ਪੰਜਾਬ ਦੀ ਮਿੱਟੀ ਦਾ ਜਾਇਆ ਟਿੱਬਿਆਂ ਦਾ ਪੁੱਤ ਸ਼ੁਭਦੀਪ ਸਿੰਘ !

ਲੇਖਕ: ਗਗਨਦੀਪ ਸਿੰਘ ਗੁਰਾਇਆ, ਐਡਵੋਕੇਟ,
ਫ਼ਤਹਿਗੜ੍ਹ ਸਾਹਿਬ

ਪੰਜਾਬ ਦੀ ਤਾਸੀਰ ਕੁਝ ਵੱਖਰੀ ਜਿਹੀ ਏ। ਇੱਥੇ ਸੂਰਮੇ, ਮਰਦ ਦਲੇਰਾਂ ਦੀਆਂ ਹਮੇਸ਼ਾਂ ਹੀ ਬਾਤਾਂ ਪੈਂਦੀਆਂ ਨੇ। ਭਾਵੇਂ ਉਹ ਕਿਸੇ ਵੀ ਖੇਤਰ ਜਾਂ ਖਿੱਤੇ ਦੇ ਹੋਣ। ਪੰਜਾਬ ਪ੍ਰਤੀ ਕੀਤੀ ਵਫ਼ਾਦਾਰੀ ਦਾ ਲੋਕ ਮੁੱਲ ਜ਼ਰੂਰ  ਮੋੜਦੇ ਨੇ। ਅਣਖ ਤੇ ਦਲੇਰੀ ਦੀ ਗੁੜ੍ਹਤੀ ਇਹਨਾਂ ਦੇ ਲਹੂ ਵਿਚ ਦੌੜਦੀ ਹੈ। ਭੀੜ ‘ਚੋਂ ਲਾਂਭੇ ਹਟ ਕੇ ਜੁਰਅਤ ਨਾਲ ਮੂੰਹ ਤੇ ਸੱਚੀ ਗੱਲ ਆਖਣ ਵਾਲੇ ਨੂੰ ਲੋਕ ਚਿਰਾਂ ਤੱਕ ਯਾਦ ਰੱਖਦੇ ਨੇ।

ਅਜਿਹਾ ਹੀ ਇਕ ਨੌਜਵਾਨ ਮਾਲਵੇ ਦੇ ਰੇਤਲੇ ਟਿੱਬਿਆਂ ਵਿੱਚ ਜਨਮਿਆ ਤੇ ਭਰ ਜਵਾਨੀ ਉਮਰੇ ਟਿੱਬਿਆਂ ਵਿੱਚ ਹੀ ਸਮਾ ਗਿਆ। ਮਾਨਸਾ ਦੇ ਪਿੰਡ ਮੂਸੇ ਵਿਚ ਸਿੱਧੂਆਂ ਦੇ ਘਰੇ ਫੌਜੀ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਦੇ ਘਰ ਜਨਮਿਆ ਸ਼ੁਭਦੀਪ ਸਿੰਘ ਅਜਿਹੀਆਂ ਪੈੜਾਂ ਪਾ ਗਿਆ ਕਿ ਮੂਸੇ ਪਿੰਡ ਨੂੰ ਪੂਰੀ ਦੁਨੀਆਂ ਵਿੱਚ ਚਮਕਾ ਗਿਆ। ਉਸ ਨੇ ਆਪਣੇ ਨਾਮ ਨਾਲੋਂ ਪਿੰਡ ਦੇ ਨਾਮ ਨੂੰ ਜ਼ਿਆਦਾ ਤਰਜੀਹ ਦਿੱਤੀ। ‘ਸਿੱਧੂ ਮੂਸੇ ਵਾਲਾ’ ਦੇ ਨਾਮ ਦਾ ਇਕ ਬ੍ਰਾਂਡ ਸਥਾਪਿਤ ਕਰ ਗਿਆ। ਭਰ ਜਵਾਨੀ ਵਿੱਚ ਵਹਿਸ਼ੀ ਦਰਿੰਦਿਆਂ ਵੱਲੋਂ ਕੀਤਾ ਉਸ ਦਾ ਕਤਲ ਪੰਜਾਬ ਦੇ ਮੱਥੇ ‘ਤੇ ਇਕ ਹੋਰ ਨਾਸੂਰ ਛੱਡ ਗਿਆ। ਇਕਲੌਤੇ ਗੱਭਰੂ ਪੁੱਤਰ ਦੇ ਜਾਣ ਦਾ ਸੱਲ ਮਾਪੇ ਕਿਵੇਂ ਹੰਢਾਉਣਗੇ? ਇਹ ਉਹ ਤੇ ਜਾਂ ਉਹਨਾਂ ਦਾ ਰੱਬ ਹੀ ਜਾਣਦੈ।
ਉਹ ਮਿੱਟੀ ਦਾ ਜਾਇਆ ਸੀ ਤੇ ਆਪਣੇ ਪਿੰਡ ਨੂੰ ਇੰਤਹਾਈ ਮੁਹੱਬਤ ਕਰਦਾ ਸੀ। ਖੇਤ, ਰੇਤਲੇ ਟਿੱਬੇ, ਟਰੈਕਟਰ, ਪਿੰਡ, ਹਵੇਲੀ ਉਸ ਦੀ ਜਿੰਦ-ਜਾਨ ਸਨ। ਉਸ ਦੀਆਂ ਲਿਖਤਾਂ ਤੇ ਗੀਤਾਂ ਵਿੱਚ ਪੰਜਾਬੀ ਜ਼ੁਰਅਤ ਦੀ ਬਾਤ ਪੈਂਦੀ ਸੀ। ਮਾਂ ਨੂੰ ਲੋਹੜੇ ਦੀ ਮੁਹੱਬਤ ਕਰਦਾ ਤੇ ਬਾਪੂ ਨੂੰ ਸਭ ਤੋਂ ਨੇੜਲਾ ਯਾਰ ਮੰਨਦਾ ਸੀ। ਜਦੋਂ ਪੰਜਾਬ ਦਾ ਹਰ ਗਵੱਈਆ ਮੋਹਾਲੀ ਤੇ ਮੁੰਬਈ ਦਾ ਬਾਸ਼ਿੰਦਾ ਬਣ ਗਿਆ ਤਾਂ ਉਸਨੇ ਪੂਰੀ ਪ੍ਰਸਿੱਧੀ ਵੇਲੇ ਵੀ  ਆਪਣਾ ਪਿੰਡ ਨਾ ਛੱਡਿਆ ਤੇ ਨਵੀਂ ਹਵੇਲੀ ਨੁਮਾ ਕੋਠੀ ਪਾ ਕੇ ਪਿੰਡ ਵਿੱਚ ਹੀ ਰਿਹਾ। ਜਦਕਿ ਉਹ ਵੀ ਚੰਡੀਗੜ੍ਹ ਤੋਂ ਲੈ ਕੇ ਕੈਲੇਫੋਰਨੀਆ ਤੱਕ ਮਹਿੰਗੀ ਕੋਠੀ ਖਰੀਦਣ ਦੀ ਹੈਸੀਅਤ ਰੱਖਦਾ ਸੀ। ਓਹ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਤੋਂ ਬਾਅਦ ਸਟੱਡੀ ਵੀਜ਼ੇ ‘ਤੇ ਕਨੇਡਾ ਚਲਾ ਗਿਆ। ਪਰ ਛੇਤੀ ਹੀ ਵਾਪਿਸ ਪਿੰਡ ਮੁੜ ਆਇਆ। ਬਚਪਨ ਵਿੱਚ ਦਾਦੀ ਵੱਲੋਂ  ਕੇਸ ਕਤਲ ਨਾ ਕਰਵਾਉਣ ਦੀ ਸਿੱਖਿਆ ਉਸ ਨੇ ਪੱਲੇ ਬੰਨ੍ਹ ਕੇ ਰੱਖੀ। ਹੋਰ ਦਸਤਾਰਧਾਰੀ ਗਵੱਈਆਂ ਜਾਂ ਅਦਾਕਾਰਾਂ ਵਾਂਗੂੰ ਟੋਪੀ ਨਾ ਪਾ ਕੇ ਪੱਗ ਤੇ ਪਰਨੇ ਵਿੱਚ ਰਹਿ ਕੇ ਨਾਮਣਾ ਖੱਟਿਆ। ਗਭਰੀਟ ਉਮਰੇ ਵੀ ਆਪਣੀ ਮਾਂ ਤੋਂ ਕੇਸ ਗੁੰਦਾ ਕੇ  ਜੂੜਾ ਕਰਵਾਉਣਾ ਉਸ ਦੀ ਜ਼ਿੰਦਗੀ ਦਾ ਹਿੱਸਾ ਸੀ। ਇਸ ਗੱਲ ਦੀ ਤਸਦੀਕ ਆਖ਼ਰੀ ਸਮੇਂ ਉਸਦੀ ਗੱਡੀ ਵਿਚ ਗੋਲੀਆਂ ਵੱਜਣ ਤੋਂ ਬਾਅਦ ਖੁੱਲ੍ਹੇ ਗੁੰਦੇ ਹੋਏ ਕੇਸਾਂ ਦੀਆਂ ਤਸਵੀਰਾਂ ਤੋਂ ਹੁੰਦੀ ਹੈ। ਜ਼ੁਬਾਨ ਦਾ ਪੱਕਾ ਤੇ ਸਿਰੜੀ ਸੀ, ਜੋ ਕਹਿਤਾ ਤਾਂ ਉਸ ਤੋਂ ਪਿੱਛੇ ਨਹੀਂ ਹਟਿਆ। ਦਲੇਰੀ ਸਿਰਫ਼ ਉਸ ਨੇ ਆਪਣੇ ਗੀਤਾਂ ਵਿੱਚ ਨਹੀਂ ਵਿਖਾਈ ਸਗੋਂ ਆਖ਼ਰੀ ਸਮੇਂ ਅਤਿ ਆਧੁਨਿਕ ਹਥਿਆਰਾਂ ਦਾ ਆਪਣੇ ਪਿਸਟਲ ਨਾਲ ਡਟ ਕੇ ਮੁਕਾਬਲਾ ਕਰਦਿਆਂ ਜੁਝਾਰੂਪੁਣੇ ਦਾ ਸਬੂਤ ਦੇ ਗਿਆ। ਉਸਨੂੰ ਸਜਣ ਸੰਵਰਨ ਜਾਂ ਮਹਿੰਗੇ ਕੱਪੜੇ ਪਾਉਣ ਦਾ ਸ਼ੌਕ ਨਹੀਂ ਸੀ, ਸਗੋਂ ਦੇਸੀ ਜਟਕਾ ਜ਼ਿੰਦਗੀ ਜਿਊਣ ਚ ਜ਼ਿਆਦਾ ਮਸਤ ਰਹਿੰਦਾ। ਹਾਲੀਵੁੱਡ ਤੋਂ ਲੈ ਕੇ ਪਿੰਡਾਂ ਤੱਕ ਲੋਕ ਉਸਨੂੰ ਸੁਣਦੇ ਸਨ।ਉਹ ਹਮੇਸ਼ਾਂ ਟ੍ਰੈਂਡਿੰਗ ਵਿਚ ਰਿਹਾ। ਪਿੰਡ ਮੂਸਾ ਵਿੱਚ ਜ਼ਿਆਦਾਤਰ ਸਿੱਧੂ ਬਰਾਦਰੀ ਹੀ ਆ ਅਤੇ ਉਸਨੇ ਆਪਣਾ ਨਾਮ ‘ਸਿੱਧੂ ਮੂਸੇ ਵਾਲਾ’ ਰੱਖ ਕੇ ਸਾਰੇ ਪਿੰਡ ਦੇ ਬਸ਼ਿੰਦਿਆਂ ਨੂੰ ਫਖ਼ਰ ਮਹਿਸੂਸ ਕਰਵਾਇਆ । ਉਸ ਨੇ ਆਪਣੇ ਕਿਸੇ ਵੀ ਗੀਤ ਵਿੱਚ ਨਸ਼ੇ ਅਤੇ ਅਸ਼ਲੀਲਤਾ ਨੂੰ ਪ੍ਰਮੋਟ ਨਹੀਂ ਕੀਤਾ। ਹਥਿਆਰਾਂ ਜਾਂ ਹੋਰ ਕਾਰਨਾਂ ਕਰਕੇ ਉਸ ਦੇ ਗੀਤ ਵਿਵਾਦਾਂ ਵਿੱਚ ਰਹੇ।ਓਹ ਅਕਸਰ ਆਪਣੇ ਹਰ ਗੀਤ ਵਿੱਚ ਭਰ ਜਵਾਨੀ ‘ਚ ਗੋਲੀ ਨਾਲ ਮਰਨ ਦੀ ਗੱਲ ਕਰਦਾ ਸੀ ਜੋ ਸੱਚ ਵੀ ਹੋ ਨਿੱਬੜੀ। ਅੰਤਰਰਾਸ਼ਟਰੀ ਪੱਧਰ ‘ਤੇ ਉਸ ਨੇ ਆਪਣੇ ਬਲਬੂਤੇ ਮੁਕਾਮ ਹਾਸਲ ਕੀਤਾ। ਓਹ ਪਹਿਲੇ ਦਿਨ ਤੋਂ ਹੀ ਆਜ਼ਾਦ ਪੰਛੀ ਸੀ।ਓਹ ਮਜ਼ਬੂਰੀ ਵੱਸ ਅਤੇ ਕੁੱਝ ਨਿੱਜੀ ਕਾਰਨਾਂ ਕਰਕੇ ਸਿਆਸਤ ਵਿੱਚ ਆਇਆ ਪਰ ਓਹ ਸਿਆਸੀ ਬਿਲਕੁੱਲ ਵੀ ਨਹੀਂ ਸੀ। ਹੁਕਮਰਾਨ ਕਦੇ ਵੀ ਨਹੀਂ ਚਾਹੁੰਦਾ ਕਿ ਆਪਣੇ ਦਮ ਤੇ ਅੰਤਰਰਾਸਟਰੀ ਪੱਧਰ ਤੱਕ ਬੁਲੰਦੀ ਦੀਆਂ ਸਿਖਰਾਂ ਤੇ ਪੁੱਜਿਆ ਕੋਈ ਨੌਜਵਾਨੀ ਦਾ ਸਟਾਰ ਆਜ਼ਾਦੀ ਅਤੇ ਹੱਕਾਂ ਦੀ ਖੁੱਲ ਕੇ ਬਾਤ ਪਾਉਣ ਲੱਗ ਜਾਵੇ। ਓਹ ਦੀਪ ਸਿੱਧੂ ਦੀਆਂ ਪੈੜਾਂ ‘ਤੇ ਚਲਦਿਆਂ ਪੰਜਾਬ ਦੀ ਖ਼ੁਦੁਖ਼ਤਿਆਰੀ ਨੂੰ ਸਮਝਣ ਲੱਗ ਪਿਆ ਸੀ। ਉਸ ਦੇ ਗੀਤਾਂ ਵਿੱਚ ਅਜੀਬ ਕਿਸਮ ਦਾ ਜਾਹੋ ਜਲਾਲ ਝਲਕਾਰੇ ਮਾਰਨ ਲੱਗ ਪਿਆ ਸੀ। ਜਿਉਂ ਜਿਉਂ ਉਸਦੀ ਉਮਰ ਅਤੇ ਲੇਖਣੀ ਵਿੱਚ  ਪਕਿਆਈ ਆਉਂਦੀ ਗਈ, ਆਪਣੀ ਕੌਮ ਅਤੇ ਪੰਜਾਬ ਲਈ ਹੋਰ ਗੰਭੀਰ ਹੁੰਦਾ ਗਿਆ। ਉਸਦੇ ਗੀਤਾਂ ਦਾ ਵਹਾਣ ਆਜ਼ਾਦੀ,ਹੋਂਦ,ਕੌਮੀ ਨਿਸ਼ਾਨੇ ਤੇ ਪੰਜਾਬ  ਵੱਲ ਨੂੰ ਹੋ ਤੁਰਿਆ। ਗੀਤ ‘ਪੰਜਾਬ’ ਇਨ੍ਹਾਂ ਗੱਲਾਂ ਦੀ ਸ਼ਾਹਦੀ ਭਰਦਾ ਹੈ। ਉਸ ਨੇ ਦਿੱਲੀ ਨੂੰ ਵੰਗਾਰਦਿਆਂ ਪੰਜਾਬ ਦੀ ਤਸ਼ਬੀਹ ਸੰਤਾਂ ਦੇ ਹੱਥਾਂ ਵਿੱਚ ਫੜੇ ਹੋਏ ਤੀਰ ਨਾਲ ਕੀਤੀ। ਦੀਪ ਸਿੱਧੂ, ਬੀਬੀ ਖਾਲੜਾ, ਸ੍ਰ.ਮਾਨ  ਅਤੇ ਹੋਰ ਪੰਥਕ ਨਾਇਕ ਉਸਦੇ ਗੀਤਾਂ ਦਾ ਹਿੱਸਾ ਬਣਨ ਲੱਗੇ। ਆਉਣ ਵਾਲਾ ਗੀਤ ‘ਐੱਸ ਵਾਈ ਐੱਲ’ ਉਸ ਦੀ ਪੰਥਕ ਸੋਚ, ਰਾਜ ਦੀ ਗੱਲ ਅਤੇ ਪੰਜਾਬ ਮਸਲਿਆਂ ਦੀ ਫ਼ਿਕਰਮੰਦੀ ਉਜਾਗਰ ਕਰੇਗਾ। ਆਪਣੇ ਹਰ ਸਟੇਜੀ ਸ਼ੋਅ ਦੌਰਾਨ ਉਹ ਨੌਜਵਾਨਾਂ ਨੂੰ ਪੱਗਾਂ ਬੰਨ੍ਹਣ ਲਈ ਪ੍ਰੇਰਦਾ ਸੀ। ਉਸ ਤੋਂ ਮੁਤਾਸਰ ਹੋ ਕੇ ਨੌਜਵਾਨ ਵਿਦੇਸ਼ਾਂ ਵਿਚੋਂ ਪੰਜਾਬ ਵੱਲ ਪਰਤਣ ਲੱਗੇ ਸਨ। ਉਸ ਨੇ ਆਪਣੇ ਦ੍ਰਿੜ੍ਹ ਇਰਾਦੇ ਨਾਲ ਸਮੇਂ ਨੂੰ ਪੁੱਠਾ ਗੇੜ ਦਿੱਤਾ। ਅਕਸਰ ਕਲਾਕਾਰ ਲੋਕ  ਸਥਾਪਤ ਹੋਣ ਲਈ ਵੱਡੇ ਸ਼ਹਿਰਾਂ ਵੱਲ ਭੱਜਦੇ ਸਨ। ਪਰ ਹੁਣ ਵੱਡੇ ਸ਼ਹਿਰਾਂ ਤੋਂ ਕੰਪਨੀਆਂ ਦੇ ਨੁਮਾਇੰਦੇ ਪਿੰਡ ਮੂਸਾ ਵੱਲ ਗੇੜੀਆਂ ਮਾਰਨ ਲੱਗੇ। ਉਸ ਨਾਲ ਤਸਵੀਰਾਂ ਖਿਚਵਾਉਣ ਵਾਲਿਆਂ ਦੀਆਂ ਉਸਦੇ ਘਰ ਲੰਮੀਆਂ ਕਤਾਰਾਂ ਲੱਗ ਜਾਂਦੀਆਂ।
ਅਜੇ ਉਸ ਨੇ ਮੌਸੀਕੀ ਦੇ ਅੰਬਰਾਂ ਵਿਚ ਬੜੀ ਲੰਮੀ ਪਰਵਾਜ਼ ਭਰਨੀ ਸੀ। ਪਰ ਵਕਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਬਾਗ਼ੀ ਸੋਚ ਤੇ ਇਨਕਲਾਬੀ ਆਵਾਜ਼ ਨੂੰ ਮੁੱਢ ਕਦੀਮਾਂ ਤੋਂ ਹੀ ਚੁੱਪ ਕਰਵਾਇਆ ਜਾਂਦਾ ਰਿਹੈ। ਪਰ ਇਹ  ਮਸ਼ਾਲ ਕਦੇ ਵੀ ਨਹੀਂ ਬੁਝਦੀ, ਸਗੋਂ ਇਹ ਵੱਖ ਵੱਖ ਰੂਪਾਂ ਵਿੱਚ ਹੋਰ ਪ੍ਰਚੰਡ ਹੋ ਕੇ ਲਾਟ ਬਣ ਜਗਦੀ ਏ ਤੇ ਪੰਜਾਬ ਦੀ ਜ਼ਰਖੇਜ਼ ਮਿੱਟੀ ਖੇਤਾਂ ਦੇ ਇਨਕਲਾਬੀ ਤੇ ਬਾਗੀ ਪੁੱਤ ਜਣਦੀ ਰਹੇਗੀ … ਅਲਵਿਦਾ  !

Related posts

$100 Million Boost for Bushfire Recovery Across Victoria

ਅਕਾਲ ਤਖ਼ਤ ਸਰਵ-ਉੱਚ ਹੈ, ਮੈਂ ਨਿਮਾਣੇ ਸ਼ਰਧਾਲੂ ਸਿੱਖ ਵਜੋਂ ਪੇਸ਼ ਹੋਵਾਂਗਾ : ਮੁੱਖ-ਮੰਤਰੀ ਭਗਵੰਤ ਸਿੰਘ ਮਾਨ

‘ਆਪ ਸਰਕਾਰ ‘ਸਾਮ, ਦਾਮ, ਦੰਡ, ਭੇਦ’ ਨੀਤੀ ਅਧੀਨ ਸੁਖਬੀਰ ਬਾਦਲ ਨੂੰ ਕਿਸੇ ਵੀ ਝੂਠੇ ਮਾਮਲੇ ਵਿੱਚ ਫਸਾਉਣ ਚਾਹੁੰਦੀ : ਸ਼੍ਰੋਮਣੀ ਅਕਾਲੀ ਦਲ