ਭਗਵੰਤ ਮਾਨ ਨੂੰ 19 ਜੁਲਾਈ ਤੱਕ ਅਹੁਦੇ ਤੋਂ ਲਾਹੁਣ ਲਈ ਸ਼੍ਰੋਮਣੀ ਅਕਾਲੀ ਦਲ ਦਾ ਅਲਟੀਮੇਟਮ !

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ।

ਚੰਡੀਗੜ੍ਹ – ਵਾਇਰਲ ਵੀਡੀਓ ਦੇ ਮੁੱਦੇ ਨੂੰ ਲੈਕੇ ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਨੂੰ ਹਟਾਏ ਜਾਣ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪੰਜਾਬ ਵਿਧਾਨ ਸਭਾ ਦੀਆਂ ਸਾਰੀਆਂ ਕਾਰਵਾਈਆਂ ਦਾ ਬਾਈਕਾਟ ਕਰਨਗੇ। ਭਗਵੰਤ ਮਾਨ ਨੂੰ ਬਰਖਾਸਤ ਕਰਨ ਦੇ ਲਈ ਆਮ ਆਦਮੀ ਪਾਰਟੀ ਨੂੰ 19 ਜੁਲਾਈ ਤੱਕ ਦਾ ਸਮਾਂ ਦਿੱਤਾ ਹੈ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਉਹ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਜਾਵੇਗਾ ਜਿਸਦੀ ਅਗਵਾਈ ਸੰਤ ਸਮਾਜ ਵੱਲੋਂ ਕੀਤੀ ਜਾਵੇਗੀ। ਇਸ ਵਾਰੇ ਸਾਰੀਆਂ ਪਾਰਟੀਆਂ ਨਾਲ ਸੰਪਰਕ ਕੀਤਾ ਜਾਵੇਗਾ।

ਇਸ ਸਮੇਂ ਪੰਜਾਬ ‘ਚ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਦੀ ਕਥਿਤ ਵੀਡੀਓ ਨੂੰ ਲੈ ਕੇ ਮਾਮਲਾ ਕਾਫੀ ਭਖਿਆ ਹੋਇਆ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸੀਐੱਮ ਭਗਵੰਤ ਮਾਨ ਨੂੰ ਗੁਰੂ ਦੋਖੀ ਐਲਾਨੇ ਜਾਣ ਮਗਰੋਂ ਹਰ ਪਾਸੇ ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਮਾਨ ਖਿਲਾਫ ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਜਾਹਿਰ ਕੀਤਾ ਜਾ ਰਿਹਾ ਹੈ। ਇਸੇ ਦੇ ਚੱਲਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਮੁੱਦੇ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਸਦੀ ਜਾਣਕਾਰੀ ਦਿੱਤੀ ਗਈ ਹੈ। ਇਸ ਪ੍ਰੈਸ ਕਾਨਫਰੰਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਵਾਇਰਲ ਵੀਡੀਓ ਨੂੰ ਲੈ ਕੇ ਸੀਐੱਮ ਭਗਵੰਤ ਮਾਨ ਖਿਲਾਫ ਵੱਡਾ ਐਲਾਨ ਕਰਦਿਆਂ ਕਿਹਾ ਕਿ ਜਦੋਂ ਤੱਕ ਪੰਜਾਬ ਵਿਧਾਨ ਸਭਾ ‘ਚ ਸੀਐੱਮ ਮਾਨ ਹਨ ਉਸ ਸਮੇਂ ਤੱਕ ਅਕਾਲੀ ਦਲ ਦਾ ਕੋਈ ਵੀ ਵਿਧਾਇਕ ਵਿਧਾਨਸਭਾ ‘ਚ ਨਹੀਂ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਕਾਲੀ ਦਲ ਵੱਲੋਂ ਪੰਜ ਮੈਂਬਰੀ ਕਮੇਟੀ ਬਣਾਈ ਜਾਵੇਗੀ ਜਿਸਦੀ ਅਗਵਾਈ ਬਲਵਿੰਦਰ ਸਿੰਘ ਭੂੰਦੜ ਕਰਨਗੇ। ਇਸ ਕਮੇਟੀ ‘ਚ ਦਲਜੀਤ ਸਿੰਘ ਚੀਮਾ, ਮਹੇਸ਼ਇੰਦਰ ਸਿੰਘ ਗਰੇਵਾਲ ਤੇ ਅਮਰਜੀਤ ਸਿੰਘ ਚਾਵਲਾ ਮੈਂਬਰ ਹੋਣਗੇ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਦੋਸ਼ ਲਾਇਆ ਕਿ ਵੀਡੀਓ ਜਿਸ ਵਿਚ ਭਗਵੰਤ ਮਾਨ ਸ਼ਰਾਬੀ ਹਾਲਤ ਵਿਚ ਸਾਡੇ ਮਹਾਨ ਸਿੱਖ ਸਾਹਿਬਾਨ ਅਤੇ ਸਿੱਖ ਜਰਨੈਲਾਂ ਦੀਆਂ ਤਸਵੀਰਾਂ ‘ਤੇ ਸ਼ਰਾਬ ਸੁੱਟਦਾ ਨਜ਼ਰ ਆਉਂਦਾ ਹੈ, ਪਿਛਲੇ ਇਕ ਸਾਲ ਤੋਂ ਜਨਤਕ ਹੈ। ਉਹਨਾਂ ਕਿਹਾ ਕਿ ਇਹ ਵੀਡੀਓ ਉਹਨਾਂ ਦੇ ਆਪਣੇ ਹੀ ਇੱਕ ਦੋਸਤ ਨੇ ਜਨਤਕ ਕੀਤੀ ਹੈ ਤੇ ਇਸ ਮਾਮਲੇ ਵਿਚ ਉਹਨਾਂ ਖਿਲਾਫ ਅਕਤੂਬਰ 2025 ਵਿਚ ਐਫ ਆਈ ਆਰ ਵੀ ਦਰਜ ਕੀਤੀ ਗਈ। ਐਫ ਆਈ ਆਰ ਅਤੇ ਕੋਰਟ ਕੇਸ ਵਿਚ ਸਰਕਾਰ ਨੇ ਪਹਿਲਾਂ ਆਖਿਆ ਕਿ ਇਹ ਵੀਡੀਓ ਜਾਅਲੀ ਹੈ ਅਤੇ ਏ ਆਈ ਦੀ ਮਦਦ ਨਾਲ ਭਗਵੰਤ ਮਾਨ ਦੇ ਅਕਸ ਨੂੰ ਸੱਟ ਮਾਰੀ ਗਈ ਹੈ। ਜਦੋਂ ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਇਹ ਏ ਆਈ ਨਾਲ ਬਣਾਈ ਵੀਡੀਓ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਉਹਨਾਂ ਨੂੰ ਪੁੱਛਿਆ ਕਿ ਉਹ ਦੋ ਫੋਰੈਂਸਿਕ ਲੈਬਾਂ ਦੱਸ ਦੇਣ ਜਿਥੋਂ ਵੀਡੀਓ ਦੀ ਜਾਂਚ ਕਰਵਾਈ ਜਾ ਸਕੇ ਪਰ ਛੇ ਮਹੀਨਿਆਂ ਤੱਕ ਉਹ ਚੁੱਪ ਰਹੇ। ਉਹਨਾਂ ਨੇ ਇਸ ਮਾਮਲੇ ਵਿਚ ਜਥੇਦਾਰ ਸਾਹਿਬ ਵੱਲੋਂ ਭੇਜੇ ਦੋ ਪੱਤਰਾਂ ਦਾ ਵੀ ਜਵਾਬ ਨਹੀਂ ਦਿੱਤਾ। ਉਹਨਾਂ ਦੇ ਇਸ ਰੁੱਖੇ ਵਿਵਹਾਰ ਕਾਰਨ ਜਥੇਦਾਰ ਸਾਹਿਬ ਨੇ ਵੀਡੀਓ ਦੇਸ਼ ਦੀਆਂ ਦੋ ਪ੍ਰਮੁੱਖ ਲੈਬਾਂ ਕੋਲ ਭੇਜ ਦਿੱਤੀ ਜਿਹਨਾਂ ਨੇ ਵੀਡੀਓ ਨੂੰ ਸਹੀ ਪਾਇਆ। ਹੁਣ ਅਚਨਚੇਤ ਹੀ ਉਹ ਜਨਤਕ ਤੌਰ ‘ਤੇ ਅਸਲੀਅਤ ਮੰਨਣ ਤੋਂ ਇਨਕਾਰੀ ਹੋ ਗਏ ਹਨ ਅਤੇ ਦਾਅਵਾ ਕਰ ਰਹੇ ਹਨ ਕਿ ਵੀਡੀਓ ਵਿਚਲਾ ਸ਼ਖਸ਼ ਉਹ ਨਹੀਂ ਹਨ। ਉਹਨਾਂ ਦੋਸ਼ ਲਾਇਆ ਕਿ ਜਦੋਂ ਅਸਲੀਅਤ ਬੇਨਕਾਬ ਹੋਈ ਤਾਂ ਹੁਣ ਉਸ ਨੇ ਲੁਧਿਆਣਾ ਪੁਲਿਸ ਅਧਿਕਾਰੀ ਦੀ ਮਿਲੀਭੁਗਤ ਨਾਲ 2 ਦਿਨਾਂ ਦੇ ਅੰਦਰ-ਅੰਦਰ ਦੋ ਨਕਲੀ ਲੈਬ ਰਿਪੋਰਟਾਂ ਤਿਆਰ ਕਰਵਾ ਲਈਆਂ ਹਨ, ਜਦਕਿ ਇੰਨੇ ਘੱਟ ਸਮੇਂ ਵਿਚ ਇਹ ਪਰਖ ਅਸੰਭਵ ਹੈ। ਕਿਸੇ ਵੀ ਫੋਰੈਂਸਿਕ ਲੈਬ ਨੂੰ ਜਾਂਚ ਵਾਸਤੇ ਘੱਟ ਤੋਂ ਘੱਟ 4 ਹਫਤੇ ਲੱਗਦੇ ਹਨ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਜੇਕਰ ਉਹ ਦੋਸ਼ੀ ਨਹੀਂ ਹਨ ਤਾਂ ਉਹਨਾਂ ਨੇ ਇਸ ਵੀਡੀਓ ਦੀ ਜਾਂਚ ਕੇਂਦਰੀ ਫੋਰੈਂਸਿੰਕ ਸਾਇੰਸ ਲੈਬਾਰਟਰੀ ਤੋਂ ਕਿਉਂ ਨਹੀਂ ਕਰਵਾਈ ਜੋ ਚੰਡੀਗੜ੍ਹ ਵਿੱਚ ਹੀ ਹੈ। ਹੁਣ ਮੇਨੂੰ ਪਤਾ ਲੱਗਾ ਹੈ ਕਿ ਉਹਨਾਂ ਨੇ ਮਾਮਲੇ ਦੀ ਜਾਂਚ ਵਾਸਤੇ ਪੰਜਾਬ ਦੇ ਡੀ ਜੀ ਪੀ ਕੋਲ ਪਹੁੰਚ ਕੀਤੀ ਹੈ। ਮੈਂ ਚੁਣੌਤੀ ਦਿੰਦਾ ਹਾਂ ਕਿ ਜੇਕਰ ਮੁੱਖ ਮੰਤਰੀ ਇਸ ਘਿਨੌਣੇ ਅਪਰਾਧ ਦੇ ਦੋਸ਼ੀ ਨਹੀਂ ਹਨ ਤਾਂ ਮਾਮਲੇ ਦੀ ਸੀ ਬੀ ਆਈ ਜਾਂਚ ਕਰਵਾਈ ਜਾਵੇ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਬੇਅਦਬੀਆਂ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਆਮ ਆਦਮੀ ਪਾਰਟੀ ਪੰਜਾਬ ਵਿਚ ਆਈ। ਆਮ ਆਦਮੀ ਪਾਰਟੀ ਦੇ ਐਮ ਐਲ ਏ ਨਰੇਸ਼ ਯਾਦਵ ਨੂੰ ਅਦਾਲਤ ਨੇ 2016 ਵਿਚ ਕੁਰਾਨ ਸ਼ਰੀਫ ਦੀ ਕੀਤੀ ਬੇਅਦਬੀ ਦਾ ਦੋਸ਼ੀ ਠਹਿਰਾਇਆ ਹੈ।  ਯਾਦਵ ਨੂੰ ਪਾਰਟੀ ਵਿਚੋਂ ਕੱਢਣ ਦੇ ਬਜਾਏ ਕੇਜਰੀਵਾਲ ਨੇ ਉਸਨੂੰ ਫਿਰ ਤੋਂ ਦਿੱਲੀ ਵਿਚ ਐਮ ਐਲ ਏ ਟਿਕਟ ਦਿੱਤੀ। ਸੁਖਬੀਰ ਬਾਦਲ ਨੇ ਕਿਹਾ ਕਿ ਵਿੱਤ ਮੰਤਰੀ ਹਰਪਾਲ ਚੀਮਾ ਜੋ ਅੱਜ ਖੁਦ ਭਗਵੰਤ ਮਾਨ ਦੀ ਵਕਾਲਤ ਕਰ ਰਹੇ ਹਨ, ਨੇ ਖੁਦ ਨਰੇਸ਼ ਯਾਦਵ ਦਾ ਕੇਸ ਲੜਿਆ ਸੀ। ਸਰਦਾਰ ਚੀਮਾ ਇਸ ਅਤਿ ਸੰਵੇਦਨਸ਼ੀਲ ਮੁੱਦੇ ‘ਤੇ ਖਾਲਸਾ ਪੰਥ ਨੂੰ ਚੁਣੌਤੀ ਦੇ ਰਹੇ ਹਨ, ਉਹ ਅਜਿਹਾ ਕਰਨ ਤੋਂ ਗੁਰੇਜ਼ ਕਰਨ।

ਇੱਕ ਸਵਾਲ ਦੇ ਜਵਾਬ ਵਿਚ ਬਾਦਲ ਨੇ ਕਿਹਾ ਕਿ ਕਦੇ ਵੀ ਕਿਸੇ ਵੀ ਜਾਂਚ ਕਮਿਸ਼ਨ ਜਾਂ ਏਜੰਸੀ ਨੇ ਕਿਸੇ ਵੀ ਅਕਾਲੀ ਆਗੂ ਜਾਂ ਵਰਕਰ ਦਾ ਨਾਮ ਜਾਂਚ ਵਿਚ ਨਹੀਂ ਲਿਆ। ਉਹਨਾਂ ਨੇ ਜਸਟਿਸ ਜ਼ੋਰਾ ਸਿੰਘ (ਰਿਟਾæ) ਦਾ ਹਵਾਲਾ ਵੀ ਦਿੱਤਾ ਜਿਹਨਾਂ ਨੇ ਆਮ ਆਦਮੀ ਪਾਰਟੀ ਲੀਡਰਸ਼ਿਪ ‘ਤੇ ਪੰਜਾਬ ਵਿਚ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਹੋਣ ਦਾ ਦੋਸ਼ ਲਗਾਇਆ ਸੀ। ਉਹਨਾਂ ਨੇ ਭਗਵੰਤ ਮਾਨ ਵੱਲੋਂ ਖੁਦ ਜਾਰੀ ਕੀਤੀ ਬਰਗਾੜੀ ਬੇਅਦਬੀ ਜਾਂਚ ਰਿਪੋਰਟ ਦਾ ਵੀ ਜ਼ਿਕਰ ਕੀਤਾ ਜਿਸ ਵਿਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੰਜਾਬ ਵਿਚ ਬੇਅਦਬੀਆਂ ਦਾ ਦੋਸ਼ੀ ਠਹਿਰਾਇਆ ਗਿਆ ਸੀ। ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਤਾਂ ਰਿਪੋਰਟ ਵਿਚ ਦੋਸ਼ੀ ਠਹਿਰਾਏ ਵਿਅਕਤੀਆਂ ਖਿਲਾਫ ਅੱਜ ਤੱਕ ਕਾਰਵਾਈ ਹੀ ਨਹੀਂ ਕੀਤੀ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਭਗਵੰਤ ਮਾਨ ਸਰਕਾਰ ਨੇ ਅੱਜ ਤੱਕ ਡੇਰਾ ਸਿਰਸਾ ਮੁਖੀ ਖਿਲਾਫ ਮੁਕੱਦਮਾ ਚਲਾਉਣ ਦੀ ਆਗਿਆ ਵੀ ਨਹੀਂ ਦਿੱਤੀ।

Related posts

52 ਸਾਲਾਂ ਬਾਅਦ ਮੈਚ ਜਿੱਤ ਕੇ ਕਾਂਗੋ ਨੇ ਫੀਫਾ ਵਿਸ਼ਵ ਕੱਪ ‘ਚ ਇਤਿਹਾਸ ਰਚਿਆ।

14 ਸ਼ਰਤਾਂ ‘ਤੇ ਅਮਰੀਕਾ-ਈਰਾਨ ਸਹਿਮਤ : 111 ਦਿਨਾਂ ਤੋਂ ਚੱਲ ਰਹੇ ਯੁੱਧ ਦੇ ਅੰਤ ਲਈ ਸਮਝੌਤੇ ‘ਤੇ ਦਸਤਖਤ !

ਜੇ ਕਮਾਂਡਰ ਸੁਲੇਮਾਨੀ ਨਾ ਮਰਦਾ ਤਾਂ ਅੱਜ ਈਰਾਨ-ਅਮਰੀਕਾ ਸਮਝੌਤਾ ਸੰਭਵ ਨਾ ਹੁੰਦਾ – ਟਰੰਪ