ਕਿਰਪਾਨ ਨਾਲ ਹਮਲਾ ਕਰਨ ਦੀ ਕੋਸ਼ਿਸ਼ ਵਾਲੇ ਮਾਮਲੇ ਪਿੱਛੇ ਛੁਪੀ ਸਾਜਿਸ਼ ਦਾ ਪਰਦਾਫਾਸ਼ ਹੋਵੇ – ਸਿੰਘ ਸਾਹਿਬ

ਸਿੰਘ ਸਾਹਿਬ, ਗਿਆਨੀ ਕੁਲਦੀਪ ਸਿੰਘ ਗੜਗੱਜ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸਮੂਹ ਅੰਦਰ ਸਥਿਤ, ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ ਵਿਖੇ ਯੂਪੀ ਦੇ ਸਹਾਰਨਪੁਰ ਦੇ ਰਹਿਣ ਵਾਲੇ ਅਭੈਜੀਤ ਸਿੰਘ ਨਾਮੀ ਇੱਕ ਵਿਅਕਤੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਰੱਖੀ ਸ੍ਰੀ ਸਾਹਿਬ ਚੁੱਕ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਸਵਾਲ ਚੁੱਕਦਿਆਂ, ਇਸ ਪਿੱਛੇ ਕੰਮ ਕਰ ਰਹੀਆਂ ਸ਼ਕਤੀਆਂ ਨੂੰ ਨਸ਼ਰ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਸਰਕਾਰਾਂ ਬੇਅਦਬੀ ਦੀਆਂ ਘਟਨਾਵਾਂ ਰੋਕਣ ਵਿੱਚ ਫੇਲ੍ਹ ਹਨ। ਉਨ੍ਹਾਂ ਕਿਹਾ ਕਿ ਬੀਤੀ ਰਾਤ ਦੀ ਇਹ ਘਟਨਾ ਬਿਲਕੁਲ ਉਸੇ ਤਰਜ ਉੱਤੇ ਹੈ ਜਿਵੇਂ ਦਸੰਬਰ 2021 ਵਿੱਚ ਇੱਕ ਵਿਅਕਤੀ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਦਰ ਜੰਗਲਾ ਟੱਪ ਕੇ ਸ੍ਰੀ ਸਾਹਿਬ ਨੂੰ ਹੱਥ ਪਾਇਆ ਗਿਆ ਸੀ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਇਹ ਪੰਜਾਬ ਸਰਕਾਰ ਦੀ ਵੱਡੀ ਨਾਕਾਮਯਾਬੀ ਹੈ ਕਿ ਉਹ ਅੱਜ ਤੱਕ ਦਸੰਬਰ 2021 ਵਿੱਚ ਵਾਪਰੀ ਘਟਨਾ ਦੇ ਦੋਸ਼ੀ ਦੀ ਪਛਾਣ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਤਾਜ਼ਾ ਮਾਮਲੇ ਵਿੱਚ ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ ਵਿਖੇ ਚੱਲਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਸਮੇਂ ਜਦੋਂ ਕੁਝ ਸ਼ਰਧਾਲੂ ਅਤੇ ਸੇਵਾਦਾਰ ਸਿੱਖ ਗੁਰਬਾਣੀ ਦਾ ਪਾਠ ਸਰਵਣ ਕਰ ਰਹੇ ਸਨ ਤਾਂ ਯੂਪੀ ਦੇ ਸਹਾਰਨਪੁਰ ਦੇ ਰਹਿਣ ਵਾਲੇ ਅਭੈਜੀਤ ਸਿੰਘ ਨਾਮੀ ਇੱਕ ਵਿਅਕਤੀ ਵੱਲੋਂ ਅਚਾਨਕ ਦਰਬਾਰ ਅੰਦਰ ਪ੍ਰਕਰਮਾ ਕਰਨ ਉਪਰੰਤ ਗੁਰੂ ਸਾਹਿਬ ਦੇ ਸਨਮੁਖ ਰੱਖੀ ਸ੍ਰੀ ਸਾਹਿਬ ਨੂੰ ਚੁੱਕ ਲਿਆ। ਉਨ੍ਹਾਂ ਕਿਹਾ ਇਸ ਤੋਂ ਪਹਿਲਾਂ ਕੇ ਦੋਸ਼ੀ ਵਿਅਕਤੀ ਕੁਝ ਕਰ ਪਾਉਂਦਾ ਉਸ ਨੂੰ ਮੌਕੇ ਉੱਤੇ ਹੀ ਗੁਰੂ ਘਰ ਦੇ ਹੋਸ਼ਿਆਰ ਸੇਵਾਦਾਰ ਸਿੱਖਾਂ ਨੇ ਕਾਬੂ ਕਰ ਲਿਆ ਅਤੇ ਉਹ ਹੁਣ ਪੁਲਿਸ ਹਿਰਾਸਤ ਵਿੱਚ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਹਿਰਾਸਤ ਵਿੱਚ ਦੋਸ਼ੀ ਹੋਣ ਦੇ ਬਾਵਜੂਦ ਵੀ ਇਸ ਘਟਨਾ ਪਿੱਛੇ ਸਾਜ਼ਸ਼ ਨੂੰ ਨਸ਼ਰ ਨਹੀਂ ਕਰਦੀ ਤਾਂ ਵੱਡੇ ਸਵਾਲ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਖੜ੍ਹੇ ਹਨ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਦੋਸ਼ੀ ਵਿਅਕਤੀ ਕਿੱਥੋਂ ਦਾ ਰਹਿਣ ਵਾਲਾ ਹੈ, ਇਸ ਸਬੰਧੀ ਜਾਣਕਾਰੀ ਸਪੱਸ਼ਟ ਨਹੀਂ ਹੋ ਸਕੀ ਕਿਉਂਕਿ ਉਸ ਕੋਲੋਂ ਕੋਈ ਦਸਤਾਵੇਜ਼ ਜਾਂ ਪਛਾਣ ਪੱਤਰ ਪ੍ਰਾਪਤ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਕੋਲੋਂ ਪਛਾਣ ਦਾ ਕੋਈ ਦਸਤਾਵੇਜ਼ ਪ੍ਰਾਪਤ ਨਾ ਹੋਣਾ ਇਹ ਦਰਸਾਉਂਦਾ ਹੈ ਕਿ ਇਹ ਘਟਨਾ ਵੀ ਕਿਸੇ ਵੱਡੀ ਸਾਜ਼ਸ਼ ਜਾਂ ਸ਼ਰਾਰਤ ਦਾ ਹਿੱਸਾ ਹੈ ਜੋ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਮਾਰਨ ਦਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸਿੱਖ ਧਰਮ ਦੇ ਧਾਰਮਿਕ ਮਾਮਲਿਆਂ ਅੰਦਰ ਦਖ਼ਲ ਦੇਣਾ ਹੋਵੇ ਤਾਂ ਸਰਕਾਰਾਂ ਤੁਰੰਤ ਹੀ ਕੰਮ ਕਰਦੀਆਂ ਹਨ ਪਰੰਤੂ ਅਜਿਹੇ ਦੋਸ਼ੀਆਂ ਪਿੱਛੇ ਕੰਮ ਕਰ ਰਹੀਆਂ ਸ਼ਕਤੀਆਂ ਨੂੰ ਨਸ਼ਰ ਕਰਨ ਵਿੱਚ ਸਰਕਾਰਾਂ ਪੂਰੀ ਤਰ੍ਹਾਂ ਫੇਲ੍ਹ ਹਨ।

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਮੂਹ ਸਿੱਖ ਸੰਗਤ ਨੂੰ ਵਿਸ਼ੇਸ਼ ਤਾਕੀਦ ਕੀਤੀ ਕਿ ਹਰੇਕ ਪਿੰਡ, ਸ਼ਹਿਰ ਅਤੇ ਕਸਬੇ ਅੰਦਰ ਗੁਰਦੁਆਰਾ ਸਾਹਿਬਾਨ ਵਿਖੇ ਪੰਥਕ ਪਹਿਰੇਦਾਰੀ ਤਹਿਤ ਤਿਆਰ ਬਰ ਤਿਆਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਰੱਖੇ ਜਾਣ ਅਤੇ ਕਿਸੇ ਵੀ ਸ਼ਰਾਰਤੀ ਗਤੀਵਿਧੀ ਉੱਤੇ ਵਿਸ਼ੇਸ਼ ਨਿਗ੍ਹਾ ਰੱਖੀ ਜਾਵੇ। ਉਨ੍ਹਾਂ ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ ਵਿਖੇ ਦੋਸ਼ੀ ਵਿਅਕਤੀ ਨੂੰ ਕਾਬੂ ਕਰਨ ਵਾਲੇ ਸੇਵਾਦਾਰ ਸਿੱਖਾਂ ਦੀ ਹੋਸ਼ਿਆਰੀ ਨੂੰ ਵੀ ਸਲਾਹਿਆ।

Related posts

ਤਿੰਨ ਆਬਜਰਵਰ ਪੰਜਾਬ ਕਾਂਗਰਸ ਦੇ ਅੰਦਰੂਨੀ ਸੰਕਟ ਦਾ ਹੱਲ ਤਲਾਸ਼ਣਗੇ

ਕੈਨੇਡਾ ‘ਚ ਐਂਟਰੀ ਨਾ ਮਿਲਣ ‘ਤੇ ਅਕਾਲੀ ਆਗੂ ਪਰਮਬੰਸ ਰੋਮਾਣਾ ਭਾਰਤ ਮੁੜੇ

ਬੇਕਾਬੂ ਯਾਤਰੀ ਨੇ ਜਹਾਜ਼ ਦੀ ਵਿੰਡੋਅ ਤੋੜ ਦਿੱਤੀ : ਏਅਰ ਇੰਡੀਆ ਦੀ ਚੰਡੀਗੜ੍ਹ-ਦਿੱਲੀ ਉਡਾਣ ‘ਚ ਹਫ਼ੜਾ-ਦਫ਼ੜੀ