ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ 51 ਸਾਲ ਦੀ ਹੋ ਗਈ ਹੈ ਅਤੇ ਉਸ ਵਲੋਂ ਆਪਣਾ ਜਨਮਦਿਨ ਮਨਾਇਆ ਜਾ ਰਿਹਾ ਹੈ। ਪ੍ਰੀਤੀ ਜ਼ਿੰਟਾ ਦੀ ਜ਼ਿੰਦਗੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਉਸਨੂੰ ਬਚਪਨ ਵਿੱਚ ਮਿਲੇ ਦੁਖਾਂਤ ਅਤੇ ਸੰਘਰਸ਼ਮਈ ਜੀਵਨ ਤੋਂ ਬਾਅਦ ਖੁਸ਼ਕਿਸਮਤੀ ਨਾਲ ਅਦਾਕਾਰੀ ਦਾ ਰਸਤਾ ਮਿਲਿਆ। ਅੰਡਰ ਵਰਲਡ ਦੇ ਨਾਲ ਟੱਕਰ ਲੈਣ ਵਾਲੀ ਬਾਲੀਵੁੱਡ ਦੀ ਇਸ ਇੱਕੋ-ਇੱਕ ਬਹਾਦਰ ਕਲਾਕਾਰ ਦੇ ਜੀਵਨ ਦੇ ਕਈ ਅਣਦੱਸੇ ਪਹਿਲੂਆਂ ਦਾ ਜਿ਼ਕਰ ਅੱਜ ਇਥੇ ਵਿਸਥਾਰ ਦੇ ਵਿੱਚ ਕਰਨ ਜਾ ਰਹੇ ਹਾਂ!
ਪ੍ਰੀਤੀ ਜਿ਼ੰਟਾ ਅੱਜ ਉਨ੍ਹਾਂ ਬਾਲੀਵੁੱਡ ਅਭਿਨੇਤਰੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਆਪਣੀਆਂ ਸ਼ਰਤਾਂ ‘ਤੇ ਸਫਲਤਾ ਪ੍ਰਾਪਤ ਕੀਤੀ ਹੈ। ਉਸਦੀ ਪਿਆਰੀ ਮੁਸਕਰਾਹਟ ਅਤੇ ਉਸਦੀਆਂ ਗੱਲ੍ਹਾਂ ‘ਤੇ ਡਿੰਪਲਜ਼ ਨੇ ਉਸਨੂੰ ‘ਡਿੰਪਲ ਗਰਲ’ ਦਾ ਉਪਨਾਮ ਦਿੱਤਾ ਹੈ। ਪ੍ਰੀਤੀ ਜ਼ਿੰਟਾ ਨੂੰ ਬਚਪਨ ਵਿੱਚ ਵੱਡੇ ਦੁਖਾਂਤ ਦਾ ਸ੍ਹਾਮਣਾ ਕਰਨਾ ਪਿਆ, ਫਿਰ ਸਿੱਕਾ ਉਛਾਲ ਕੇ ਖੁਸ਼ਕਿਸਮਤੀ ਨਾਲ ਅਦਾਕਾਰੀ ਦਾ ਰਸਤਾ ਚੁਣਿਆ ਅਤੇ ਅੱਜ ਉਹ ਇੱਕ ਕਾਰੋਬਾਰੀ ਔਰਤ ਵਜੋਂ ਵੀ ਸੁਰਖੀਆਂ ਬਟੋਰ ਰਹੀ ਹੈ। ਸਿਨੇਮਾ ਵਿੱਚ ਅਦਾਕਾਰੀ ਵਾਰੇ ਉਸਨੇ ਕਦੇ ਸੋਚਿਆ ਵੀ ਨਹੀਂ ਸੀ। ਇੱਕ ਅਨੁਭਵੀ ਫਿਲਮ ਨਿਰਮਾਤਾ ਸ਼ੇਖਰ ਕਪੂਰ ਵਲੋਂ ਆਈ ਪੇਸ਼ਕਸ਼ ਵੇਲੇ ਉਹ ਦੁਚਿੱਤੀ ਵਿੱਚ ਸੀ। ਉਸਨੇ ਦਲੇਰੀ ਨਾਲ ਆਪਣੀ ਕਿਸਮਤ ਦਾ ਫੈਸਲਾ ਇੱਕ ਸਿੱਕੇ ਨਾਲ ਕੀਤਾ ਸੀ। ਉਸਨੇ ਇੱਕ ਸਿੱਕਾ ਹਵਾ ਵਿੱਚ ਉਛਾਲਿਆ ਅਤੇ ਸੋਚ ਲਿਆ ਕਿ ਜੇ ਸਿੱਕੇ ਦਾ ਹੈੱਡ ਉਪਰ ਵਾਲੇ ਪਾਸੇ ਆਇਆ ਤਾਂ ਉਹ ਅਦਾਕਾਰੀ ਕਰੇਗੀ ਨਹੀਂ ਤਾਂ ਬਿਲਕੁਲ ਵੀ ਨਹੀਂ ਕਰੇਗੀ। ਪਰ ਕਿਸਮਤ ਨੇ ਉਸਦਾ ਸਾਥ ਦਿੱਤਾ ਅਤੇ ਉਹ ਬਾਲੀਵੁੱਡ ਵਿੱਚ ਸ਼ਾਮਿਲ ਹੋ ਗਈ।
ਪ੍ਰੀਤੀ ਜਿ਼ੰਟਾ ਦਾ ਜਨਮ 31 ਜਨਵਰੀ 1975 ਨੂੰ ਹਿਮਾਚਲ ਪ੍ਰਦੇਸ਼ ਦੀਆਂ ਖੂਬਸੂਰਤ ਵਾਦੀਆਂ ਦੇ ਸ਼ਿਮਲਾ ਵਿੱਚ ਇੱਕ ਹਿਮਾਚਲੀ ਰਾਜਪੂਤ ਪ੍ਰੀਵਾਰ ਵਿੱਚ ਹੋਇਆ ਸੀ। ਉਸਦੇ ਪਿਤਾ ਦੁਰਗਾਨੰਦ ਜ਼ਿੰਟਾ ਭਾਰਤੀ ਫੌਜ ਵਿੱਚ ਮੇਜਰ ਸਨ। ਉਸਦੇ ਪਿਤਾ ਜੀ ਦੇ ਡਿਸੇਪਲਨ ਵਾਲੀ ਜੀਵਨ ਸ਼ੈਲੀ ਦਾ ਬਚਪਨ ਤੋਂ ਹੀ ਅਦਾਕਾਰਾ ਪ੍ਰੀਤੀ ਜਿ਼ੰਟਾ ਦੀ ਸ਼ਖਸੀਅਤ ‘ਤੇ ਡੂੰਘਾ ਪ੍ਰਭਾਵ ਰਿਹਾ ਹੈ। ਹਾਲਾਂਕਿ, ਜਦੋਂ ਪ੍ਰੀਤੀ 13 ਸਾਲ ਦੀ ਹੀ ਸੀ ਤਾਂ ਉਸਦੇ ਪਿਤਾ ਦੀ 1988 ਦੇ ਵਿੱਚ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ। ਉਸਦੀ ਮਾਂ ਨੀਲਪ੍ਰਭਾ ਗੰਭੀਰ ਜ਼ਖਮੀਂ ਹਾਲਤ ਦੇ ਵਿੱਚ ਲਗਭਗ ਇੱਕ ਸਾਲ ਤੱਕ ਬਿਸਤਰੇ ‘ਤੇ ਪਏ ਰਹਿਣ ਤੋਂ ਬਾਅਦ ਚੱਲ ਵਸੀ।
ਪ੍ਰੀਤੀ ਜ਼ਿੰਟਾ ਦੀ ਮੁਸਕਰਾਹਟ ਜਿਥੇ ਸਾਰਿਆਂ ਨੂੰ ਹਮੇਸ਼ਾ ਮੋਹ ਲੈਂਦੀ ਹੈ, ਪਰ ਉਸਦਾ ਬਚਪਨ ਬਹੁਤ ਹੀ ਦੁੱਖਾਂ ਨਾਲ ਭਰਿਆ ਰਿਹਾ ਹੈ। ਇੱਕ ਇੰਟਰਵਿਉ ਦੇ ਵਿੱਚ ਪ੍ਰੀਤੀ ਜਿ਼ੰਟਾ ਦੱਸਦੀ ਹੈ ਕਿ, “ਉਹ ਸ਼ਿਮਲਾ ਦੇ ਕਾਨਵੈਂਟ ਆਫ਼ ਜੀਸਸ ਐਂਡ ਮੈਰੀ ਬੋਰਡਿੰਗ ਸਕੂਲ ਦੇ ਦਿਨਾਂ ਦੌਰਾਨ ਹਰ ਰੋਜ਼ ਅਖ਼ਬਾਰ ਪੜ੍ਹਦੀ ਹੁੰਦੀ ਸੀ ਅਤੇ ਇੱਕ ਦਿਨ ਉਸਨੇ ਆਪਣੀ ਸਹੇਲੀ ਸ਼ਗੁਨ ਨੂੰ ਦੱਸਿਆ ਕਿ ਉਸਨੂੰ ਲੱਗਦਾ ਹੈ ਕਿ ਉਹ ਆਪਣੇ ਪਿਤਾ ਬਾਰੇ ਕੋਈ ਬੁਰੀ ਖ਼ਬਰ ਪੜ੍ਹਨ ਵਾਲੀ ਹੈ। ਪ੍ਰੀਤੀ ਸਕੂਲ ਵਿੱਚ ਪੜ੍ਹਦੀ ਸੀ ਜਦੋਂ ਉਸਦੇ ਪਿਤਾ ਦਾ ਹਾਦਸਾ ਹੋਇਆ। ਇੱਕ ਸਵੇਰੇ ਸਕੂਲ ਹੋਸਟਲ ਦੀ ਇੱਕ ਨੰਨ੍ਹ ਉਸਨੂੰ ਜਗਾਉਣ ਆਈ ਤੇ ਪਿਆਰ ਨਾਲ ਕਿਹਾ ਕਿ ਇੱਕ ਛੋਟਾ ਜਿਹਾ ਹਾਦਸਾ ਹੋਇਆ ਹੈ ਅਤੇ ਤੈਨੂੰ ਕਿਤੇ ਜਾਣਾ ਪਵੇਗਾ। ਪ੍ਰੀਤੀ ਨੂੰ ਇਹ ਬਹੁਤ ਅਜੀਬ ਲੱਗਿਆ ਕਿਉਂਕਿ ਆਪਣੀਆਂ ਸ਼ਰਾਰਤਾਂ ਦੇ ਕਰਕੇ ਪ੍ਰੀਤੀ ਨੂੰ ਇਸੇ ਨੰਨ੍ਹ ਦੇ ਸਖਤ ਸੁਭਾਅ ਦਾ ਹਰ ਰੋਜ਼ ਸ੍ਹਾਮਣਾ ਕਰਨਾ ਪੈਂਦਾ ਸੀ। ਉਸਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਮਾਂ ਉਹ ਬੇਹੋਸ਼ ਪਈ ਸੀ। ਪਰ ਉਸਨੂੰ ਉਸਦੇ ਪਿਤਾ ਜੀ ਬਾਰੇ ਕੁੱਝ ਵੀ ਨਹੀਂ ਦੱਸਿਆ ਗਿਆ। ਅਗਲੇ ਦਿਨ ਜਦੋਂ ਪ੍ਰੀਤੀ ਸਕੂਲ ਵਾਪਸ ਆਈ ਤਾਂ ਉਸਨੇ ਅਖਬਾਰ ਵਿੱਚ ਆਪਣੇ ਪਿਤਾ ਦੀ ਮੌਤ ਦੀ ਖ਼ਬਰ ਪੜ੍ਹੀ। ਪ੍ਰੀਤੀ ਕਈ ਮਹੀਨਿਆਂ ਤੱਕ ਚੁੱਪ ਰਹੀ ਅਤੇ ਛੇ ਮਹੀਨਿਆਂ ਤੱਕ ਰੋਈ ਵੀ ਨਹੀਂ। ਫਿਰ ਇੱਕ ਰਾਤ ਉਹ ਅਚਾਨਕ ਆਪਣੀ ਨੀਂਦ ਵਿੱਚ ਚੀਕ ਉੱਠੀ ਅਤੇ ਉਸਦਾ ਸਾਰਾ ਦਰਦ ਹੰਝੂਆਂ ਰਾਹੀਂ ਬਾਹਰ ਆ ਗਿਆ। ਇੰਨੀ ਛੋਟੀ ਉਮਰੇ ਹੋਏ ਇਸ ਵੱਡੇ ਦੁਖਾਂਤ ਨੇ ਪ੍ਰੀਤੀ ਨੂੰ ਸਮੇਂ ਤੋਂ ਪਹਿਲਾਂ ਹੀ ਬਹੁਤ ਪ੍ਰਪੱਕ ਅਤੇ ਸੁਤੰਤਰ ਬਣਾ ਦਿੱਤਾ। ਸਿੱਖਿਆ ਪ੍ਰਤੀ ਉਸਦਾ ਜਨੂੰਨ ਉਸਦੀਆਂ ਸਿੱਧੀਆਂ ਗੱਲਾਂ ਦੀ ਨੀਂਹ ਬਣ ਗਿਆ ਜੋ ਉਸਦੀ ਸ਼ਖਸੀਅਤ ਵਿੱਚ ਸਪੱਸ਼ਟ ਝਲਕਦਾ ਹੈ।
ਆਪਣੇ ਪਿਤਾ ਨੂੰ ਯਾਦ ਕਰਦਿਆਂ ਪ੍ਰੀਤੀ ਨੇ ਕਿਹਾ ਕਿ ਪਿਤਾ ਜੀ ਹਮੇਸ਼ਾ ਸਾਰਿਆਂ ਨਾਲ ਬਰਾਬਰ ਦਾ ਵਿਵਹਾਰ ਕਰਦੇ ਸਨ। ਉਹ ਹਮੇਸ਼ਾਂ ਕਹਿੰਦੇ ਸਨ ਕਿ ਧੀਆਂ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਜੇਕਰ ਪੁੱਤਰ ਬੈਗ ਲੈ ਕੇ ਜਾਂਦੇ ਹਨ ਤਾਂ ਧੀਆਂ ਵੀ ਅਤੇ ਜੇਕਰ ਧੀਆਂ ਖਾਣਾ ਬਨਾਉਣਾ ਸਿੱਖਦੀਆਂ ਹਨ ਤਾਂ ਪੁੱਤਰ ਵੀ।
ਪ੍ਰੀਤੀ ਜ਼ਿੰਟਾ ਬਚਪਨ ਤੋਂ ਹੀ ਨਿਡਰ ਅਤੇ ਸ਼ਰਾਰਤੀ ਸੀ। ਪ੍ਰੀਤੀ ਦੇ ਦੋ ਭਰਾ ਹਨ, ਦੀਪਾਂਕਰ ਇੱਕ ਸਾਲ ਵੱਡਾ ਜੋ ਭਾਰਤੀ ਫੌਜ ਵਿੱਚ ਅਫਸਰ ਹੈ ਅਤੇ ਮਨੀਸ਼ ਇੱਕ ਸਾਲ ਛੋਟਾ ਜੋ ਕੈਲੀਫੋਰਨੀਆ, ਅਮਰੀਕਾ ਵਿੱਚ ਰਹਿੰਦਾ ਹੈ। ਇੱਕ ਵਾਰ ਉਸਨੇ ਆਪਣੇ ਵੱਡੇ ਭਰਾ ਦੀਪਾਂਕਰ ਨਾਲ ਲੜਦਿਆਂ ਇੱਕ ਪੱਥਰ ਉਸਦੇ ਸਿਰ ‘ਤੇ ਮਾਰ ਦਿੱਤਾ ਤਾਂ ਭਰਾ ਰੋਣ ਲੱਗ ਪਿਆ। ਫਿਰ ਪ੍ਰੀਤੀ ਨੂੰ ਆਪਣੇ ਪਿਤਾ ਦੇ ਸ਼ਬਦ ਯਾਦ ਆਏ। ਉਸਦੇ ਪਿਤਾ ਹਮੇਸ਼ਾ ਕਹਿੰਦੇ ਸਨ ਕਿ ਰਾਜਪੂਤ ਕਦੇ ਰੋਂਦੇ ਨਹੀਂ। ਫਿਰ ਪ੍ਰੀਤੀ ਨੇ ਆਪਣੇ ਭਰਾ ਦੇ ਥੱਪੜ ਮਾਰਿਆ ਅਤੇ ਕਿਹਾ ਕਿ ਰਾਜਪੂਤ ਰੋਂਦੇ ਨੀਂ ਹੁੰਦੇ, ਰੋਣਾ ਬੰਦ ਕਰ। ਉਸਦੇ ਭਰਾ ਦੇ ਸਿਰ ਵਿੱਚੋਂ ਖੂਨ ਵਗ ਰਿਹਾ ਸੀ ਪਰ ਉਹ ਚੁੱਪ ਕਰਕੇ ਬੈਠ ਗਿਆ। ਉਸੇ ਵੇਲੇ ਉਸਦੀ ਮਾਂ ਆ ਗਈ। ਪ੍ਰੀਤੀ ਨੂੰ ਪਤਾ ਸੀ ਕਿ ਹੁਣ ਉਸਨੂੰ ਕੁੱਟ ਪਵੇਗੀ। ਇਸ ਲਈ ਉਹ ਡਰ ਕੇ ਟੇਬਲ ਦੇ ਹੇਠਾਂ ਲੁਕ ਗਈ ਅਤੇ ਸਾਰੀ ਰਾਤ ਉੱਥੇ ਹੀ ਸੁੱਤੀ ਰਹੀ। ਘਰ ਵਾਲਿਆਂ ਨੂੰ ਲੱਗਿਆ ਕਿ ਪ੍ਰੀਤੀ ਡਰ ਕੇ ਘਰੋਂ ਦੌੜ ਗਈ ਹੈ। ਪੁਲਿਸ ਨੂੰ ਵੀ ਬੁਲਾਇਆ ਗਿਆ। ਜਦੋਂ ਸਵੇਰੇ ਘਰ ਦੀ ਨੌਕਰਾਣੀ ਆਈ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਪ੍ਰੀਤੀ ਹਾਲੇ ਵੀ ਟੇਬਲ ਹੇਠਾਂ ਹੀ ਸੁੱਤੀ ਪਈ ਹੈ।
ਸਕੂਲ ਦੀ ਪੜ੍ਹਾਈ ਦੌਰਾਨ ਪ੍ਰੀਤੀ ਦਸਵੀਂ ਵਿੱਚ ਪੂਰੇ ਹਿਮਾਚਲ ਪ੍ਰਦੇਸ਼ ਵਿੱਚੋਂ ਪਹਿਲੇ ਸਥਾਨ ‘ਤੇ ਆਈ ਸੀ। ਸਕੂਲ ਤੋਂ ਬਾਅਦ ਪ੍ਰੀਤੀ ਨੇ ਸ਼ਿਮਲਾ ਦੇ ਸੇਂਟ ਬੀਡਜ਼ ਕਾਲਜ ਤੋਂ ਇੰਗਲਿਸ਼ ਆਨਰਜ਼ ਨਾਲ ਬੀਏ ਦੀ ਡਿਗਰੀ ਲਈ। ਫਿਰ ਕ੍ਰਿਮੀਨਲ ਸਾਈਕੋਲੋਜ਼ੀ ਦੇ ਵਿੱਚ ਐਮਏ ਦੀ ਡਿਗਰੀ ਹਾਸਿਲ ਕੀਤੀ। ਉਸਨੇ ਅਦਾਕਾਰੀ ਵਾਰੇ ਕਦੇ ਸੋਚਿਆ ਨਹੀਂ ਸੀ ਪਰ ਸ਼ਾਇਦ ਕਿਸਮਤ ਨੂੰ ਇਹੀ ਮਨਜ਼ੂਰ ਸੀ।
1996 ਵਿੱਚ ਪ੍ਰੀਤੀ ਇੱਕ ਦੋਸਤ ਦੀ ਜਨਮਦਿਨ ਪਾਰਟੀ ਵਿੱਚ ਸ਼ਾਮਲ ਹੋਈ ਜਿਥੇ ਉਸਦੀ ਮੁਲਾਕਾਤ ਕੁਨਾਲ ਨਾਲ ਹੋਈ ਜੋ ਇੱਕ ਵਿਗਿਆਪਨ ਫਿਲਮ ਨਿਰਮਾਤਾ ਸੀ। ਇਸ ਗੱਲਬਾਤ ਦੌਰਾਨ ਕੁਨਾਲ ਪ੍ਰੀਤੀ ਦੀ ਸ਼ਖਸੀਅਤ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਦੋ ਦਿਨਾਂ ਬਾਅਦ ਫ਼ੋਨ ‘ਤੇ ਕਿਹਾ ਕਿ ਉਸਨੇ ਪ੍ਰੀਤੀ ਲਈ ਇੱਕ ਚਾਕਲੇਟ ਦਾ ਵਿਗਿਆਪਨ ਲਿਖਿਆ ਹੈ ਅਤੇ ਉਸਨੂੰ ਆਡੀਸ਼ਨ ਲਈ ਬੁਲਾਇਆ ਹੈ। ਇਹ ਕੈਡਬਰੀ ਦੇ ਪਰਕ ਚਾਕਲੇਟ ਦਾ ਇਸ਼ਤਿਹਾਰ ਸੀ। ਇਸ ਤੋਂ ਬਾਅਦ ਪ੍ਰੀਤੀ ਨੇ ਲਿਰਿਲ ਸਾਬੁਣ ਲਈ ਇੱਕ ਇਸ਼ਤਿਹਾਰ ਕੀਤਾ ਅਤੇ ਉਹ ਪਛਾਣ ਦੇ ਵਿੱਚ ਆ ਗਈ। ਫਿਲਮਾਂ ਵਿੱਚ ਦਾਖਲ ਹੋਣ ਦਾ ਫੈਸਲਾ ਉਸਨੇ ਸਿੱਕਾ ਉਛਾਲ ਕੇ ਕੀਤਾ ਸੀ। ਹਾਲਾਂਕਿ, ਇਹ ਫਿਲਮ ਕਦੇ ਵੀ ਸਾਕਾਰ ਨਹੀਂ ਹੋਈ। ਪ੍ਰੀਤੀ ਦੀ ਪਹਿਲੀ ਫਿਲਮ ਜੋ ਰਿਲੀਜ਼ ਹੋਈ ਮਣੀ ਰਤਨਮ ਦੀ ‘ਦਿਲ ਸੇ’ ਸੀ। ਫਿਲਮ ਵਿੱਚ ਉਸਦੀ ਭੂਮਿਕਾ ਭਾਵੇਂ ਛੋਟੀ ਸੀ ਪਰ ਉਸਦੀ ਸ਼ਾਨਦਾਰ ਅਦਾਕਾਰੀ ਨੇ ਉਸਨੂੰ ਪਛਾਣ ਦਿਵਾਈ। ਪ੍ਰੀਤੀ ਨੇ ਕਿਹਾ ਕਿ ਇਸ ਤਜਰਬੇ ਕਾਰਣ ਜਦੋਂ ਵੀ ਉਹ ਕਿਸੇ ਨਵੀਂ ਕੁੜੀ ਨਾਲ ਕੰਮ ਕਰਦੀ ਹੈ ਤਾਂ ਉਹ ਉਸ ਨਾਲ ਚੰਗਾ ਵਿਵਹਾਰ ਕਰਨ ਦੀ ਖਾਸ ਕੋਸ਼ਿਸ਼ ਕਰਦੀ ਹੈ ਜੋ ਉਹ ਫਿਲਮ ਸੋਲਜਰ ਵਿੱਚ ਮੁੱਖ ਭੂਮਿਕਾ ਵਿੱਚ ਦਿਖਾਈ ਦਿੱਤੀ ਸੀ।
ਪ੍ਰੀਤੀ ਜ਼ਿੰਟਾ ਨੇ ਦੱਸਿਆ ਕਿ ਜਦੋਂ ਉਹ ਫਿਲਮ ‘ਕਿਆ ਕਹਿਨਾ’ ਦੀ ਸ਼ੂਟਿੰਗ ਕਰ ਰਹੀ ਸੀ ਤਾਂ ਉਹ ਇੱਕ ਗਾਣੇ ਦੇ ਦ੍ਰਿਸ਼ ਦੌਰਾਨ ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖਾਨ ਉਸ ਉਪਰ ਬਹੁਤ ਗੁੱਸੇ ਹੋਈ ਸੀ। ਮੇਰੀ ਪਹਿਲੀ ਫਿਲਮ ‘ਕਿਆ ਕਹਿਨਾ’ ਦੀ ਸ਼ੂਟਿੰਗ ਦੌਰਾਨ ਸਰੋਜ ਜੀ ਨੇ ਕਿਹਾ ਸੀ, ‘ਤੁਹਾਨੂੰ ਇਹ ਕੁੜੀ ਕਿੱਥੋਂ ਮਿਲ ਗਈ ਜਿਹਨੂੰ ਡਾਇਲਾਗ ਬੋਲਣਾ ਤੇ ਨੱਚਣਾ ਵੀ ਨਹੀਂ ਆਉਂਦਾ? ਉਸ ਪਲ ਮੈਂ ਖੂਬ ਰੋਈ ਸੀ। ਹਾਲਾਂਕਿ, ਉਸ ਝਿੜਕ ਨੇ ਮੈਨੂੰ ਆਪਣੇ ਆਪ ਨੂੰ ਬਦਲਣ ਲਈ ਬਹੁਤ ਪ੍ਰੇਰਿਤ ਕੀਤਾ। ਮੈਨੂੰ ਉਦੋਂ ਅਹਿਸਾਸ ਹੋਇਆ ਸੀ ਕਿ ਜੇਕਰ ਉਹ ਫਿਲਮਾਂ ਵਿੱਚ ਰਹਿਣਾ ਚਾਹੁੰਦੀ ਹੈ ਤਾਂ ਉਸਨੂੰ ਪੂਰੀ ਮਿਹਨਤ ਅਤੇ ਸਮਰਪਣ ਨਾਲ ਕੰਮ ਕਰਨਾ ਪਵੇਗਾ, ਅੱਧੇ ਦਿਲ ਨਾਲ ਨਹੀਂ। 2003 ਤੋਂ 2006 ਤੱਕ ਦਾ ਸਮਾਂ ਪ੍ਰੀਤੀ ਜ਼ਿੰਟਾ ਦੇ ਕਰੀਅਰ ਦਾ ਸਭ ਤੋਂ ਵਧੀਆ ਸਮਾਂ ਸੀ।
ਪ੍ਰੀਤੀ ਜ਼ਿੰਟਾ ਨਾ ਸਿਰਫ਼ ਆਪਣੀਆਂ ਫਿਲਮਾਂ ਲਈ ਸਗੋਂ ਆਪਣੀ ਹਿੰਮਤ ਲਈ ਵੀ ਜਾਣੀ ਜਾਂਦੀ ਹੈ। 2003 ਵਿੱਚ ਅੰਡਰਵਰਲਡ ਵਿਰੁੱਧ ਅਦਾਲਤ ਵਿੱਚ ਗਵਾਹੀ ਦੇਣਾ ਉਸਦੀ ਜ਼ਿੰਦਗੀ ਦਾ ਸਭ ਤੋਂ ਦਲੇਰਾਨਾ ਫੈਸਲਾ ਮੰਨਿਆ ਜਾਂਦਾ ਹੈ। ਇਸ ਮਾਮਲੇ ਵਿੱਚ ਫਿਲਮ ‘ਚੋਰੀ ਚੋਰੀ ਚੁਪਕੇ ਚੁਪਕੇ’ ਦੇ ਫਾਈਨੈਂਸਰ ਭਰਤ ਸ਼ਾਹ ਸ਼ਾਮਲ ਸਨ ਜਿਸ ‘ਤੇ ਮੁੰਬਈ ਦੇ ਅੰਡਰਵਰਲਡ ਡੌਨ ਛੋਟਾ ਸ਼ਕੀਲ ਨਾਲ ਸਬੰਧ ਹੋਣ ਦਾ ਦੋਸ਼ ਸੀ। ਜਦੋਂ ਇਹ ਜਾਣਕਾਰੀ ਸਾਹਮਣੇ ਆਈ ਤਾਂ ਫਿਲਮ ਦੇ ਕਲਾਕਾਰਾਂ ਨੂੰ ਅੰਡਰਵਰਲਡ ਤੋਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਇਸ ਸਮੇਂ ਦੌਰਾਨ ਹੋਰਨਾਂ ਕਲਾਕਾਰਾਂ ਸਮੇਤ ਪ੍ਰੀਤੀ ਨੂੰ ਵੀ 50 ਲੱਖ ਦੀ ਫਿਰੌਤੀ ਦੀਆਂ ਧਮਕੀਆਂ ਮਿਲੀਆਂ। ਇਸ ਮਾਮਲੇ ਵਿੱਚ ਭਰਤ ਸ਼ਾਹ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਸਮੇਤ ਕਈ ਪ੍ਰਮੁੱਖ ਫਿਲਮ ਸਿਤਾਰਿਆਂ ਨੂੰ ਇਸ ਮਾਮਲੇ ਵਿੱਚ ਗਵਾਹ ਵਜੋਂ ਨਾਮਜ਼ਦ ਕੀਤਾ ਗਿਆ ਸੀ ਪਰ ਬਾਅਦ ਵਿੱਚ ਉਨ੍ਹਾਂ ਨੇ ਆਪਣੇ ਬਿਆਨ ਵਾਪਸ ਲੈ ਲਏ। ਧਮਕੀਆਂ ਦਾ ਪ੍ਰੀਤੀ ‘ਤੇ ਕੋਈ ਅਸਰ ਨਹੀਂ ਹੋਇਆ ਅਤੇ ਪ੍ਰੀਤੀ ਜ਼ਿੰਟਾ ਨੇ ਅਦਾਲਤ ਵਿੱਚ ਆਪਣਾ ਬਿਆਨ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ। ਉਹ ਇਕਲੌਤੀ ਗਵਾਹ ਸੀ ਜਿਸਨੇ ਅਦਾਲਤ ਵਿੱਚ ਆਪਣੇ ਪਹਿਲੇ ਬਿਆਨ ਨੂੰ ਦੁਹਰਾਇਆ ਅਤੇ ਸਰਕਾਰੀ ਵਕੀਲ ਦਾ ਸਮਰਥਨ ਕੀਤਾ। ਪ੍ਰੀਤੀ ਨੇ ਅੰਡਰਵਰਲਡ ਦਾ ਸਾਹਮਣਾ ਕੀਤਾ ਅਤੇ ਅਦਾਲਤ ਵਿੱਚ ਉਨ੍ਹਾਂ ਵਿਰੁੱਧ ਗਵਾਹੀ ਵੀ ਦਿੱਤੀ। ਅਦਾਲਤ ਵਿੱਚ ਗਵਾਹੀ ਦੇਣ ਤੋਂ ਬਾਅਦ ਪ੍ਰੀਤੀ ਜ਼ਿੰਟਾ ਨੂੰ ਦੋ ਮਹੀਨਿਆਂ ਲਈ ਗਵਾਹ ਸੁਰੱਖਿਆ ਵਿੱਚ ਰੱਖਿਆ ਗਿਆ ਅਤੇ ਉਹ ਜਨਤਕ ਜੀਵਨ ਤੋਂ ਦੂਰ ਰਹੀ। ਉਸਦੇ ਇਸ ਕਦਮ ਦੀ ਦੇਸ਼ ਭਰ ਵਿੱਚ ਪ੍ਰਸ਼ੰਸਾ ਕੀਤੀ ਗਈ। ਇਸ ਬਹਾਦਰੀ ਲਈ ਪ੍ਰੀਤੀ ਨੂੰ ਰੈੱਡ ਐਂਡ ਵ੍ਹਾਈਟ ਬ੍ਰੇਵਰੀ ਐਵਾਰਡ ਦੇ ਮਾਈਂਡ ਆਫ਼ ਸਟੀਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਸਾਲ 2011 ਵਿੱਚ ਪ੍ਰਸਿੱਧ ਫਿਲਮ ਨਿਰਮਾਤਾ ਕਮਲ ਅਮਰੋਹੀ ਦੇ ਬੇਟੇ ਸ਼ਾਨਦਾਰ ਅਮਰੋਹੀ ਨੇ ਐਲਾਨ ਕੀਤਾ ਸੀ ਕਿ ਉਹ ਆਪਣੀ 600 ਕਰੋੜ ਦੀ ਜਾਇਦਾਦ ਪ੍ਰੀਤੀ ਜ਼ਿੰਟਾ ਨੂੰ ਟ੍ਰਾਂਸਫਰ ਕਰ ਦੇਵੇਗਾ। ਉਹ ਪ੍ਰੀਤੀ ਨੂੰ ਆਪਣੀ ਧੀ ਵਾਂਗ ਸਮਝਦਾ ਸੀ ਕਿਉਂਕਿ ਪ੍ਰੀਤੀ ਨੇ ਇੱਕ ਪ੍ਰੀਵਾਰਕ ਝਗੜੇ ਦੌਰਾਨ ਉਸਦਾ ਬਹੁਤ ਸਾਥ ਦਿੱਤਾ ਸੀ। ਪ੍ਰੀਤੀ ਨੇ ਇਹ ਕਹਿ ਕੇ 600 ਕਰੋੜ ਦੀ ਪ੍ਰਾਪਰਟੀ ਲੈਣ ਤੋਂ ਨਾਂਹ ਕਰ ਦਿੱਤੀ ਸੀ ਕਿ ਉਸਨੂੰ ਕਿਸੇ ਹੋਰ ਦੀ ਜਾਇਦਾਦ ਦੀ ਕੋਈ ਲੋੜ ਨਹੀਂ ਹੈ ਅਤੇ ਪਰਮਾਤਮਾ ਦਾ ਦਿੱਤਾ ਉਸ ਕੋਲ ਬਹੁਤ ਕੁੱਝ ਹੈ। ਪ੍ਰੀਤੀ ਨੇ ਸਪੱਸ਼ਟ ਕੀਤਾ ਸੀ ਕਿ ਉਸਨੇ ਫਰਜ਼ ਸਮਝਕੇ ਲੋੜ ਵੇਲੇ ਇਹ ਮੱਦਦ ਸਿਰਫ ਇੱਕ ਦੋਸਤ ਅਤੇ ਸਹਾਇਕ ਵਜੋਂ ਕੀਤੀ ਸੀ।
ਜਦੋਂ ਫਿਲਮ ਦਬੰਗ ਰਿਲੀਜ਼ ਹੋਈ ਸੀ ਤਾਂ ਪ੍ਰੀਤੀ ਜ਼ਿੰਟਾ ਦਰਸ਼ਕਾਂ ਦੀ ਪ੍ਰਤੀਕਿਰਿਆ ਦੇਖਣ ਲਈ ਬੁਰਕਾ ਪਾ ਕੇ ਗੈਟੀ ਥੀਏਟਰ ਵੀ ਗਈ ਸੀ। ਫਿਲਮ ਦੌਰਾਨ ਉਸਨੇ ਸਲਮਾਨ ਦੇ ਕੱੁਝ ਦ੍ਰਿਸ਼ਾਂ ‘ਤੇ ਬਾਕੀ ਦਰਸ਼ਕਾਂ ਨਾਲ ਸੀਟੀਆਂ ਵੀ ਮਾਰੀਆਂ।
ਪ੍ਰੀਤੀ ਜ਼ਿੰਟਾ ਆਪਣੇ ਪ੍ਰਸ਼ੰਸਕਾਂ ਦੇ ਸਵਾਲਾਂ ਦੇ ਜਵਾਬ ਵੀ ਬੜੀ ਹੀ ਬੇਬਾਕੀ ਨਾਲ ਦਿੰਦੀ ਹੈ। ਇੱਕ ਯੂਜ਼ਰ ਨੇ ਪ੍ਰੀਤੀ ਜ਼ਿੰਟਾ ਨੂੰ ਟੈਗ ਕਰਦਿਆਂ ਲਿਖਿਆ, “ਮੈਡਮ, ਹਰ ਵਾਰ ਜਦੋਂ ਮੈਂ ਤੁਹਾਡੀ ਫਿਲਮ ‘ਕੱਲ੍ਹ ਹੋ ਨਾ ਹੋ’ ਦੇਖਦੀ ਹਾਂ ਤਾਂ ਮੈਂ ਇੱਕ ਬੱਚੇ ਵਾਂਗ ਰੋਣ ਲੱਗ ਪੈਂਦੀ ਹਾਂ। ਤੁਸੀਂ ਨੈਨਾ ਕੈਥਰੀਨ ਕਪੂਰ ਦਾ ਕਿਰਦਾਰ ਬਹੁਤ ਸ਼ਾਨਦਾਰ ਢੰਗ ਨਾਲ ਨਿਭਾਇਆ। ਇਸ ਤੋਂ ਮੈਂ ਇੱਕ ਸਬਕ ਸਿੱਖਿਆ ਕਿ ਕਈ ਵਾਰ ਪਿਆਰ ਦਾ ਮਤਲਬ ਹੈ ਛੱਡ ਦੇਣਾ।” ਇਸ ਦੇ ਜਵਾਬ ਵਿੱਚ ਅਦਾਕਾਰਾ ਨੇ ਦੱਸਿਆ ਕਿ ਉਸਦਾ ਪਹਿਲਾ ਪਿਆਰ ਸੜਕ ਹਾਦਸੇ ਵਿੱਚ ਕਿਵੇਂ ਮਾਰਿਆ ਗਿਆ ਸੀ। ਪ੍ਰੀਤੀ ਨੇ ਲਿਖਿਆ, “ਹਾਂ, ਮੈਂ ਵੀ ਹਰ ਵਾਰ ਇਸਨੂੰ ਦੇਖ ਕੇ ਰੋਂਦੀ ਹਾਂ ਅਤੇ ਜਦੋਂ ਅਸੀਂ ਇਸ ਦ੍ਰਿਸ਼ ਨੂੰ ਫਿਲਮਾ ਰਹੇ ਸੀ ਤਾਂ ਮੈਂ ਵੀ ਰੋਈ! ਮੇਰਾ ਪਹਿਲਾ ਪਿਆਰ ਇੱਕ ਕਾਰ ਹਾਦਸੇ ਵਿੱਚ ਮਾਰਿਆ ਗਿਆ ਸੀ, ਇਸ ਲਈ ਇਹ ਫਿਲਮ ਹਮੇਸ਼ਾ ਮੈਨੂੰ ਇੱਕ ਵੱਖਰੇ ਤਰੀਕੇ ਨਾਲ ਮਾਰਦੀ ਹੈ। ਸੱਚ ਇਹ ਹੈ ਕਿ ਸਾਰੇ ਕਲਾਕਾਰ ਜ਼ਿਆਦਾਤਰ ਦ੍ਰਿਸ਼ਾਂ ਵਿੱਚ ਕੁਦਰਤੀ ਤੌਰ ‘ਤੇ ਰੋਏ ਅਤੇ ਅਮਨ ਦੇ ਮੌਤ ਦੇ ਦ੍ਰਿਸ਼ ਵਿੱਚ ਹਰ ਕੋਈ ਕੈਮਰੇ ਦੇ ਸਾਹਮਣੇ ਅਤੇ ਪਿੱਛੇ ਰੋ ਰਿਹਾ ਸੀ।”
ਪ੍ਰੀਤੀ ਜ਼ਿੰਟਾ ਨੇ 2016 ਵਿੱਚ ਆਪਣੇ ਤੋਂ 10 ਸਾਲ ਛੋਟੇ ਅਮਰੀਕਨ ਕਾਰੋਬਾਰੀ ਜੀਨ ਗੁਡਨਿਫ ਨਾਲ ਵਿਆਹ ਕੀਤਾ। ਵਿਆਹ ਤੋਂ ਬਾਅਦ ਪ੍ਰੀਤੀ ਲਾਸ ਏਂਜਲਸ ਚਲੀ ਗਈ। ਉਹ 2021 ਵਿੱਚ ਸਰੋਗੇਸੀ ਰਾਹੀਂ ਦੋ ਜੁੜਵਾਂ ਬੱਚਿਆਂ ਪੁੱਤਰ ਜੈ ਅਤੇ ਧੀ ਜੀਆ ਦੀ ਮਾਂ ਬਣੀ ਅਤੇ ਇਸ ਵੇਲੇ ਬੇਵਰਲੀ ਹਿੱਲਜ਼ ਵਿੱਚ ਰਹਿੰਦਿਆਂ ਖੁਸ਼ਹਾਲ ਜ਼ਿੰਦਗੀ ਜੀਅ ਰਹੀ ਹੈ। 2009 ਵਿੱਚ ਆਪਣੇ 34ਵੇਂ ਜਨਮਦਿਨ ‘ਤੇ ਪ੍ਰੀਤੀ ਜ਼ਿੰਟਾ ਨੇ ਰਿਸ਼ੀਕੇਸ਼ ਵਿੱਚ ‘ਮਦਰ ਮਿਰੇਕਲ’ ਅਨਾਥ ਆਸ਼ਰਮ ਤੋਂ 34 ਕੁੜੀਆਂ ਨੂੰ ਗੋਦ ਲਿਆ ਵੀ ਲਿਆ ਹੋਇਆ ਹੈ ਜਿਹਨਾਂ ਦੇ ਪਾਲਣ-ਪੋਸ਼ਣ ਦਾ ਸਾਰਾ ਖਰਚਾ ਉਹ ਦਿੰਦੀ ਹੈ। ਇਸ ਤਰ੍ਹਾਂ ਨਾਲ ਇਸ ਬਾਲੀਵੁੱਡ ਦੀ ਅਦਾਕਾਰਾ ਨੂੰ ਇਸ ਵੇਲੇ 2+34 = 36 ਬੱਚਿਆਂ ਦੀ ਮਾਂ ਸਮਝਿਆ ਜਾ ਸਕਦਾ ਹੈ।
ਅਦਾਕਾਰੀ ਤੋਂ ਇਲਾਵਾ ਪ੍ਰੀਤੀ ਖੇਡਾਂ ਵਿੱਚ ਵੀ ਬਹੁਤ ਸਰਗਰਮ ਹੈ। ਉਹ ਆਈਪੀਐਲ ਟੀਮ ਪੰਜਾਬ ਕਿੰਗਜ਼ ਦੀ ਸਹਿ-ਮਾਲਕ ਵੀ ਹੈ। ਪ੍ਰੀਤੀ ਜ਼ਿੰਟਾ ਲਗਜ਼ਰੀ ਕਾਰਾਂ ਦੀ ਵੀ ਬਹੁਤ ਸ਼ੌਕੀਨ ਹੈ। ਉਸ ਕੋਲ ਲੈਕਸਸ ਼ਐਲਐਕਸ 470, ਮਰਸੀਡੀਜ਼-ਬੈਂਜ਼ ਈ-ਕਲਾਸ, ਰੇਂਜ ਰੋਵਰ ਵੋਗ, ਮਰਸੀਡੀਜ਼-ਜੀਐਲਐਸ 350 ਡੀ, ਬੀ ਐਮ ਡਬਲਯੂ, ਮਿਸਬਿਸ਼ੀ ਲੈਂਸਰ ਆਦਿ ਕਈ ਤਰ੍ਹਾਂ ਦੀਆਂ ਕਾਰਾਂ ਦੀ ਕੁਲੈਕਲਸ਼ਨ ਵੀ ਹੈ।
ਗਲੈਮਰ ਦੀ ਦੁਨੀਆ ਵਿੱਚ ਇੱਕ ਮਾਡਲ ਵਜੋਂ ਪ੍ਰਵੇਸ਼ ਕਰਨ ਤੋਂ ਬਾਅਦ ਪ੍ਰੀਤੀ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਮਣੀ ਰਤਨਮ ਦੀ ਫਿਲਮ ਨਾਲ ਕੀਤੀ ਸੀ ਅਤੇ ਆਪਣੇ 28 ਸਾਲਾਂ ਦੇ ਕਰੀਅਰ ਵਿੱਚ ਉਹ ਲਗਭਗ 40 ਫਿਲਮਾਂ ਵਿੱਚ ਨਜ਼ਰ ਆਈ। ਫਿਲਮ ਦਿਲ ਚਾਹਤਾ ਹੈ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਦਿਆਂ ਪ੍ਰੀਤੀ ਨੇ ਦਿਲ ਚਾਹਤਾ ਹੈ, ਕੱਲ੍ਹ ਹੋ ਨਾ ਹੋ, ਕੋਈ ਮਿਲ ਗਿਆ, ਵੀਰ-ਜ਼ਾਰਾ ਅਤੇ ਕਭੀ ਅਲਵਿਦਾ ਨਾ ਕਹਿਣਾ ਵਰਗੀਆਂ ਕਈ ਸੁਪਰਹਿੱਟ ਫਿਲਮਾਂ ਵਿੱਚ ਕੰਮ ਕੀਤਾ ਹੈ। ਉਸਨੇ ਨਾ ਸਿਰਫ਼ ਰੋਮਾਂਟਿਕ ਭੂਮਿਕਾਵਾਂ ਨਿਭਾਈਆਂ ਸਗੋਂ ‘ਕਿਆ ਕਹਿਨਾ’ ਵਿੱਚ ਇੱਕ ਅਣਵਿਆਹੀ ਮਾਂ ਦੀ ਭੂਮਿਕਾ ਨਿਭਾਅ ਕੇ ਉਸ ਯੁੱਗ ਦੀਆਂ ਸਮਾਜਿਕ ਪਾਬੰਦੀਆਂ ਨੂੰ ਵੀ ਚੁਣੌਤੀ ਦਿੱਤੀ। ਉਸਨੇ ਆਖਰੀ ਵਾਰ ਸੰਨੀ ਦਿਓਲ ਨਾਲ ਫਿਲਮ “ਭਈਆਜੀ ਸੁਪਰਹਿੱਟ” ਵਿੱਚ ਕੰਮ ਕੀਤਾ ਸੀ।
ਪ੍ਰੀਤੀ ਜਿ਼ੰਟਾ ਜਲਦੀ ਹੀ ਇੱਕ ਵਾਰ ਫਿਰ ਵੱਡੇ ਪਰਦੇ ਦੇ ਉਪਰ ਦਿਖਾਈ ਦੇਵੇਗੀ ਅਤੇ ਫਿਲਮ ‘ਲਾਹੌਰ 1947’ ਵਿੱਚ ਸੰਨੀ ਦਿਓਲ ਦੇ ਨਾਲ ਦਿਖਾਈ ਦੇਵੇਗੀ। ਵੰਡ ਦੇ ਪਿਛੋਕੜ ‘ਤੇ ਬਣੀ ਪ੍ਰੋਡਿਊਸਰ ਆਮਿਰ ਖਾਨ ਅਤੇ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਦੀ ਇਹ ਫਿਲਮ ਇਸੇ ਸਾਲ 2026 ਵਿੱਚ ਰਿਲੀਜ਼ ਹੋਣ ਦੀ ਉਮੀਦ ਹੈ ਜਿਸ ਦਾ ਦਰਸ਼ਕਾਂ ਅਤੇ ਪ੍ਰੀਤੀ ਦੇ ਪ੍ਰਸ਼਼ੰਸਕਾਂ ਦੇ ਵਲੋਂ ਬੇ-ਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।