ਮਸ਼ਹੂਰ ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਦੇ ਲੁਧਿਆਣਾ ਸਥਿਤ ਘਰ ਅਤੇ ਨਗਰ ਨਿਗਮ ਦੇ ਮੇਅਰ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਸਨਸਨੀਖੇਜ਼ ਧਮਕੀ ਮਿਲਣ ਤੋਂ ਬਾਅਦ ਅੱਜ ਸੋਮਵਾਰ ਸਵੇਰੇ ਪੂਰੇ ਸ਼ਹਿਰ ਵਿੱਚ ਹੜਕੰਪ ਮੱਚ ਗਿਆ। ਇਹ ਖ਼ੌਫ਼ਨਾਕ ਧਮਕੀ ਭਰੀ ਈਮੇਲ ਲੁਧਿਆਣਾ ਨਗਰ ਨਿਗਮ ਦੇ ਅਧਿਕਾਰਤ ਈਮੇਲ ਖਾਤੇ ’ਤੇ ਭੇਜੀ ਗਈ ਸੀ, ਜਿਸ ਤੋਂ ਬਾਅਦ ਨਿਗਮ ਅਧਿਕਾਰੀਆਂ ਅਤੇ ਪੁਲੀਸ ਪ੍ਰਸ਼ਾਸਨ ਵੱਲੋਂ ਤੁਰੰਤ ਸੁਰੱਖਿਆ ਸਖ਼ਤ ਕਰ ਦਿੱਤੀ ਗਈ।
ਧਮਕੀ ਵਾਲੀ ਈਮੇਲ ਤੋਂ ਬਾਅਦ ਪੁਲਿਸ ਟੀਮਾਂ, ਬੰਬ ਨਿਰੋਧਕ ਦਸਤੇ ਅਤੇ ਕੁੱਤੇ ਦਸਤੇ ਨੂੰ ਤੁਰੰਤ ਐਮਸੀ ਜ਼ੋਨ ਏ ਦਫ਼ਤਰ ਅਤੇ ਦਿਲਜੀਤ ਦੋਸਾਂਝ ਨਾਲ ਸਬੰਧਤ ਰਿਹਾਇਸ਼ ਦੇ ਆਲੇ-ਦੁਆਲੇ ਤਾਇਨਾਤ ਕੀਤਾ ਗਿਆ ਸੀ। ਜ਼ੋਨ ਏ ਦਫ਼ਤਰ ਦੀ ਪੂਰੀ ਇਮਾਰਤ ਨੂੰ ਸਾਵਧਾਨੀ ਦੇ ਉਪਾਅ ਵਜੋਂ ਖਾਲੀ ਕਰਵਾ ਲਿਆ ਗਿਆ ਸੀ, ਜਦੋਂ ਕਿ ਇਮਾਰਤ ਦੇ ਅੰਦਰ ਅਤੇ ਆਲੇ-ਦੁਆਲੇ ਸਖ਼ਤ ਜਾਂਚ ਮੁਹਿੰਮ ਸ਼ੁਰੂ ਕੀਤੀ ਗਈ ਸੀ। ਨਗਰ ਨਿਗਮ ਕਮਿਸ਼ਨਰ ਨੀਰੂ ਕਤਿਆਲ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ, “ਮਿਲੀ ਈਮੇਲ ਤੋਂ ਬਾਅਦ, ਮੈਂ ਪੁਲਿਸ ਕਮਿਸ਼ਨਰ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਜ਼ੋਨ ਏ ਦਫ਼ਤਰ ਵਿੱਚ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਪੂਰੀ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ ਹੈ।”
ਇਹ ਈਮੇਲ ਸੋਮਵਾਰ ਤੜਕੇ ‘ਜੈਨੀਫਰ ਸੈਨੂਟਾ’ ਨਾਂ ਦੀ ਆਈਡੀ ਤੋਂ ਆਈ ਸੀ, ਜਿਸਦਾ ਵਿਸ਼ਾ “ਬੰਬ ਬਲਾਸਟ – ਮੇਅਰ ਆਫਿਸ” ਲੁਧਿਆਣਾ ਸੀ। ਮੇਲ ਵਿੱਚ ਚਿਤਾਵਨੀ ਦਿੱਤੀ ਗਈ ਹੈ ਕਿ 6 ਜੂਨ ਤੋਂ ਪਹਿਲਾਂ-ਪਹਿਲਾਂ ਵੱਡੇ ਬੰਬ ਧਮਾਕੇ ਕੀਤੇ ਜਾਣਗੇ। ਹੈਰਾਨੀ ਦੀ ਗੱਲ ਇਹ ਹੈ ਕਿ ਹਮਲਾਵਰ ਨੇ ਦੋਵਾਂ ਥਾਵਾਂ ਲਈ ਵੱਖ-ਵੱਖ ਸਮਾਂ ਤੈਅ ਕੀਤਾ ਹੈ। ਮੇਲ ਮੁਤਾਬਕ ਮੇਅਰ ਦਫ਼ਤਰ ਵਿੱਚ ਦੁਪਹਿਰ 1:11 ਵਜੇ ਅਤੇ ਦਿਲਜੀਤ ਦੋਸਾਂਝ ਦੇ ਲੁਧਿਆਣਾ ਸਥਿਤ ਘਰ ਵਿਖੇ ਰਾਤ 9:11 ਵਜੇ ਬੰਬ ਧਮਾਕਾ ਕਰਨ ਦੀ ਧਮਕੀ ਦਿੱਤੀ ਗਈ ਹੈ। ਇਸ ਧਮਕੀ ਭਰੀ ਮੇਲ ਵਿੱਚ ‘ਪੰਜਾਬ’ ਅਤੇ ‘ਖਾਲਿਸਤਾਨ’ ਨਾਲ ਜੁੜੇ ਕਈ ਭੜਕਾਊ ਅਤੇ ਇਤਰਾਜ਼ਯੋਗ ਹਵਾਲੇ ਦਿੱਤੇ ਗਏ ਹਨ। ਮੇਲ ਭੇਜਣ ਵਾਲੇ ਨੇ ਖ਼ੁਦ ਨੂੰ ‘ਖਾਲਿਸਤਾਨ ਨੈਸ਼ਨਲ ਆਰਮੀ’ ਦਾ ਮੈਂਬਰ ਦੱਸਦਿਆਂ ਇਸ ਦੀ ਜ਼ਿੰਮੇਵਾਰੀ ਲਈ ਹੈ ਅਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਦਾ ਜ਼ਿਕਰ ਕਰਦਿਆਂ ਬੇਹੱਦ ਭੜਕਾਊ ਭਾਸ਼ਾ ਦੀ ਵਰਤੋਂ ਕੀਤੀ ਹੈ। ਧਮਕੀ ਦੇਣ ਵਾਲਿਆਂ ਨੇ ਕਿਹਾ ਹੈ ਕਿ 6 ਜੂਨ ਤੱਕ ਬੰਬ ਧਮਾਕਿਆਂ ਰਾਹੀਂ ਨਿਸ਼ਾਨਿਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਇਸ ਦੇ ਅਖੀਰ ‘ਚ ‘ਖਾਲਿਸਤਾਨ ਨੈਸ਼ਨਲ ਆਰਮੀ’ ਵੱਲੋਂ ਦੋ ਨਾਂਵਾਂ ਇੰਜੀਨੀਅਰ ਗੁਰਨਾਖ ਸਿੰਘ (ਰੁਕਨ ਸ਼ਾਹਵਾਲਾ) ਤੇ ਡਾ. ਗੁਰਨਿਰਵੈਰ ਸਿੰਘ (ਖਾਨ ਰਾਜਾਦਾ) ਦਾ ਭੇਜਣ ਵਾਲਿਆਂ ਵਜੋਂ ਨਾਮ ਦਰਸਾਏ ਗਏ ਹਨ। ਹਮਲਾਵਰਾਂ ਨੇ ਸਪੱਸ਼ਟ ਤੌਰ ‘ਤੇ ਕਿਹਾ, “ਜੋ ਵੀ ਦਿਲਜੀਤ ਦੋਸਾਂਝ ਦੀ ਮਦਦ ਕਰੇਗਾ, ਮਾਰਿਆ ਜਾਵੇਗਾ।”