ਆਸਟ੍ਰੇਲੀਆ ਨੇ 15 ਇੰਡੀਅਨਜ਼ ਨੂੰ ਕਿਉਂ ਡਿਪੋਰਟ ਕੀਤਾ ?

ਆਸਟ੍ਰੇਲੀਆ ਤੋਂ ਕੱਢੇ ਗਏ 15 ਭਾਰਤੀਆਂ ਦੇ ਵਿੱਚੋਂ 11 ਪੰਜਾਬੀ ਹਨ।

 

ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਆਸਟ੍ਰੇਲੀਆ ਤੋਂ ਡਿਪੋਰਟ ਕੀਤੇ ਗਏ 15 ਇੰਡੀਅਨ ਵਿਅਕਤੀਆਂ ਵਿੱਚੋਂ ਸਿਰਫ਼ ਦੋ ਕੋਲ ਹੀ ਵੈਧ ਪਾਸਪੋਰਟ ਸਨ। ਬਾਕੀਆਂ ਨੂੰ ‘ਐਮਰਜੈਂਸੀ ਟਰੈਵਲ ਸਰਟੀਫਿਕੇਟ’ ਦੀ ਵਰਤੋਂ ਕਰਕੇ ਵਾਪਸ ਭਾਰਤ ਭੇਜ ਦਿੱਤਾ ਗਿਆ। ‘ਐਮਰਜੈਂਸੀ ਟਰੈਵਲ ਸਰਟੀਫਿਕੇਟ’ ਦੀ ਵਰਤੋਂ ਸਿਰਫ਼ ਇੱਕ-ਪਾਸੇ ਦੀ ਯਾਤਰਾ ਲਈ ਹੀ ਕੀਤੀ ਜਾਂਦੀ ਹੈ। ਆਸਟ੍ਰੇਲੀਆ ਤੋਂ ਕੱਢੇ ਗਏ 15 ਭਾਰਤੀਆਂ ਦੇ ਵਿੱਚੋਂ 11 ਪੰਜਾਬੀ ਹਨ। ਇਹ ਜਲੰਧਰ, ਹੁਸ਼ਿਆਰਪੁਰ, ਖੰਨਾ, ਮੋਗਾ, ਨਵਾਂਸ਼ਹਿਰ, ਗੜ੍ਹਸ਼ੰਕਰ, ਤਰਨਤਾਰਨ, ਫਿਰੋਜ਼ਪੁਰ ਅਤੇ ਰੂਪਨਗਰ ਆਦਿ ਵੱਖ-ਵੱਖ ਇਲਾਕਿਆਂ ਨਾਲ ਸਬੰਧਤ ਹਨ। ਡਿਪੋਰਟ ਕੀਤੇ ਗਏ ਪੰਜਾਬੀਆਂ ਦੇ ਨਾਮ ਹੇਠਾਂ ਦਿੱਤੇ ਜਾ ਰਹੇ ਹਨ:

ਜਸਵੰਤ ਸਿੰਘ (34 ਸਾਲ)
ਅੰਗਰੇਜ਼ ਸਿੰਘ (32 ਸਾਲ)
ਸਤਿੰਦਰਜੀਤ ਸਿੰਘ ਸ਼ੇਰਗਿਲ (31 ਸਾਲ)
ਗੁਰਪ੍ਰੀਤ ਸਿੰਘ ਸੰਧੂ (30 ਸਾਲ)
ਜਗਜੀਤ ਸਿੰਘ (35 ਸਾਲ)
ਜਸਪ੍ਰੀਤ ਸਿੰਘ (35 ਸਾਲ)
ਨਿਰਮਲ ਸਿੰਘ (38 ਸਾਲ)
ਸ਼ਰੂਤੀ ਸ਼ਰਮਾ (35 ਸਾਲ)
ਰਣਜੀਤ ਸਿੰਘ (35 ਸਾਲ)
ਹਰਪ੍ਰੀਤ ਸਿੰਘ (41 ਸਾਲ)
ਗਗਨਦੀਪ ਸਿੰਘ (25 ਸਾਲ)

ਆਸਟ੍ਰੇਲੀਆ ਦੇ ਇੰਮੀਗਰੇਸ਼ਨ ਡਿਪਾਰਟਮੈਂਟ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ, ਡਿਪੋਰਟ ਕੀਤੇ ਗਏ ਉਪਰੋਕਤ ਭਾਰਤੀਆਂ ਉਪਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣਾ, ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨਾ ਅਤੇ ਅਧਿਕਾਰੀਆਂ ਨਾਲ ਸਹਿਯੋਗ ਨਾ ਕਰਨ ਦੇ ਦੋਸ਼ ਸਨ। ਇਹਨਾਂ ਵਿੱਚੋਂ ਬਹੁਤਿਆਂ ਨੂੰ ਨਸ਼ੀਲੇ ਪਦਾਰਥਾਂ ਦਾ ਕਬਜ਼ਾ ਅਤੇ ਵਰਤੋਂ, ਘਰੇਲੂ ਹਿੰਸਾ ਅਤੇ ਹਮਲਾ, ਪਿੱਛਾ ਕਰਨਾ ਅਤੇ ਧਮਕੀਆਂ ਦੇਣਾ, ਪੁਲਿਸ ਨੂੰ ਗਲਤ ਜਾਣਕਾਰੀ ਦੇਣਾ, ਸ਼ਰਾਬ ਪੀ ਕੇ ਗੱਡੀ ਚਲਾਉਣ, ਚੋਰੀ, ਧੋਖਾਧੜੀ ਸਮੇਤ ਗੰਭੀਰ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ। ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ 15 ਵਿਅਕਤੀਆਂ ਵਿੱਚੋਂ ਸਿਰਫ਼ ਦੋ ਕੋਲ ਹੀ ਵੈਧ ਪਾਸਪੋਰਟ ਸਨ। ਬਾਕੀਆਂ ਨੂੰ ‘ਐਮਰਜੈਂਸੀ ਟਰੈਵਲ ਸਰਟੀਫਿਕੇਟ’ ਦੀ ਵਰਤੋਂ ਕਰਕੇ ਵਾਪਸ ਭਾਰਤ ਭੇਜ ਦਿੱਤਾ ਗਿਆ। ‘ਐਮਰਜੈਂਸੀ ਟਰੈਵਲ ਸਰਟੀਫਿਕੇਟ’ ਸਿਰਫ਼ ਇੱਕ-ਪਾਸੇ ਦੀ ਯਾਤਰਾ ਲਈ ਵੈਧ ਹਨ। ਕੁੱਝ ਨਜ਼ਰਬੰਦਾਂ ਦਾ ਵਿਵਹਾਰ ਬੇਕਾਬੂ ਤੇ ਵਿਘਨਕਾਰੀ ਮੰਨਿਆ ਗਿਆ ਜਾਣੀ ਕਿ ਉਹ ਨਿਯਮਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਰਹੇ ਸਨ ਅਤੇ ਵਿਰੋਧ ਕਰ ਰਹੇ ਸਨ। ਇਸ ਕਰਕੇ ਉਨ੍ਹਾਂ ਨੂੰ ਇੱਕ ਮਿਆਰੀ ਵਪਾਰਕ ਉਡਾਣ ‘ਤੇ ਲਿਜਾਣਾ ਅਸੁਰੱਖਿਅਤ ਮੰਨਿਆ ਗਿਆ ਅਤੇ ਇਸ ਲਈ ਇੱਕ ਵਿਸ਼ੇਸ਼ ਜਹਾਜ਼ ਦੀ ਵਰਤੋਂ ਕੀਤੀ ਗਈ।

ਆਸਟ੍ਰੇਲੀਆਂ ਤੋਂ ਡਿਪੋਰਟ ਕੀਤੇ ਗਏ ਇਨ੍ਹਾਂ ਵਿਅਕਤੀਆਂ ਨੂੰ ਆਸਟ੍ਰੇਲੀਆ ਦੇ ਯੋਂਗਾ ਹਿੱਲ (ਵੈੱਸਟਰਨ ਆਸਟ੍ਰੇਲੀਆ), ਮੈਲਬੌਰਨ ਡਿਟੈਂਸ਼ਨ ਸੈਂਟਰ ਅਤੇ ਵਿਲਾਵੁੱਡ ਡਿਟੈਂਸ਼ਨ ਸੈਂਟਰ ਆਦਿ ਵੱਖ-ਵੱਖ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਰੱਖਿਆ ਗਿਆ ਸੀ। ਇਹਨਾਂ ਵਿੱਚ ਸ਼ਾਮਿਲ ਸਿਰਫ਼ ਇੱਕ ਔਰਤ ਨੂੰ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਕਰਨ ਅਤੇ ਸ਼ੁਰੂ ਵਿੱਚ ਸਹਿਯੋਗ ਨਾ ਕਰਨ ਕਰਕੇ ਡਿਪੋਰਟ ਕੀਤਾ ਗਿਆ ਹੈ।

ਆਸਟ੍ਰੇਲੀਆ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਰਹਿੰਦੇ ਹਨ ਅਤੇ ਇਹਨਾਂ ਦੇ ਵਿੱਚ ਵੱਡੀ ਗਿਣਤੀ ਇੰਡੀਅਨ ਸਟੂਡੈਂਟਸ ਦੀ ਹੈ। ਇਹਨਾਂ ਦੇ ਵਿੱਚ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਆਪਣੇ ਵੀਜ਼ਿਆਂ ਦੀ ਉਲੰਘਣਾ ਕਰ ਰਹੇ ਹਨ ਅਤੇ ਨਿਰਧਾਰਤ ਸਮੇਂ ਤੋਂ ਵੱਧ ਪਾਰਟ-ਟਾਈਮ ਕੰਮ ਕਰ ਰਹੇ ਹਨ। ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਕੈਬ ਚਲਾਉਂਦੇ ਹਨ, ਡਿਲੀਵਰੀ ਬੁਆਏ ਵਜੋਂ ਕੰਮ ਕਰਦੇ ਹਨ ਜਾਂ ਕਈ ਤਰ੍ਹਾਂ ਦੇ ਹੋਰ ਕੰਮਕਾਰ ਕਰਦੇ ਹਨ। ਆਪਣੀਆਂ ਫੀਸਾਂ ਭਰਨ ਤੋਂ ਇਲਾਵਾ ਹੋਰ ਜਿਆਦਾ ਡਾਲਰ ਕਮਾਉਣ ਦੀ ਦੌੜ ਵਿੱਚ ਉਹ ਇਹ ਭੁੱਲ ਜਾਂਦੇ ਹਨ ਕਿ ਸਟੱਡੀ ਉਹਨਾਂ ਦਾ ਪਹਿਲਾ ਕੰਮ ਹੈ ਅਤੇ ਨਿਰਧਾਰਤ ਸਮੇਂ ਤੋਂ ਜਿਆਦਾ ਕੰਮ ਕਰਨ ਨਾਲ ਸਟੱਡੀ ਵੀਜ਼ਾ ਕੈਂਸਲ ਹੋ ਸਕਦਾ ਹੈ। ਆਸਟ੍ਰੇਲੀਅਨ ਵੀਜ਼ਾ ਨਿਯਮਾਂ ਦੇ ਤਹਿਤ ਨਿਰਧਾਰਤ ਘੰਟਿਆਂ ਤੋਂ ਵੱਧ ਕੰਮ ਕਰਨ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਇੰਮੀਗਰੇਸ਼ਨ ਅਧਿਕਾਰੀਆਂ ਦੇ ਰਾਡਾਰ ‘ਤੇ ਰਹਿੰਦੇ ਹਨ। ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ‘ਤੇ ਫੜੇ ਜਾਣ ਦੇ ਜਿਆਦਾਤਰ ਮਾਮਲਿਆਂ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੇ ਵੀਜ਼ੇ ਕੈਂਸਲ ਕਰਕੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਂਦਾ ਹੈ।

ਆਸਟ੍ਰੇਲੀਆ ਵਿੱਚੋਂ ਕੱਢੇ ਗਏ ਕੁੱਲ 15 ਇੰਡੀਅਨਜ਼ ਵਿੱਚੋਂ ਪੰਜਾਬ ਦੇ 11, ਤੇਲੰਗਾਨਾ ਦੇ ਦੋ ਅਤੇ ਹਰਿਆਣਾ ਅਤੇ ਉੱਤਰਾਖੰਡ ਦਾ ਇੱਕ-ਇੱਕ ਵਿਅਕਤੀ ਸ਼ਾਮਲ ਹੈ। ਆਸਟ੍ਰੇਲੀਆ ਤੋਂ ਦਿੱਲੀ ਦੇ ਇੰਟਰਨੈਸ਼ਨਲ ਏਅਰਪੋਰਟ ‘ਤੇ ਉਤਰਨ ਤੋਂ ਬਾਅਦ ਇਹਨਾਂ ਭਾਰਤੀਆਂ ਕੋਲੋਂ ਇੰਡੀਅਨ ਇੰਮੀਗਰੇਸ਼ਨ ਅਤੇ ਹੋਮ-ਅਫ਼ੇਅਰਜ ਦੇ ਅਧਿਕਾਰੀਆਂ ਦੇ ਵਲੋਂ 5 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਅਤੇ ਪੁੱਛਗਿੱਛ ਤੋਂ ਬਾਅਦ ਉਹਨਾਂ ਨੂੰ ਉਥੋਂ ਪਟਿਆਲਾ ਲਿਜਾਇਆ ਗਿਆ। ਇਹਨਾਂ ਵਿਅਕਤੀਆਂ ਨੂੰ ਨਕਦੀ ਸਹਾਇਤਾ, ਘਰੇਲੂ ਯਾਤਰਾ ਪ੍ਰਬੰਧ ਅਤੇ ਥੋੜ੍ਹੇ ਸਮੇਂ ਲਈ ਰਿਹਾਇਸ਼ ਆਦਿ ਸਹਾਇਤਾ ਪ੍ਰਦਾਨ ਕੀਤੀ ਜਾ ਸਕਦੀ ਹੈ। ਹਾਲਾਂਕਿ, ਇਹਨਾਂ ਮਾਮਲਿਆਂ ਵਿੱਚ ਬਾਅਦ ਵਿੱਚ ਹੋਰ ਜਾਂਚ ਅਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।

ਆਸਟ੍ਰੇਲੀਆ ਤੋਂ ਡਿਪੋਰਟ ਕੀਤੇ ਗਏ ਪੰਜਾਬੀਆਂ ਨੂੰ ਲੈਣ ਲਈ ਪੰਜਾਬ ਸਰਕਾਰ ਦੀਆਂ ਟੀਮਾਂ ਦਿੱਲੀ ਪਹੁੰਚੀਆਂ ਹੋਈਆਂ ਸਨ, ਉਹਨਾਂ ਨਾਲ ਇੱਕ ਟੈਂਪੋ ਟਰੈਵਲਰ ਅਤੇ ਕਈ ਹੋਰ ਵਾਹਨ ਵੀ ਸ਼ਾਮਲ ਸਨ। ਇਮੀਗ੍ਰੇਸ਼ਨ ਅਤੇ ਕਸਟਮ ਤੋਂ ਕਲੀਅਰੈਂਸ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੰਜਾਬ ਸਰਕਾਰ ਇਨ੍ਹਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦਾ ਵਾਅਦਾ ਕਰ ਰਹੀ ਹੈ ਅਤੇ ਵਾਪਸ ਆਉਣ ਵਾਲੇ ਨਾਗਰਿਕਾਂ ਨੂੰ ਲੋੜੀਂਦੀ ਸਹਾਇਤਾ ਅਤੇ ਪੁਨਰਵਾਸ ਸਹੂਲਤਾਂ ਪ੍ਰਦਾਨ ਕਰਨ ‘ਤੇ ਵਿਚਾਰ ਕਰ ਰਹੀ ਹੈ।

ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ, “ਵੀਜ਼ਾ ਨਿਯਮਾਂ ਦੀ ਕਮੀ ਦੇ ਕਾਰਣ ਆਸਟ੍ਰੇਲੀਆ ਦੀ ਸਰਕਾਰ ਵਲੋਂ ਕੀਤੀ ਗਈ ਇੱਕ ਕਾਰਵਾਈ ਦੇ ਵਿੱਚ 15 ਇੰਡੀਅਨਜ਼ ਨੂੰ ਵਾਪਸ ਭੇਜਿਆ ਜਾ ਰਿਹਾ ਹੈ, ਇਹਨਾਂ ਵਿੱਚ 11 ਪੰਜਾਬੀ ਹਨ। ਆਸਟ੍ਰੇਲੀਆ ਤੋਂ ਵਾਪਸ ਭੇਜੇ ਜਾ ਰਹੇ ਪੰਜਾਬੀਆਂ ਨੂੰ ਦਿੱਲੀ ਦੇ ਇੰਟਰਨੈਸ਼ਨਲ ਏਅਰਪੋਰਟ ‘ਤੇ ਉਤਰਨ ‘ਤੇ ਪੰਜਾਬ ਸਰਕਾਰ ਦਾ ਇੱਕ ਵਫ਼ਦ ਰਿਸੀਵ ਕਰੇਗਾ। ਇੱਕ ਔਰਤ ਸਮੇਤ 11 ਪੰਜਾਬੀਆਂ ਦੀ ਯਾਤਰਾ ਨੂੰ ਸੁਚਾਰੂ ਬਣਾਉਣ ਲਈ, ਰਾਜ ਪ੍ਰਸ਼ਾਸਨ ਨੇ ਇੱਕ ਟੈਂਪੋ ਟਰੈਵਲਰ ਅਤੇ ਕਈ ਕਾਰਾਂ ਵਾਲਾ ਇੱਕ ਵਿਸ਼ੇਸ਼ ਕਾਫਲਾ ਦਿੱਲੀ ਭੇਜਿਆ ਗਿਆ ਹੈ।”

ਪਿਛਲੇ ਸਾਲ 2025 ਵਿੱਚ ਅਮਰੀਕਾ ਦੇ ਵਲੋਂ ਨਵੀਂ ਇਮੀਗ੍ਰੇਸ਼ਨ ਨੀਤੀ ਦੇ ਤਹਿਤ ਲਗਭਗ 3,800 ਗੈਰ-ਕਾਨੂੰਨੀ ਇੰਡੀਅਨਜ਼ ਨੂੰ ਵੀ ਡਿਪੋਰਟ ਕੀਤਾ ਗਿਆ ਸੀ। ਇਹਨਾਂ ਵਿੱਚ ਜ਼ਿਆਦਾਤਰ ਲੋਕ ਪੰਜਾਬ, ਹਰਿਆਣਾ ਅਤੇ ਗੁਜਰਾਤ ਤੋਂ ਸਨ ਜੋ ਮੁੱਖ ਤੌਰ ‘ਤੇ ਜਾਅਲੀ ਦਸਤਾਵੇਜ਼ਾਂ ਜਾਂ ਵੀਜ਼ਾ ਨਿਯਮਾਂ ਦੀ ਉਲੰਘਣਾ ਦੇ ਕਾਰਣ ਡਿਪੋਰਟ ਕੀਤੇ ਗਏ ਸਨ। ਹੱਥਾਂ ਦੇ ਵਿੱਚ ਕੜੀਆਂ ਅਤੇ ਪੈਰਾਂ ਦੇ ਵਿੱਚ ਬੇੜੀਆਂ ਨਾਲ ਜਕੜ ਕੇ, ਅਮਰੀਕਨ ਏਅਰਫੋਰਸ ਦੇ ਜਹਾਜ਼ਾਂ ਰਾਹੀਂ ਕੱਢੇ ਗਏ ਇੰਡੀਅਨਜ਼ ਸਮੇਤ ਹੋਰ ਗੈਰ-ਕਾਨੂੰਨੀ ਪ੍ਰਵਾਸੀਆਂ ਦਾ ਇਹ ਮਾਮਲਾ ਪੂਰੀ ਦੁਨੀਆਂ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਸੀ।

Related posts

ਕੀ ਪੰਜਾਬ ਵਿੱਚ ਹੁਣ ‘ਆਮ ਸਰਕਾਰ’ ਦੀ ਥਾਂ ਕਿਸੇ ‘ਖਾਸ’ ਦੀ ਬਣ ਜਾਵੇਗੀ ?

ਸਕਿਉਰਿਟੀ ਬਹਾਲ ਕਰਾਉਣ ਲਈ ਹਰਭਜਨ ਸਿੰਘ ਹਾਈਕੋਰਟ ਦੀ ਸ਼ਰਣ ‘ਚ

ਭਾਰਤ ਦੇ ਲਿੰਗ ਅਨੁਪਾਤ ਵਿੱਚ ਦੇਸ਼ ਭਰ ‘ਚ ਵੱਡਾ ਸੁਧਾਰ !