ਲੰਡਨ – ਬਿ੍ਰਟੇਨ ਦੇ ‘ਇੰਸਟੀਚਿਊਟ ਆਫ ਸਿਵਲ ਇੰਜੀਨੀਅਰਜ਼’ (ਆਈ. ਸੀ. ਈ.) ਦੇ ਪ੍ਰਧਾਨ ਦੇ ਅਹੁਦੇ ਲਈ ਪ੍ਰੋਫੈਸਰ ਅਨੁਸ਼ਾ ਸ਼ਾਹ ਨੂੰ ਚੁਣਿਆ ਗਿਆ ਹੈ ਅਤੇ ਇਸ ਦੇ ਨਾਲ ਉਹ ਆਪਣੇ 205 ਸਾਲਾਂ ਦੇ ਇਤਿਹਾਸ ਵਿਚ ਸੰਸਥਾ ਦੀ ਪ੍ਰਧਾਨ ਚੁਣੀ ਜਾਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ । ਆਈ. ਸੀ. ਈ ਲਗਭਗ 95,000 ਮੈਂਬਰਾਂ ਵਾਲੀ ਸਿਵਲ ਇੰਜੀਨੀਅਰਿੰਗ ਪੇਸ਼ੇਵਰਾਂ ਦੀ ਇੱਕ ਸੁਤੰਤਰ ਐਸੋਸੀਏਸ਼ਨ ਅਤੇ ਚੈਰੀਟੇਬਲ ਸੰਸਥਾ ਹੈ। ਸ਼ਾਹ ਨੇ ਸੰਸਥਾ ਦੇ 159ਵੇਂ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ ਅਤੇ ਮੰਗਲਵਾਰ ਸ਼ਾਮ ਨੂੰ ਲੰਡਨ ਵਿੱਚ ਆਈਸੀਈ ਹੈੱਡਕੁਆਰਟਰ ਵਿੱਚ ਕੁਦਰਤ ਸਕਾਰਾਤਮਕ ਇੰਜੀਨੀਅਰਿੰਗ ਦੇ ਵਿਸ਼ੇ ’ਤੇ ਆਪਣਾ ਪ੍ਰਧਾਨਗੀ ਭਾਸ਼ਣ ਦਿੱਤਾ। ਸ਼ਾਹ ਪਾਣੀ ਅਤੇ ਵਾਤਾਵਰਣ ਇੰਜੀਨੀਅਰਿੰਗ ਵਿੱਚ ਮੁਹਾਰਤ ਰੱਖਦੀ ਹੈ ਅਤੇ ਯੂ.ਕੇ ਅਤੇ ਅੰਤਰਰਾਸ਼ਟਰੀ ਪੱਧਰ ‘’ਤੇ ਵੱਡੇ ਪ੍ਰੋਜੈਕਟਾਂ ਅਤੇ ਪ੍ਰੋਗਰਾਮਾਂ ਨੂੰ ਡਿਜ਼ਾਈਨ ਕਰਨ, ਪ੍ਰਬੰਧਨ ਅਤੇ ਅਗਵਾਈ ਕਰਨ ਦਾ 22 ਸਾਲਾਂ ਦਾ ਤਜਰਬਾ ਰੱਖਦੀ ਹੈ। ਉਨ੍ਹਾਂ ਨੇ ਆਪਣੇ ਭਾਸ਼ਣ ’ਚ ਕਿਹਾ, ‘’ਪ੍ਰਧਾਨ ਵਜੋਂ ਮੇਰਾ ਕਾਰਜਕਾਲ ਇਸ ਗੱਲ ‘’ਤੇ ਕੇਂਦਰਿਤ ਰਹੇਗਾ ਕਿ ਕਿਵੇਂ ਇਸ ਪੇਸ਼ੇ ਦੀ ਕੁਦਰਤ ਪੱਖੀ ਅਤੇ ਲੋਕ-ਪੱਖੀ ਹੋਣ ਦੇ ਨਾਤੇ ਲੋਕਾਂ ਦੇ ਦਿਲਾਂ ‘’ਚ ਅਕਸ ਬਣਾਉਣਾ ਹੈ।’ ਸ਼ਾਹ ਨੇ ਕਿਹਾ,’’ਅਸੀਂ ਵਿਸ਼ਵ ਪੱਧਰ ‘’ਤੇ ਕੁਦਰਤ-ਅਧਾਰਿਤ ਅਤੇ ਹਰੇ ਹੱਲਾਂ ਨੂੰ ਲਾਗੂ ਕਰ ਰਹੇ ਹਾਂ, ਪਰ ਇੱਕ ਸੀਮਤ ਦਾਇਰੇ ਵਿੱਚ। ਇਹ ਅਜੇ ਵੀ ਇੱਕ ਆਦਰਸ਼ ਨਹੀਂ ਬਣ ਸਕਿਆ ਹੈ।’’ ਪ੍ਰੋਫੈਸਰ ਸ਼ਾਹ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਜੈਵਿਕ ਵਿਭਿੰਨਤਾ ਦੇ 30 ਫੀਸਦੀ ਨੁਕਸਾਨ ਲਈ ਨਿਰਮਾਣ ਕਾਰਜ ਜ਼ਿੰਮੇਵਾਰ ਹਨ, ਪਰ ਕੁਦਰਤ ਅਤੇ ਲੋਕਾਂ ਪ੍ਰਤੀ ਸਕਾਰਾਤਮਕ ਰਵੱਈਆ ਅਪਣਾਉਣ ਨਾਲ ਇੰਜੀਨੀਅਰਾਂ ਨੂੰ ਵਾਤਾਵਰਣ ਦੇ ਨੁਕਸਾਨ ਨੂੰ ਰੋਕਣ ਵਿੱਚ ਮਦਦ ਮਿਲੇਗੀ। ਇੱਥੇ ਦੱਸ ਦਈਏ ਕਿ ਸ਼ਾਹ ਕਸ਼ਮੀਰ ਵਿੱਚ ਵੱਡੀ ਹੋਈ। ਸ਼ਾਹ 1999 ਵਿੱਚ ਵੱਕਾਰੀ ਕਾਮਨਵੈਲਥ ਸਕਾਲਰਸ਼ਿਪ ਦੇ ਦੋ ਪ੍ਰਾਪਤ ਕਰਤਾਵਾਂ ਵਿੱਚੋਂ ਇੱਕ ਸੀ ਅਤੇ ਫਿਰ ਸਰੀ ਯੂਨੀਵਰਸਿਟੀ ਵਿੱਚ ਵਾਟਰ ਐਂਡ ਐਨਵਾਇਰਮੈਂਟਲ ਇੰਜਨੀਅਰਿੰਗ ਵਿੱਚ ਮਾਸਟਰਜ਼ ਕਰਨ ਲਈ ਯੂ.ਕੇ ਆਈ ਸੀ।
ਪੂਰਬੀ ਲੰਡਨ ਦੀ ਯੂਨੀਵਰਸਿਟੀ ਨੇ 2021 ਵਿੱਚ ਉਨ੍ਹਾਂ ਨੂੰ ਜਲਵਾਯੂ ਤਬਦੀਲੀ ਨੂੰ ਰੋਕਣ ਦੇ ਯਤਨਾਂ ਲਈ ਇੰਜੀਨੀਅਰਿੰਗ ਵਿੱਚ ਆਨਰੇਰੀ ਡਾਕਟਰੇਟ ਨਾਲ ਸਨਮਾਨਿਤ ਕੀਤਾ।