ਮੁੰਬਈ – ਫ਼ਿਲਮ ‘ਹਮਾਰੇ ਬਾਰਾਹ’ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ‘ਚ ਘਿਰ ਗਈ ਹੈ। ਇਹ ਫ਼ਿਲਮ 14 ਜੂਨ ਨੂੰ ਰਿਲੀਜ਼ ਹੋਣੀ ਸੀ ਪਰ ਵਿਰੋਧ ਦੇ ਚੱਲਦਿਆਂ ਅਦਾਲਤ ਨੇ ਫਿਲਹਾਲ ਫ਼ਿਲਮ ਦੀ ਰਿਲੀਜ਼ਿੰਗ ‘ਤੇ ਰੋਕ ਲਗਾ ਦਿੱਤੀ ਹੈ। ‘ਹਮਾਰੇ ਬਰਾਹ’ ਵਿਵਾਦ ਦੇ ਵਿਚਕਾਰ ਫ਼ਿਲਮ ਨਾਲ ਡੈਬਿਊ ਕਰਨ ਜਾ ਰਹੀ ਅਦਾਕਾਰਾ ਅਦਿਤੀ ਧੀਮਾਨ ਨੇ ਖ਼ੁਲਾਸਾ ਕੀਤਾ ਹੈ ਕਿ ਫ਼ਿਲਮ ਦੀ ਸਟਾਰ ਕਾਸਟ ਨੂੰ ਬਲਾਤਕਾਰ ਅਤੇ ਕਤਲ ਦੀਆਂ ਧਮਕੀਆਂ ਮਿਲ ਰਹੀਆਂ ਹਨ।ਅਦਿਤੀ ਧੀਮਾਨ ਨੇ ਵਿਵਾਦ ਬਾਰੇ ਕਿਹਾ- ‘’ਮੈਨੂੰ ਲੱਗਦਾ ਹੈ ਕਿ ਉਨ੍ਹਾਂ (ਦਰਸ਼ਕ) ਨੇ ਸਿਰਫ਼ 30 ਸੈਕਿੰਟ ਦਾ ਟਰੇਲਰ ਦੇਖਿਆ ਅਤੇ ਉਨ੍ਹਾਂ ਨੂੰ ਲੱਗਾ ਕਿ ਇਹ ਭਾਈਚਾਰੇ ਖ਼ਿਲਾਫ਼ ਹੈ ਪਰ ਅਸਲ ‘ਚ ਇਹ ਕਿਸੇ ਵੀ ਸਮਾਜ ਦੇ ਵਿਰੁੱਧ ਨਹੀਂ ਹੈ। ਇਹ ਉਨ੍ਹਾਂ ਲੋਕਾਂ ਖ਼ਿਲਾਫ਼ ਹੈ, ਜੋ ਧਰਮ ਦੀ ਵਰਤੋਂ ਝੂਠਾ ਪ੍ਰਚਾਰ ਕਰਨ ਲਈ ਕਰਦੇ ਹਨ ਅਤੇ ਅਜਿਹਾ ਹੁੰਦਾ ਹੈ। ਅਦਿਤੀ ਨੇ ਅੱਗੇ ਦੱਸਿਆ ਕਿ ‘ਹਮਾਰਾ ਬਰਾਹ’ ਦੀ ਪੂਰੀ ਕਾਸਟ ਨੂੰ ਧਮਕੀਆਂ ਮਿਲ ਰਹੀਆਂ ਹਨ। ਉਸ ਨੇ ਕਿਹਾ ਕਿ ਮੈਨੂੰ ਅਜੇ ਵੀ ਧਮਕੀਆਂ ਮਿਲ ਰਹੀਆਂ ਹਨ। ਲੋਕ ਗਾਲੀ ਗਲੋਚ ਕਰ ਰਹੇ ਹਨ, ਲੋਕ ਕਹਿ ਰਹੇ ਹਨ ਕਿ ਉਹ ਮੈਨੂੰ ਮਾਰ ਦੇਣਗੇ ਅਤੇ ਮੇਰੇ ਨਾਲ ਬਲਾਤਕਾਰ ਕਰਨਗੇ।’’ ‘ਹਮਾਰਾ ਬਰਾਹ’ ਦੀ ਅਦਾਕਾਰਾ ਨੇ ਅੱਗੇ ਕਿਹਾ- ਇਹ ਸਭ ਦੇਖ ਕੇ ਬਹੁਤ ਨਿਰਾਸ਼ਾ ਹੋਈ ਪਰ ਮੈਨੂੰ ਲੱਗਦਾ ਹੈ ਕਿ ਇੱਕ ਅਭਿਨੇਤਾ ਦੇ ਤੌਰ ‘ਤੇ ਤੁਹਾਨੂੰ ਇਸ ਨੂੰ ਨਜ਼ਰਅੰਦਾਜ਼ ਕਰਨਾ ਹੋਵੇਗਾ ਕਿਉਂਕਿ ਮੈਂ ਜਾਣਦੀ ਹਾਂ ਕਿ ਫ਼ਿਲਮ ਰਿਲੀਜ਼ ਹੋਣ ਤੋਂ ਬਾਅਦ ਲੋਕਾਂ ਦੀ ਸੋਚ ਬਦਲ ਜਾਵੇਗੀ। ਹੁਣ ਜੋ ਲੋਕ ਆਲੋਚਨਾ ਕਰ ਰਹੇ ਹਨ, ਮੈਨੂੰ ਉਮੀਦ ਹੈ ਕਿ ਫ਼ਿਲਮ ਦੇਖਣ ਤੋਂ ਬਾਅਦ ਉਹੀ ਲੋਕ ਸਾਨੂੰ ਪਸੰਦ ਕਰਨਗੇ। ਅਦਿਤੀ ਧੀਮਾਨ ਦਾ ਕਹਿਣਾ ਹੈ ਕਿ ਫ਼ਿਲਮ ‘ਹਮਾਰੇ ਬਰਾਹ’ ਕਿਸੇ ਵੀ ਤਰ੍ਹਾਂ ਧਰਮ ਨੂੰ ਨਿਸ਼ਾਨਾ ਨਹੀਂ ਬਣਾ ਰਹੀ ਹੈ ਸਗੋਂ ਇਹ ਉਨ੍ਹਾਂ ਲੋਕਾਂ ਵਿਰੁੱਧ ਲੜਾਈ ਹੈ, ਜੋ ਧਰਮ ਦੀ ਵਰਤੋਂ ਕੂੜ ਪ੍ਰਚਾਰ ਕਰਨ ਲਈ ਕਰਦੇ ਹਨ। ਇਹ ਇੱਕ ਪਰਿਵਾਰਕ ਕਹਾਣੀ ਹੈ ਅਤੇ ਟਰੇਲਰ ‘ਚ ਦਿਖਾਈ ਗਈ ਹਰ ਚੀਜ਼ ਨਾਲ ਸਬੰਧਿਤ ਨਹੀਂ ਹੈ।’