰ ਹਰਾਉਣ ਵਾਲਿਆਂ ਦੇ ਹਿੱਸੇ ਵੀ ਨਹੀਂ ਆਈਆਂ ਵਜ਼ੀਰੀਆਂ

ਪੰਜਾਬ ਦੇ ਦਿੱਗਜ ਤਿੰਨ ਸਾਬਕਾ ਮੁੱਖ ਮੰਤਰੀਆਂ ਨੂੰ ਹਰਾਉਣ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਭਗਵੰਤ ਮਾਨ ਦੀ ਪਹਿਲੀ ਕੈਬਨਿਟ ਸੂਚੀ ਵਿੱਚ ਕੋਈ ਥਾਂ ਨਹੀਂ ਮਿਲੀ। ਇੱਥੋਂ ਤੱਕ ਕਿ ਪੰਜਾਬ ਅੰਦਰ ਸਭ ਤੋਂ ਵੱਧ ਲੀਡ ਨਾਲ ਜਿੱਤਣ ਵਾਲੇ ਸੁਨਾਮ ਦੇ ਵਿਧਾਇਕ ਨੂੰ ਵੀ ਕੈਬਨਿਟ ਮੰਤਰੀ ਨਹੀਂ ਬਣਾਇਆ ਗਿਆ। ਲੰਘੀਆਂ ਵਿਧਾਨ ਸਭਾ ਚੋਣਾਂ ਵਿੱਚ ਪਹਿਲੀ ਵਾਰ ਹੈਰਾਨੀ ਜਨਕ ਨਤੀਜ਼ੇ ਦੇਖੇ ਗਏ ਜਦੋਂ ਕਈ ਦਹਾਕਿਆਂ ਤੋਂ ਪੰਜਾਬ ਦੀ ਰਾਜਨੀਤੀ ਵਿੱਚ ਰਾਜ ਕਰ ਰਹੇ ਵੱਡੇ ਥੰਮਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਹੱਥੋਂ ਹਾਰ ਸਹਿਣੀ ਪਈ ਹੋਵੇ। ਵੱਡੇ ਥੰਮਾਂ ਨੂੰ ਰਾਜਨੀਤੀ ‘ਚੋਂ ਆਊਟ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਇਹ ਵਿਧਾਇਕ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਮੰਤਰੀ ਮੰਡਲ ਦੀ ਸੂਚੀ ਵਿੱਚ ਥਾਂ ਨਹੀਂ ਬਣਾ ਸਕੇ। ਅਕਾਲੀ ਦਲ ਦੇ ਸਭ ਤੋਂ ਵੱਡੇ ਥੰਮ ਅਤੇ ਰਾਜਨੀਤੀ ਦੇ ਬਾਬਾ ਬੋਹੜ ਅਤੇ ਪੰਜ ਵਾਰ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆ ਵੀ ਮੰਤਰੀ ਮੰਡਲ ਵਿੱਚ ਨਹੀਂ ਪੁੱਜ ਸਕੇ। ਖੁੱਡੀਆਂ ਨੇ ਬਾਦਲ ਨੂੰ 11396 ਵੋਟਾਂ ਨਾਲ ਹਰਾਇਆ ਹੈ। ਇਸੇ ਤਰ੍ਹਾਂ ਹੀ ਦੋ ਵਾਰ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਦੀ ਲਗਾਤਾਰ ਜਿੱਤ ‘ਤੇ ਬਰੇਕ ਲਗਾਉਣ ਵਾਲੇ ਅਜੀਤਪਾਲ ਸਿੰਘ ਕੋਹਲੀ ਵੀ ਮੰਤਰੀ ਮੰਡਲ ‘ਚੋਂ ਖੁੱਝ ਗਏ ਹਨ। ਕੋਹਲੀ ਨੇ ਅਮਰਿੰਦਰ ਸਿੰਘ ਨੂੰ 19873 ਵੋਟਾਂ ਨਾਲ ਚਿੱਤ ਕੀਤਾ ਹੈ। ਉਂਜ ਕੋਹਲੀ ਅਕਾਲੀ ਦਲ ਛੱਡ ਕੇ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਆਪ ਵਿੱਚ ਸ਼ਾਮਲ ਹੋਏ ਸਨ। ਇਸੇ ਤਰ੍ਹਾਂ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦੋਵਾਂ ਸੀਟਾਂ ‘ਤੇ ਹਰਾਉਣ ਵਾਲੇ ਆਪ ਦੇ ਕਿਸੇ ਵਿਧਾਇਕ ਹਿੱਸੇ ਕੈਬਨਿਟ ਮੰਤਰੀ ਦਾ ਅਹੁਦਾ ਨਹੀਂ ਆਇਆ। ਹਲਕਾ ਭਦੌੜ ਤੋਂ ਬੇਹੱਦ ਗਰੀਬ ਪਰਿਵਾਰ ਦੇ ਲਾਭ ਸਿੰਘ ਉੱਗੋਕੇ ਜਿਸ ਵੱਲੋਂ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 37558 ਵੋਟਾਂ ਦੇ ਫਰਕ ਨਾਲ ਹਰਾਇਆ ਹੈ, ਉਹ ਵੀ ਕੈਬਨਿਟ ਤੱਕ ਨਹੀਂ ਪੁੱਜ ਸਕੇ। ਹਲਕਾ ਚਮਕੌਰ ਸਾਹਿਬ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 7942 ਵੋਟਾਂ ਦੇ ਫਰਕ ਨਾਲ ਹਰਾਉਣ ਵਾਲੇ ਆਪ ਦੇ ਵਿਧਾਇਕ ਡਾ. ਚਰਨਜੀਤ ਸਿੰਘ ਨੂੰ ਵੀ ਮੰਤਰੀ ਮੰਡਲ ਚੋਂ ਵਿਸਾਰ ਦਿੱਤਾ ਗਿਆ ਹੈ। ਦੂਜੀ ਵਾਰ ਬਣੇ ਵਿਧਾਇਕ ਸਰਬਜੀਤ ਕੌਰ ਮਾਣੂਕੇ ਅਤੇ ਤਲਵੰਡੀ ਸਾਬੋਂ ਤੋਂ ਵਿਧਾਇਕ ਪ੍ਰੋ: ਬਲਜਿੰਦਰ ਕੌਰ ਨੂੰ ਵੀ ਮੰਤਰੀ ਮੰਡਲ ਵਿੱਚ ਨਹੀਂ ਲਿਆ ਗਿਆ। ਇੱਧਰ ਪੰਜਾਬ ‘ਚ ਸਭ ਤੋਂ ਵੱਡੀ ਲੀਡ ਨਾਲ ਜਿੱਤਣ ਵਾਲੇ ਸੁਨਾਮ ਦੇ ਵਿਧਾਇਕ ਅਮਨ ਅਰੋੜਾ ਨੂੰ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਅਮਨ ਅਰੋੜਾ ਵੱਲੋਂ ਸਭ ਤੋਂ ਵੱਧ 75277 ਵੋਟਾਂ ਨਾਲ ਕਾਂਗਰਸ ਦੇ ਉਮੀਦਵਾਰ ਜਸਵਿੰਦਰ ਧੀਮਾਨ ਨੂੰ ਹਰਾਇਆ ਗਿਆ ਹੈ। ਉਂਜ ਸ਼ੋਸਲ ਮੀਡੀਆ ‘ਤੇ ਵਾਇਰਲ ਹੋ ਰਿਹਾ ਸੀ ਕਿ ਅਮਨ ਅਰੋੜਾ ਕੈਬਨਿਟ ਮੰਤਰੀ ਬਣਨਗੇ ਅਤੇ ਉਨ੍ਹਾਂ ਨੂੰ ਖਜ਼ਾਨਾ ਮੰਤਰੀ ਬਣਾਇਆ ਜਾ ਸਕਦਾ। ਅਮਨ ਅਰੋੜਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੰਤਰੀ ਮੰਡਲ ਵਿੱਚ ਥਾਂ ਮਿਲਣ ਦਾ ਕੋਈ ਮਲਾਲ ਨਹੀਂ। ਉਨ੍ਹਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਨੁੰਮਾਇਦੇ ਬਣ ਕੇ ਲੋਕ ਸੇਵਾ ਕਰਦੇ ਰਹਿਣਗੇ।

ਆਪ ਦੀ ਨਵੀਂ ਕੈਬਿਨੇਟ ‘ਤੇ ਰਾਜਾ ਵੜਿੰਗ ਦਾ ਟਵੀਟ

ਕਾਂਗਰਸ ਪਾਰਟੀ ਦੇ ਗਿੱਦੜਬਾਹਾ ਤੋ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਫੇਸਬੁੱਕ ਤੇ ਲਿਖਿਆ ਚਾਹੇ ਮੰਤਰੀ ਮੰਡਲ ਬਣਾਉਣਾ ਆਮ ਆਦਮੀ ਪਾਰਟੀ ਦਾ ਅੰਦੂਰਨੀ ਮਾਮਲਾ ਹੈ ਉਨ੍ਹਾਂ ਨੇ ਕਿਹਾ ਮੈਨੂੰ ਲਗਦਾ ਹੈ ਇਹ ਚਿਹਰੇ ਵੀ ਮੰਤਰੀ ਮੰਡਲ ਵਿੱਚ ਹੋਣੇ ਚਾਹੀਦੇ ਸਨ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਗੇ ਲਿਖਿਆ ਇਹ ਉਹ ਲੋਕ ਹਨ ਜਿਨ੍ਹਾਂ ਨੇ ਪਾਰਟੀ ਦਾ ਹਰ ਚੰਗੇ ਮਾੜੇ ਸਮੇਂ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ। ਬਾਕੀ ਦੇਖਣਾ ਹੋਵੇਗਾ ਅਗਲੀ ਲਿਸਟ ਵਿੱਚ ਇਨ੍ਹਾਂ ਦਾ ਨਾਮ ਹੋਵੇਗਾ ਜਾਂ ਨਹੀ।

Related posts

ਸੁਪਰੀਮ ਕੋਰਟ ਰਾਜੋਆਣਾ ਦੀ ਪਟੀਸ਼ਨ ’ਤੇ 18 ਮਾਰਚ ਨੂੰ ਸੁਣਵਾਈ ਕਰੇਗੀ

ਕੈਦੀਆਂ ਵਲੋਂ ਜੇਲ੍ਹਾਂ ’ਚੋਂ ਉਡਾਰੀ ਮਾਰਨ ਵਾਲਿਆਂ ’ਚੋਂ ਪੰਜਾਬ ਮੋਹਰੀ

ਸਰਕਾਰੀ ਸਮਾਗਮ ਨੂੰ ਰਾਜਨੀਤਕ ਰੈਲੀ ਵਜੋਂ ਵਰਤਣ ‘ਤੇ ਰੰਧਾਵਾ ਵਲੋਂ ਪ੍ਰਧਾਨ ਮੰਤਰੀ ਨੂੰ ਸਿ਼ਕਾਇਤ