ਅੱਜ ਪਰਿਵਾਰ ਵਿੱਚ ਬੈਠਿਆਂ ਮੈਂ ਇੱਕ ਦਿਲਚਸਪ ਚਰਚਾ ਛੇੜੀ। ਮੈਂ ਦੱਸਿਆ ਕਿ ਆਸਟ੍ਰੇਲੀਆ ਵਿੱਚ ਰਹਿਣ ਵਾਲੀ ਸਾਡੀ ਇੱਕ ਜਾਣ-ਪਛਾਣ ਵਾਲੀ ਲੜਕੀ ਨੇ ਫ਼ੇਸਬੁੱਕ ’ਤੇ ਇੱਕ ਪੋਸਟ ਪਾ ਕੇ ਬਹੁਤ ‘ਕੁੱਤਾ ਪ੍ਰੇਮ’ ਦਿਖਾਇਆ ਹੈ ਅਤੇ ਭਾਰਤ ਦੀ ਸੁਪਰੀਮ ਕੋਰਟ ਵੱਲੋਂ ਅਵਾਰਾ ਕੁੱਤਿਆਂ ਨੂੰ ਮਾਰਨ ਦੀ ਚਲਾਈ ਮੁਹਿੰਮ ਦੀ ਸਖ਼ਤ ਨਿਖੇਧੀ ਕੀਤੀ। ਮੈਂ ਪਰਿਵਾਰ ਨੂੰ ਦੱਸਿਆ ਕਿ ਮੈਂ ਉਸ ਪੋਸਟ ਦੇ ਕਮੈਂਟ ਬਾਕਸ ਵਿੱਚ ਵਿਗਿਆਨਕ ਢੰਗ ਨਾਲ (ਚਾਰਲਸ ਡਾਰਵਿਨ ਦੇ ਸਿਧਾਂਤ ਦਾ ਹਵਾਲਾ ਦੇ ਕੇ ਲੜਕੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਮੇਰੀ ਉਸ ਦਲੀਲ ਦਾ ਕੋਈ ਅਸਰ ਨਹੀਂ ਹੋਇਆ।
ਮੇਰੀ ਇਹ ਗੱਲ ਸੁਣ ਕੇ ਮੇਰਾ ਬੇਟਾ ਤੁਰੰਤ ਬੋਲਿਆ, “ਅਸੀਂ ਤਾਂ ਆਪਣੇ ਗੁਰੂ ਦੀ ਗੱਲ ਮੰਨਣੀ ਹੈ, ਇਹ ਸਭ ਕਰਮਾਂ ਦੀ ਖੇਡ ਹੈ। ਵਿਗਿਆਨ ਦਾ ਇਸ ਨਾਲ ਕੋਈ ਲਾਗਾ-ਦੇਗਾ ਨਹੀਂ।”
ਕਿਉਂਕਿ ਮੈਂ ਬਾਇਓਲੋਜੀ (ਜੀਵ ਵਿਗਿਆਨ) ਦਾ ਵਿਦਿਆਰਥੀ ਰਿਹਾ ਹਾਂ, ਇਸ ਲਈ ਮੈਂ ਉਸ ਨੂੰ ਡਾਰਵਿਨ ਦੇ ਸਿਧਾਂਤ ਦਾ ਉਹ ਮਹੱਤਵਪੂਰਨ ਹਿੱਸਾ ਸਮਝਾਇਆ, ਜਿਸ ਵਿੱਚ ਉਨ੍ਹਾਂ ਨੇ ਵੱਖ-ਵੱਖ ਜੀਵਾਂ ਦੀਆਂ ਉਦਾਹਰਨਾਂ ਦੇ ਕੇ ਆਪਣੀ ਵਿਸ਼ਵ-ਪ੍ਰਸਿੱਧ ਕਿਤਾਬ ਵਿੱਚ ‘ਕੁਦਰਤੀ ਚੋਣ’ (Natural Selection) ਦੇ ਨਿਯਮ ਨੂੰ ਸਮਝਾਇਆ ਹੈ। ਡਾਰਵਿਨ ਨੇ ਜੀਵਾਂ ਦੀ ਪ੍ਰਜਨਣ ਉਮਰ ਅਤੇ ਪ੍ਰਜਨਣ ਦਰ (Reproduction Rate) ਦਾ ਵੇਰਵਾ ਦਿੰਦਿਆਂ ਦੱਸਿਆ ਸੀ ਕਿ ਇੱਕ ਜੀਵ ਆਪਣੀ ਪੂਰੀ ਉਮਰ ਵਿੱਚ ਕਿੰਨੇ ਬੱਚੇ ਪੈਦਾ ਕਰ ਸਕਦਾ ਹੈ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਸੀ ਕਿ ਜੇਕਰ ਕੁਦਰਤ ਵਿੱਚ ਪੈਦਾ ਹੋਣ ਵਾਲੇ ਸਾਰੇ ਬੱਚੇ ਜਿਊਂਦੇ ਰਹਿ ਜਾਣ, ਤਾਂ ਕੁਝ ਹੀ ਸਾਲਾਂ ਵਿੱਚ ਧਰਤੀ ’ਤੇ ਉਸ ਇੱਕੋ ਜੀਵ ਦੀ ਭਰਮਾਰ ਹੋ ਜਾਵੇਗੀ ਅਤੇ ਦੂਜੇ ਜੀਵਾਂ ਦਾ ਜਿਊਣਾ ਦੁਭਰ ਹੋ ਜਾਵੇਗਾ। ਪਰ ਕੁਦਰਤ ਵਿੱਚ ਅਜਿਹਾ ਕਦੇ ਨਹੀਂ ਹੁੰਦਾ, ਕਿਉਂਕਿ ਕੁਦਰਤ ਕੋਲ ਆਪਣਾ ਇੱਕ ਸਵੈ-ਚਾਲਿਤ ਸੰਤੁਲਨ (Ecological Balancing system ਹੈ। ਪੈਦਾ ਹੋਏ ਜੀਵਾਂ ਵਿੱਚੋਂ ਜੋ ਵਾਤਾਵਰਨ ਦੀਆਂ ਤਬਦੀਲੀਆਂ ਵਾਤਾਵਰਣਾਨਿਕ ਔਕੜਾਂ ਨੂੰ ਨਹੀਂ ਸਹਾਰ ਸਕਦੇ, ਉਹ ਖ਼ਤਮ ਹੋ ਜਾਂਦੇ ਹਨ ਅਤੇ ਜੋ ਵਾਤਾਵਰਨ ਅਨੁਸਾਰ ਖ਼ੁਦ ਨੂੰ ਢਾਲ ਲੈਂਦੇ ਹਨ (Survival of the Fittest), ਉਹ ਬਚ ਜਾਂਦੇ ਹਨ ਅਤੇ ਆਪਣੀ ਨਸਲ ਅੱਗੇ ਵਧਾਉਂਦੇ ਹਨ।
ਵਿਕਾਸ ਜਾਂ ਵਿਨਾਸ਼?
ਮੁਸ਼ਕਿਲ ਉਦੋਂ ਸ਼ੁਰੂ ਹੋਈ ਜਦੋਂ ਮਨੁੱਖ ਨੇ ਕੁਦਰਤ ਦੇ ਇਸ ਸੰਤੁਲਨ ਬਣਾਉਣ ਦੇ ਕੰਮ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ। ਮਨੁੱਖ ਨੇ ਜੰਗਲ ਕੱਟੇ, ਸ਼ਹਿਰ ਵਸਾਏ ਅਤੇ ਖੇਤੀਬਾੜੀ ਕਰਨੀ ਸ਼ੁਰੂ ਕਰ ਦਿੱਤੀ। ਅਸੀਂ ਇਸ ਨੂੰ ‘ਵਿਕਾਸ’ ਦਾ ਨਾਮ ਦਿੱਤਾ, ਪਰ ਅਸਲ ਵਿੱਚ ਇਸ ਨੇ ਇੱਕ ਵੱਡੇ ਵਿਨਾਸ਼ ਦਾ ਮੁੱਢ ਬੰਨ੍ਹ ਦਿੱਤਾ। ਜਦੋਂ ਮਨੁੱਖ ਨੇ ਕੁਦਰਤੀ ਚੱਕਰ ਨੂੰ ਭੰਗ ਕਰਕੇ ਨਿਯੰਤਰਣ ਆਪਣੇ ਹੱਥ ਵਿੱਚ ਲਿਆ, ਤਾਂ ਹੁਣ ਵਧਦੀ ਹੋਈ ਆਬਾਦੀ ਨੂੰ ਕੰਟਰੋਲ ਕਰਨ (ਜਿਵੇਂ ਕੁੱਤਿਆਂ ਨੂੰ ਮਾਰਨ) ਦਾ ਅਣਚਾਹਿਆ ਕੰਮ ਵੀ ਉਸੇ ਨੂੰ ਹੀ ਕਰਨਾ ਸੀ। ਪਹਿਲਾਂ ਮਨੁੱਖ ਕੁੱਤਿਆਂ ਦੀ ਵਰਤੋ ਖੇਤੀਬਾੜੀ ਨੂੰ ਜੰਗਲੀ ਜਾਨਵਰਾਂ ਤੋ ਬਚਾੳਣ ਲਈ ਕਰਦਾ ਸੀ, ਹੁਣ ਲੋਕ ਕੁੱਤਿਆਂ ਨੂੰ ਘਰਾਂ ਵਿੱਚ ਰੱਖਣ ਲੱਗੇ। ਆਸਟ੍ਰੇਲੀਆ ਦੇ ਇਤਿਹਾਸ ਤੋਂ ਹਰ ਕੋਈ ਵਾਕਿਫ਼ ਹੈ ਕਿ ਕਿਵੇਂ ਇੱਕ ਵਾਰ ਉੱਥੋਂ ਦੀ ਸਰਕਾਰ ਨੇ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਨੂੰ ਦੇਖਦਿਆਂ, ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਹਜ਼ਾਰਾਂ ਜੰਗਲੀ ਊਠਾਂ ਨੂੰ ਗੋਲੀ ਮਾਰਨ ਦੇ ਹੁਕਮ ਦਿੱਤੇ ਸਨ। ਇਹ ਕੁਦਰਤੀ ਸੰਤੁਲਨ ਵਿਗਾੜਨ ਦਾ ਹੀ ਸਿੱਟਾ ਸੀ।
ਹੁਣ ਮੁੜਦੇ ਹਾਂ ਆਪਣੇ ਅਸਲ ਵਿਸ਼ੇ—ਨਾਸਤਿਕਤਾ ਵੱਲ। ਇਹ ਸਭ ਕੁਝ ਨਾਸਤਿਕਤਾ ਦੇ ਉਭਾਰ ਨਾਲ ਕਿਵੇਂ ਜੁੜਿਆ ਹੋਇਆ ਹੈ?
ਇਤਿਹਾਸ ਗਵਾਹ ਹੈ ਕਿ ਜਦੋਂ ਖਗੋਲ-ਵਿਗਿਆਨੀਆਂ (Astronomers) ਨੇ ਸੂਰਜ ਮੰਡਲ ਦੀ ਖੋਜ ਕੀਤੀ, ਤਾਂ ਇਹ ਸੱਚ ਸਾਹਮਣੇ ਆਇਆ ਕਿ ਸੂਰਜ ਬ੍ਰਹਿਮੰਡ ਦੇ ਕੇਂਦਰ ਵਿੱਚ (ਸਾਡੇ ਪ੍ਰਣਾਲੀ ਮੁਤਾਬਕ) ਸਥਿਰ ਹੈ ਅਤੇ ਧਰਤੀ ਸੂਰਜ ਦੁਆਲੇ ਘੁੰਮਦੀ ਹੈ। ਗੈਲੀਲੀਓ ਅਤੇ ਕੋਪਰਨਿਕਸ ਵਰਗੇ ਵਿਗਿਆਨੀਆਂ ਨੇ ਜਦੋਂ ਇਹ ਸਿੱਧ ਕੀਤਾ, ਤਾਂ ਬਾਈਬਲ ਦੀਆਂ ਪਰੰਪਰਾਗਤ ਮਾਨਤਾਵਾਂ ਨੂੰ ਮੰਨਣ ਵਾਲੇ ਕੱਟੜ ਪਾਦਰੀ ਅਤੇ ਤਤਕਾਲੀ ਰਾਜੇ ਵਿਗਿਆਨ ਦੇ ਵਿਰੁੱਧ ਹੋ ਗਏ। ਧਰਮ ਦੇ ਨਾਮ ’ਤੇ ਵਿਗਿਆਨੀਆਂ ਨੂੰ ਤਸੀਹੇ ਦਿੱਤੇ ਗਏ ਅਤੇ ਮਾਰਿਆ ਗਿਆ, ਕਿਉਂਕਿ ਵਿਗਿਆਨ ਧਾਰਮਿਕ ਗ੍ਰੰਥਾਂ ਦੀਆਂ ਪੁਰਾਣੀਆਂ ਧਾਰਨਾਵਾਂ ਨੂੰ ਚੁਣੌਤੀ ਦੇ ਰਿਹਾ ਸੀ।